ਜ਼ਿਲ੍ਹਾ ਸੰਗਰੂਰ ਦੇ ਮਨਰੇਗਾ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ ਜਾਰੀ

ਸੰਗਰੂਰ ਵਿਖੇ ਬੀਡੀਪੀਓ ਦਫ਼ਤਰ ਅੱਗੇ ਰੋਸ ਧਰਨਾ ਦਿੰਦੇ ਹੋਏ ਹੜਤਾਲੀ ਮਨਰੇਗਾ ਮੁਲਾਜ਼ਮ। -ਫੋਟੋ: ਲਾਲੀ।

ਨਿਜੀ ਪੱਤਰ ਪ੍ਰੇਰਕ
ਸੰਗਰੂਰ, 29 ਅਗਸਤ
ਮਨਰੇਗਾ ਸਕੀਮ ਤਹਿਤ ਕੰਮ ਕਰ ਰਹੇ ਜ਼ਿਲ੍ਹੇ ਭਰ ਦੇ ਸਮੂਹ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ ਲਗਾਤਾਰ ਜਾਰੀ ਹੈ। ਅੱਜ ਹੜਤਾਲ ਦੇ ਤੀਜੇ ਦਿਨ ਵੀ ਮੁਲਾਜ਼ਮਾਂ ਨੇ ਕੰਮਕਾਜ ਠੱਪ ਕਰ ਕੇ ਬਲਾਕ ਸੰਮਤੀ ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ।
ਮਨਰੇਗਾ ਕੰਟਰੈਕਟ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕਾਕੜਾ ਨੇ ਦਾਅਵਾ ਕੀਤਾ ਕਿ ਸਮੁੱਚੇ ਜ਼ਿਲ੍ਹੇ ਦੇ ਸਾਰੇ ਦਸ ਬਲਾਕਾਂ ਵਿਚ ਮਨਰੇਗਾ ਕਰਮਚਾਰੀਆਂ ਦੀ ਹੜਤਾਲ ਮੁਕੰਮਲ ਤੌਰ ’ਤੇ ਜਾਰੀ ਹੈ ਅਤੇ ਕੋਈ ਵੀ ਮਨਰੇਗਾ ਕਰਮਚਾਰੀ ਕੰਮ ਨਹੀਂ ਕਰ ਰਿਹਾ। ਇਥੇ ਬਲਾਕ ਦਫ਼ਤਰ ਅੱਗੇ ਰੋਸ ਧਰਨੇ ਦੌਰਾਨ ਬਲਾਕ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਮਨਰੇਗਾ ਸਟਾਫ਼ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਤਨਖਾਹਾਂ ਨਾਂਮਾਤਰ ਹੀ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿਚ ਤਨਖਾਹਾਂ ਵੱਧ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਜ਼ਿਲ੍ਹਾ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਂਦਾ ਜਾ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਕਰ ਕੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਸੁਣਵਾਈ ਨਾ ਹੋਣ ’ਤੇ ਉਨ੍ਹਾਂ ਨੂੰ ਕਲਮਛੋੜ ਹੜਤਾਲ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਗ੍ਰਾਮ ਰੁਜ਼ਗਾਰ ਸੇਵਕ ਸੁਖਦੇਵ ਸਿੰਘ, ਮਨਜੀਤ ਸਿੰਘ, ਮਿੱਠੂ ਸਿੰਘ, ਕੁਲਵਿੰਦਰ ਸਿੰਘ, ਕੰਪਿਊਟਰ ਸਹਾਇਕ ਮੰਜੂ ਰਾਣੀ, ਏਪੀਓ ਵਿੱਕੀ ਰਾਣਾ ਆਦਿ ਮੌਜੂਦ ਸਨ।
ਇਸ ਦੌਰਾਨ ਏਡੀਸੀ ਵਿਕਾਸ ਸੁਖਦੇਵ ਸਿੰਘ ਨੇ ਹੜਤਾਲੀ ਮਨਰੇਗਾ ਕਰਮਚਾਰੀਆਂ ਨਾਲ ਮੰਗਾਂ ਸਬੰਧੀ ਗੱਲਬਾਤ ਕੀਤੀ। ਹੜਤਾਲੀ ਕਰਮਚਾਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਲਿਖਤੀ ਰੂਪ ਵਿਚ ਮੰਨ ਕੇ ਤੁਰੰਤ ਲਾਗੂ ਕੀਤੀਆਂ ਜਾਣ।
ਮੂਨਕ (ਪੱਤਰ ਪ੍ਰੇਰਕ): ਮਨਰੇਗਾ ਕਰਮਚਾਰੀ ਯੂਨੀਅਨ, ਜ਼ਿਲ੍ਹਾ ਸੰਗਰੂਰ  ਦੇ ਸੱਦੇ ਉਤੇ ਮਨਰੇਗਾ ਮੁਲਾਜ਼ਮਾਂ ਵੱਲੋਂ ਬਲਾਕ ਅਨਦਾਣਾ ਦੇ ਦਫ਼ਤਰ ਵਿਖੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਖ਼ਿਲਾਫ਼ ਧਰਨਾ ਜਾਰੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਰਾਜਵੀਰ ਸਿੰਘ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਸੰਗਰੂਰ ਵਿਚ ਮਨਰੇਗਾ ਮੁਲਾਜ਼ਮਾਂ ਦਾ ਸ਼ੋਸ਼ਣ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਬਾਕੀ ਪੰਜਾਬ ਦੇ ਮੁਲਾਜ਼ਮਾ ਦੇ ਮੁਕਾਬਲੇ ਬਹੁਤ ਘੱਟ ਤਨਖ਼ਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਮੌਕੇ ਪਿੰਕੀ ਦੇਵੀ, ਸਤਵੀਰ ਸਿੰਘ, ਕਰਮਵੀਰ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ ਮੰਡਵੀ, ਸੰਦੀਪ ਕੁਮਾਰ ਅਤੇ ਰਿਸ਼ੀਪਾਲ ਏਪੀਓ ਵੀ ਹਾਜ਼ਰ ਸਨ।

Widgetized Section

Go to Admin » appearance » Widgets » and move a widget into Advertise Widget Zone