ਖ਼ਤਰਨਾਕ ਹਨ ਟਰੈਵਲ ਏਜੰਟਾਂ ਦੇ ਗ੍ਰੋਹ

ਗੁਰਮੀਤ ਪਲਾਹੀ ਲੇਖਕ

ਗੁਰਮੀਤ ਪਲਾਹੀ
ਲੇਖਕ

ਲੱਖਾਂ, ਕਰੋੜਾਂ, ਅਰਬਾਂ ਰੁਪਿਆਂ ਦੇ ਨਹੀਂ ਸਗੋਂ ਮਨੁੱਖਾਂ ਨੂੰ ਭਾਰਤ ਤੋਂ ਵਿਦੇਸ਼ ਭੇਜਣ ਦੇ  ਲੱਖਾਂ, ਕਰੋੜਾਂ, ਅਰਬਾਂ ਡਾਲਰਾਂ ਦੇ ਸੱਚੇ, ਝੂਠੇ, ਕਾਰੋਬਾਰ ਨੇ ਖਾਸ ਕਰਕੇ ਪੂਰੇ ਪੰਜਾਬ ਨੂੰ ਆਪਣੀ ਗ੍ਰਿਫ਼ਤ ਵਿਚ ਲਿਆ ਹੋਇਆ ਹੈ। ਅੱਜ ਤੋਂ ਹੀ ਨਹੀਂ, ਲਗਭਗ ਅੱਧੀ ਸਦੀ ਤੋਂ ਵੱਧ ਸਮੇਂ ਤੋਂ, ਵਿਦੇਸ਼ ਖ਼ਾਸ ਕਰਕੇ ਇੰਗਲੈਂਡ, ਕੈਨੇਡਾ, ਅਮਰੀਕਾ ਕਿਸੇ ਵੀ ਤਰਾਂ ਪੁੱਜ ਕੇ ਧਨ ਕਮਾਉਣ ਦੀ ਲਾਲਸਾ ਨੇ, ਪੰਜਾਬੀਆਂ ਨੂੰ ਹਰ ਹੀਲਾ ਹਰਬਾ ਵਰਤ ਕੇ ਇਨਾਂ ਔਝੜੇ ਰਾਹੀਂ ਤੋਰਿਆ ਹੋਇਆ ਹੈ। ਪੰਜਾਬ ਦੇ ਕੁਝ ਹਿੱਸਿਆਂ ਦੇ ਵਸ਼ਿੰਦਿਆਂ (ਖਾਸ ਕਰਕੇ ਦੁਆਬਾ ਖਿੱਤੇ ਦੇ ਵੱਡੀ ਗਿਣਤੀ ਲੋਕਾਂ ਨੇ ਤਾਂ) ਕਰਜ਼ੇ ਚੁੱਕ ਕੇ, ਆਪਣੀਆਂ ਜ਼ਮੀਨਾਂ-ਜਾਇਦਾਦਾਂ ਗਹਿਣੇ ਧਰ ਕੇ ਜਾਂ ਫਿਰ ਜ਼ਮੀਨਾਂ ਵੇਚ ਵੱਟ ਕੇ ਆਪ ਜਾਂ ਆਪਣੇ ਟੱਬਰ ਦੇ ਇਕ ਦੋ ਜੀਆਂ ਜਾਂ ਔਲਾਦ ਨੂੰ ਵਿਦੇਸ਼ ਭੇਜਣ ਲਈ ਵੀ ਹਿਚਕਚਾਹਟ ਨਹੀਂ ਦਿਖਾਈ! ਉਂਜ ਇਸ ਵਿਦੇਸ਼ ਭੇਜਣ ਦੇ ‘ਛੁਪਾ-ਛੁਪੀ’ ਦੇ ਖੇਲ ਵਿਚ ਕਈਆਂ ਦੇ ਘਰ ਵੀ ਲੁੱਟੇ ਗਏ, ਟਰੈਵਲ ਏਜੰਟਾਂ ਹੇਰਾ-ਫੇਰੀਆਂ ਵੀ ਕੀਤੀਆਂ, ਪੰਜਾਬੀ ਗ਼ਲਤ ਰਸਤਿਆਂ ‘ਤੇ ਜਾਂਦੇ ਜਾਂ ਭੇਜੇ ਜਾਂਦੇ ਸਮੁੰਦਰਾਂ ਦੀ ਭੇਂਟ ਵੀ ਚੜੇ ਜਾਂ ਵਿਦੇਸ਼ਾਂ, ਦੇਸ਼ਾਂ ਦੀਆਂ ਜੇਲਾਂ ‘ਚ ਰੁਲੇ ਖੁਲੇ ਵੀ, ਪਰ ਅੱਜ ਵੀ ਵਿਦੇਸ਼ ਜਾਣ, ਭੇਜਣ ਦਾ ਵਰਤਾਰਾ ਲਗਾਤਾਰ ਜਾਰੀ ਹੈ।
ਏਜੰਟਾਂ ਵੱਲੋਂ ਜਾਅਲੀ ਵੀਜ਼ੇ ਲਗਵਾ ਕੇ ਲੋਕਾਂ ਨੂੰ ਲੁੱਟਣਾ, ਪ੍ਰਵਾਸੀ ਲਾੜਿਆਂ ਵੱਲੋਂ ਪੰਜਾਬ ‘ਚ ਆ ਕੇ ਕੁੜੀਆਂ ਨਾਲ ਵਿਆਹ ਕਰਵਾਉਣੇ ਅਤੇ ਮੁੜ ਪਿੱਛੇ ਨਾ ਪਰਤਣਾ, ਰੀਸੋ ਰੀਸੀ ਪ੍ਰਵਾਸੀ ਲੜਕੀਆਂ ਵੱਲੋਂ ਵੀ ਪੰਜਾਬੀ ਮੁੰਡਿਆਂ ਨਾਲ ਪੰਜਾਬ ਆ ਕੇ ਪੈਸੇ ਦੀ ਖਾਤਰ ਵਿਆਹ ਕਰਵਾਉਣ ਅਤੇ ਮੁੜ ਉਨਾਂ ਪੱਲੇ ਕੁਝ ਨਾ ਪਾਉਣਾ, ਹੁਣ ਦੇ ਸਮੇਂ ਦਾ ਇਕ ਵੱਖਰੀ ਕਿਸਮ ਦਾ ਵਰਤਾਰਾ ਵੇਖਣ ਨੂੰ ਮਿਲ ਰਿਹਾ ਹੈ, ਜਦਕਿ ਦੋ ਤਿੰਨ ਕੁ ਦਹਾਕੇ ਪਹਿਲਾਂ ਜਦੋਂ ਬਾਹਰਲੇ ਮੁਲਕ ਦੀਆਂ ਸਰਕਾਰਾਂ ਪੰਜਾਬੀਆਂ ਦੇ ਹੇਰਾ-ਫੇਰੀ ਕਰਨ ਦੇ ਵਰਤਾਰੇ ਤੋਂ ਜਾਣੂੰ ਨਹੀਂ ਸਨ ਹੋਈਆਂ, ਉਦੋਂ ਤਾਂ ਵਿਦੇਸ਼ ਪੁੱਜਣ ਦੀ ਲਲਕ ਏਨੀ ਜ਼ਿਆਦਾ ਵੇਖਣ ਨੂੰ ਮਿਲੀ ਕਿ ਸਕੇ ਭਰਾ ਦਾ ਸਕੀ ਭੈਣ ਨਾਲ ਵਿਆਹ, ਭੂਆ ਦੇ ਪੁੱਤ ਦਾ ਮਾਮੇ ਦੀ ਧੀ ਨਾਲ ਵਿਆਹ ਅਤੇ ਬਾਹਰ ਜਾ ਕੇ ਤਲਾਕ ਵਗੈਰਾ, ਪੰਜਾਬੀ ਸੱਭਿਆਚਾਰ ਤੇ ਰੀਤੀ-ਰਿਵਾਜ਼ਾਂ ਦੇ ਉਲਟ ਵਰਤਾਰੇ ਨੇ ਤਾਂ ਜਿਵੇਂ ਹੱਦਾਂ ਬੰਨੇ ਹੀ ਟੱਪ ਦਿੱਤੇ ਸਨ। ਇੰਗਲੈਂਡ ਵਸਦੇ ਵੱਡੀ ਉਮਰ ਦੇ ਬਜ਼ੁਰਗਾਂ ਤੱਕ ਨੇ ਪੰਜਾਬ ਆ ਕੇ ਲੈਰੀ ਉਮਰ ਦੀਆਂ ਅੱਲੜ ਮੁਟਿਆਰਾਂ ਨਾਲ ਵਿਆਹ ਕਰਵਾਏ ਅਤੇ ਪੰਜਾਬ ‘ਚ ਰਹਿੰਦੇ ਲੜਕੀ ਦੇ ਮਾਪਿਆਂ ਨੇ ਆਪ ਇੰਗਲੈਂਡ ਲੰਘਣ ਦੀ ਖਾਤਰ ਧੀਆਂ ਦੀ ਬਲੀ ਤੱਕ ਦੇ ਦਿੱਤੀ, ਜਿਨਾਂ ਵਿਚਾਰੀਆਂ ਆਰਥਿਕ ਪੱਖੋਂ ਕਮਜ਼ੋਰ ਮਾਪਿਆਂ ਲਈ ਕੁਰਬਾਨੀ ਦਿੰਦਿਆਂ ਸੀਅ ਤੱਕ ਨਹੀਂ ਕੀਤੀ। ਅੱਜ ਸਮਾਂ ਬਦਲਿਆ ਹੈ, ਪਰ ਵਿਦੇਸ਼ ਪੁੱਜਣ ਦੀ ਪੰਜਾਬੀਆਂ ਦੀ ਲਲਕ ਘਟੀ ਨਹੀਂ ਸਗੋਂ ਹੋਰ ਪ੍ਰਚੰਡ ਹੋਈ ਹੈ। ਵਿਦੇਸ਼ ‘ਚ ਵਿਆਹ ਕਰਨ, ਕਰਾਉਣ ਦੇ ਵਿਵਹਾਰ ਨਾਲ ਵਿਦੇਸ਼ ਜਾਣਾ ਜਦੋਂ ਔਖਾ ਹੋ ਗਿਆ, ਜਦੋਂ ਕੈਨੇਡਾ, ਅਮਰੀਕਾ ਅੰਤਰਰਾਸ਼ਟਰੀ ਸਰਹੱਦਾਂ ਤੋਂ ਏਜੰਟਾਂ ਰਾਹੀਂ ਲੰਘਣਾ ਮੁਹਾਲ ਹੋ ਗਿਆ, ਜਦੋਂ ਖਿਡਾਰੀ, ਗਾਇਕ, ਕਲਚਰਲ, ਕਬੱਡੀ ਗਰੁੱਪ ਮੈਂਬਰ ਬਣਾ ਕੇ ਵੀਜ਼ਾ ਲੈ ਕੇ ਏਜੰਟਾਂ ਰਾਹੀਂ ਲੱਖਾਂ ਖਰਚ ਕੇ ਜਾਣਾ ਬਹੁਤ ਹੀ ਕਠਨ ਹੋ ਗਿਆ, ਉਦੋਂ ਏਜੰਟਾਂ ਨੇ ਨਵੀਆਂ ਕਾਢਾਂ ਕੱਢਦਿਆਂ ‘ਪੜਾਈ ਦੇ ਵੀਜ਼ੇ’ ਤੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਕਾਰੋਬਾਰ ਵੱਡੀ ਪੱਧਰ ਤੇ ਆਰੰਭ ਲਿਆ ਅਤੇ ਇਸ ਕਾਰੋਬਾਰ ‘ਚ ਏਜੰਟਾਂ ਅਤੇ ਸਟੱਡੀ ਵੀਜ਼ਾ ਦੁਆਉਣ ਵਾਲੀਆਂ ਕੰਪਨੀਆਂ ਨੇ ਬਥੇਰੇ ਹੱਥ ਰੰਗੇ। ਇਨਾਂ ਨੌਜਵਾਨਾਂ ਦਾ ਜਿਹੜੇ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਕੈਨੇਡਾ ਦਾ ਸਟੱਡੀ ਵੀਜ਼ਾ ਲੈ ਕੇ ਵਿਦੇਸ਼ਾਂ ‘ਚ ਗਏ, ਜਿਨਾਂ ਵਿਚੋਂ ੯੯% ਦਾ ਮੰਤਵ ਸਿਰਫ਼ ਤੇ ਸਿਰਫ਼ ਵਿਦੇਸ਼ ਜਾ ਕੇ ਕੋਈ ਨਾ ਕੋਈ ਢੰਗ ਅਪਨਾ ਕੇ ਉਥੇ ਟਿਕਣਾ ਹੀ ਸੀ, ਪੜਨਾ ਨਹੀਂ। ਇਹ ਨੌਜਵਾਨ ਅੰਗਰੇਜ਼ੀ ਦੀ ਪ੍ਰੀਖਿਆ ਆਈਲਿਟਸ ਆਦਿ ਪਾਸ ਕਰਦੇ, ਜਿਸ ਦੀ ਤਿਆਰੀ ਲਈ ਇਧਰਲੇ ਏਜੰਟਾਂ ਕੰਪਨੀਆਂ ਅਤੇ ਇਮਤਿਹਾਨ ਲੈਣ ਵਾਲੇ ਵਿਦੇਸ਼ੀ ਅਦਾਰਿਆਂ ਨੇ ਨੌਜਵਾਨਾਂ ਦੀ ਭਰਪੂਰ ਲੁੱਟ ਕੀਤੀ। ਇਥੇ ਹੀ ਬੱਸ ਨਹੀਂ, ਜਦੋਂ ਪੜੇ ਲਿਖੇ ਪੰਜਾਬੀ ਮੁੰਡਿਆਂ ਲਈ ਵੀਜ਼ਿਆਂ ਦੇ ਕੇਸਾਂ ਦੀ ਕਮੀ ਆਉਣ ਲੱਗੀ ਤਾਂ ਆਈਲਿਟਸ ਪਾਸ ਕੁੜੀਆਂ ਦੇ ਨਾਲ ਉਨਾਂ ਦੇ ਨਿਰਭਰ ਬਣਾ ਕੇ ਘੱਟ ਪੜੇ ਮੁੰਡੇ ਨੂੰ ਨਾਲ ਤੋਰਨ ਦੇ ਢੰਗ ਵਜੋਂ ਠੇਕੇ ਦੇ ਵਿਆਹ ਕਰਾਉਣ ਦੀ ਕਾਢ ਕੱਢੀ ਅਤੇ ਏਜੰਟਾਂ ਨੇ ਇਸ ਢੰਗ ਨਾਲ ਹੱਥ ਤਾਂ ਰੰਗੇ ਹੀ, ਕੁੜੀਆਂ ਨੇ ਵੀ ਮੁੰਡਿਆਂ ਤੋਂ ਆਪਣੀ ਪੜਾਈ ਦੀ ਫੀਸ ਦੇ ਨਾਲ-ਨਾਲ ਜਹਾਜ਼ ਦੀ ਟਿਕਟ ਦਾ ਖਰਚਾ ਵੀ ਵਸੂਲਣਾ ਆਰੰਭ ਕਰ ਲਿਆ। ਇਸ ਸਭ ਕੁਝ ਦੇ ਪਿੱਛੇ ਇਕੋ ਗੱਲ ਕੰਮ ਕਰਦੀ ਸੀ, ਇਸ ਦਾ ਇਕੋ ਮੰਤਵ ਸੀ ਜਾਂ ਹੈ ਕਿ ਕਿਸੇ ਨਾ ਕਿਸੇ ਤਰਾਂ ਵਿਦੇਸ਼ ਪਹੁੰਚਿਆ ਜਾਵੇ। ਵਿਦੇਸ਼ ਪੁੱਜਣ ਦੀ ਇਸ ਲਲਕ ਨੇ ਪੰਜਾਬੀ ਸਮਾਜ ਵਿਚ ਜਿਵੇਂ ਇਕ ਖਲਾਅ ਜਿਹਾ ਪੈਦਾ ਕਰ ਦਿੱਤਾ ਹੈ। ਕੁਝ ਅਖ਼ਬਾਰੀ ਖ਼ਬਰਾਂ ਵਿਦੇਸ਼ ਜਾਣ, ਭੇਜਣ ਅਤੇ ਠੱਗੀ ਦੇ ਇਸ ਵਰਤਾਰੇ ਨੂੰ ਇੰਨ ਬਿੰਨ ਪੇਸ਼ ਕਰਦੀਆਂ ਹਨ  
(੧) ਪੰਜਾਬ ਪੁਲਿਸ ਨੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅੇਤ ਨਿਊਜ਼ੀਲੈਂਡ ਸਮੇਤ ਹੋਰ ਕਈ ਦੇਸ਼ਾਂ ਦੇ ਜਾਅਲੀ ਵੀਜ਼ੇ ਲਗਾ ਕੇ ਮੋਟੀ ਰਕਮ ਵਸੂਲਣ ਦਾ ਅੰਤਰਾਜੀ ਗ੍ਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਨਾਂ ਕੋਲੋਂ ਪਾਸਪੋਰਟ, ਲੈਪਟੌਪ, ਪਿੰ੍ਰਟਰ, ਸਕੈਨਰ, ਰਬੜ ਦੀਆਂ ਜਾਅਲੀ ਮੋਹਰਾਂ ਬਰਾਮਦ ਕੀਤੀਆਂ ਹਨ। ਇਹ ਗ੍ਰੋਹ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਲਈ ਅਖ਼ਬਾਰਾਂ ‘ਚ ਵਿਗਿਆਨਕ ਦੇਂਦੇ ਸਨ ਅਤੇ ਗਲਤ ਰਿਹਾਇਸ਼ੀ ਸਬੂਤ ਦੇ ਕੇ ਉਨਾਂ ਨੂੰ ਠੱਗਦੇ ਸਨ। ਵੀਜ਼ਾ ਦੇਣ ਲਈ ਵਸੂਲੀ ਰਕਮ ੧੨ ਲੱਖ ਤੋਂ ੧੫ ਲੱਖ ਰੁਪਏ ਪ੍ਰਤੀ ਵਿਅਕਤੀ ਲਈ ਗਈ।
(੨) ਕੈਨੇਡਾ ਦੀ ਇਕ ਪ੍ਰਵਾਸ ਵਿਆਹੀ ਲੜਕੀ ਨੇ ਸਾਲ ੨੦੦੬ ਵਿਚ ਆਪਣੇ ਆਪ ਨੂੰ ਤਲਾਕਸ਼ੁਦਾ ਦੱਸ ਪੰਜਾਬ ‘ਚ ਰਹਿੰਦੇ ਇਕ ਲੜਕੇ ਨਾਲ ਵਿਆਹ ਕਰਵਾ ਲਿਆ ਅਤੇ ੩੫ ਲੱਖ ਰੁਪਏ ਕੈਨੇਡਾ ਲੰਘਾਉਣ ਲਈ ਲੈ ਲਏ ਪਰ ਲੜਕਾ ਹੁਣ ਤੱਕ ਵੀ ਪੰਜਾਬ ਬੈਠਾ ਹੈ।
(੩) ਆਸਟ੍ਰੇਲੀਆ ਇਮੀਗਰੇਸ਼ਨ ਵਿਭਾਗ ‘ਚ ਕੰਮ ਕਰ ਰਹੀ ਭਾਰਤੀ ਮਹਿਲਾ ਅਤੇ ਉਸਦਾ ਭਾਰਤੀ ਪਤੀ ਜਾਅਲੀ ਵੀਜ਼ਾ ਲਗਾਉਣ ਦਾ ਧੰਦਾ ਚਲਾਉਂਦੇ ਸਨ, ਉਹ ੧੦ ਲੱਖ ਡਾਲਰ ਦੀ ਠੱਗੀ ਮਾਰ ਕੇ ਆਸਟ੍ਰੇਲੀਆ ਤੋਂ ਭਾਰਤ ਫਰਾਰ ਹੋ ਗਏ ਹਨ।
(੪) ਫਰਜ਼ੀ ਦਸਤਾਵੇਜ਼ਾਂ ਦੇ ਅਧਾਰ ਤੇ ਪਾਸਪੋਰਟ ਜਾਰੀ ਕਰਵਾ ਕੇ ਵਿਦੇਸ਼ ਗਏ ਮੋਗਾ ਜ਼ਿਲੇ ਦੇ ੫੮ ਔਰਤਾਂ ਸਮੇਤ ੩੩੦ ਪ੍ਰਵਾਸੀ ਪੰਜਾਬੀ ਇਸ ਡਰੋਂ ਪੰਜਾਬ ਨਹੀਂ ਪਰਤ ਰਹੇ ਕਿਉਂਕਿ ਉਨਾਂ ਵਿਰੁੱਧ ਪੰਜਾਬ ‘ਚ ਜਾਅਲਸਾਜ਼ੀ ਦੇ ਕੇਸ ਦਰਜ ਹੋ ਚੁੱਕੇ ਹਨ। ਮੋਗਾ ‘ਚ ਵਾਪਰੇ ਇਸ ਘੋਟਾਲੇ ‘ਚ ਜੈਮਲਵਾਲਾ ਦੇ ਇਕ ਮ੍ਰਿਤਕ ਦੇ ਨਾਮ ਤੇ ਬਠਿੰਡਾ ਵਿਚ ਵੱਡੀ ਪੱਧਰ ‘ਤੇ ਕੰਮ ਕਰਦੇ ਡਰੱਗ ਮਾਫੀਏ ਦੇ ਕਈ ਮੈਂਬਰ ਪਾਸਪੋਰਟ ਬਣਾਉਣ ‘ਚ ਕਾਮਯਾਬ ਹੋ ਗਏ ਸਨ। ਇਸ ਮਾਮਲੇ ‘ਚ ੧੫ ਔਰਤਾਂ ਸਮੇਤ ੭੦ ਲੋਕਾਂ ਨੂੰ ਚੰਡੀਗੜ ਦੀਆਂ ੧੪ ਟ੍ਰੇਵਲ ਏਜੰਸੀਆਂ ਦੇ ਸੰਚਾਲਕਾਂ ੬ ਏਜੰਟਾਂ ਸਮੇਤ ੯੭ ਲੋਕ ਗ੍ਰਿਫ਼ਤਾਰ ਕਰ ਲਏ ਗਏ ਸਨ।
(੫) ਪ੍ਰਵਾਸੀ ਨੌਜਵਾਨਾਂ ਦੇ ਮੁਕਾਬਲੇ ਹੁਣ ਨੌਜਵਾਨ ਪ੍ਰਵਾਸੀ ਕੁੜੀਆਂ ਵੀ ਸ਼ਾਦੀ ਦੇ ਬਹਾਨੇ ਪੰਜਾਬੀ ਨੌਜਵਾਨਾਂ ਨੂੰ ਡਾਲਰਾਂ ਦੀ ਸਬਜ਼ਬਾਗ ਦਿਖਾ ਕੇ ਲੁੱਟਣ ਲੱਗੀਆਂ ਹਨ। ਜਿਥੇ ਪ੍ਰਵਾਸੀ ਲਾੜਿਆਂ ਵਿਰੁੱਧ ਧੋਖਾਧੜੀ ਦੇ ੧੮੦ ਮਾਮਲੇ ਸਾਲ ੨੦੧੪ ਜੁਲਾਈ ਤੱਕ ਦਰਜ ਹੋਏ ਹਨ ਉਥੇ ੪੦ ਨੌਜਵਾਨ ਪ੍ਰਵਾਸੀ ਕੁੜੀਆਂ ਤੇ ਵੀ ਮੁੰਡਿਆਂ ਨੂੰ ਠੱਗਣ ਦੇ ਮਾਮਲੇ ਦਰਜ ਹੋਏ ਹਨ। ਪ੍ਰਵਾਸ ਨਾਲ ਸੰਬੰਧਤ ਕਾਰੋਬਾਰ ਚਲਾਉਣ ਵਾਲੇ ਵੱਡੀ ਗਿਣਤੀ ਏਜੰਟ, ਡਰੱਗ ਮਾਫੀਏ ਵਾਂਗਰ ਗ੍ਰੋਹਾਂ ਦਾ ਰੂਪ ਧਾਰਨ ਕਰ ਚੁੱਕੇ ਹਨ, ਜਿਨਾਂ ਨੂੰ ਜਦੋਂ ਵਿਦੇਸ਼ਾਂ ਤੋਂ ਠੱਗੀਆਂ ਠੋਰੀਆਂ ਕਾਰਨ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ, ਤਾਂ ਉਹ ਦੇਸ਼ ਆ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਹਜ਼ਾਰਾਂ ਟ੍ਰੈਵਲ ਏਜੰਸੀਆਂ ਪਿਛਲੇ ਸਮੇਂ ‘ਚ ਬਿਨਾਂ ਰਜਿਸਟ੍ਰੇਸ਼ਨ ਕੰਮ ਕਰਦੀਆਂ ਰਹੀਆਂ ਅਤੇ ਲਾੜੇ ਲਾੜੀਆਂ ਦੇ ਵਪਾਰਕ ਸੌਦੇ ਵਿਚ ਮੂੰਹ ਮੰਗੀਆਂ ਰਕਮਾਂ ਲੈ ਕੇ ਕਈ ਹਾਲਤਾਂ ‘ਚ ਵਿਚੋਲਿਆਂ ਵਜੋਂ ਕੰਮ ਕਰਦੀਆਂ ਰਹੀਆਂ ਜਾਂ ਸੈਰ ਕਰਾਉਣ, ਵਰਕ ਪਰਮਿਟ ਦੁਆਉਣ ਜਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂ.ਕੇ. ਦਾ ਵੀਜ਼ਾ ਦੁਆਉਣ ਦੇ ਨਾਮ ਉਤੇ ਜਾਅਲੀ ਬੈਂਕ ਸਟੇਟਮੈਂਟਾਂ ਜਾਂ ਜਾਅਲੀ ਕਾਗਜ਼ਾਤ ਤਿਆਰ ਕਰਵਾ ਕੇ ਨੌਜਵਾਨਾਂ ਨੂੰ ਉਨਾਂ ਰਾਹਵਾਂ ‘ਤੇ ਤੋਰਦੀਆਂ ਰਹੀਆਂ, ਜਿਥੇ ਸਿਰਫ ਤੇ ਸਿਰਫ ਕਠਿਨਾਈਆਂ ਭਰਿਆ ਔਖਾ ਜੀਵਨ ਹੀ ਉਨਾਂ ਦੇ ਅੱਗੇ ਸੀ। ਲਗਭਗ ੪ ਜਾਂ ੫ ਸਾਲ ਪਹਿਲਾਂ ਵੱਡੀ ਪੱਧਰ ‘ਤੇ ਯੂ.ਕੇ. ਲਈ ਜਾਰੀ ਹੋਏ ਵਿਦਿਆਰਥੀ ਵੀਜ਼ੇ ਅਤੇ ਉਥੇ ਪੁੱਜ ਕੇ ਉਨਾਂ ਦੀ ਜੋ ਹਾਲਤ ਹੋਈ, ਉਹ ਇਤਨੀ ਦਰਦਨਾਕ ਅਤੇ ਸ਼ਰਮਨਾਕ ਸੀ ਕਿ ਸ਼ਬਦਾਂ ‘ਚ ਬਿਆਨ ਵੀ ਨਹੀਂ ਕੀਤੀ ਜਾ ਸਕਦੀ। ਇਕੋ ਕਮਰੇ ‘ਚ ਦਰਜਨਾਂ ਮੁੰਡਿਆਂ ਕੁੜੀਆਂ ਦਾ ਵਾਸਾ, ਪੁਲਾਂ, ਰੇਲਵੇ ਬਰਿੱਜਾਂ, ਪਾਈਪਾਂ ‘ਚ ਰਿਹਾਇਸ਼ ਰੱਖਣ ਲਈ ਮਜ਼ਬੂਰ ਨੌਜਵਾਨ ਮੁੰਡੇ ਅਤੇ ਕਈ ਹਾਲਤਾਂ ‘ਚ ਯੂ.ਕੇ. ‘ਚ ਲੜਕੀਆਂ ਦੇ ਜਿਨਸੀ ਸੋਸ਼ਨ ਦੀਆਂ ਖ਼ਬਰਾਂ ਨੇ ਯੂ.ਕੇ. ਦੇ ਪੰਜਾਬੀ ਭਾਈਚਾਰੇ ਨੂੰ ਜਿਵੇਂ ਹਿਲਾ ਕੇ ਰੱਖ ਦਿੱਤਾ।
ਕੀ ਨੌਜਵਾਨਾਂ ਮੁੰਡੇ ਕੁੜੀਆਂ ਦੇ ਇਸ ਕਿਸਮ ਦੀ ਮੰਦੀ ਹਾਲਤ ਦੀ ਜ਼ੁੰਮੇਵਾਰੀ ਕੈਨੇਡਾ, ਆਸਟ੍ਰੇਲੀਆ, ਯੂ.ਕੇ. ਆਦਿ ਦੇਸ਼ਾਂ ‘ਚ ਖੁਲੇ ਜਾਅਲੀ, ਪ੍ਰਾਈਵੇਟ ਕਾਲਜਾਂ ਦੀ ਨਹੀਂ ਹੈ, ਜਿਨਾਂ ਵੱਲੋਂ ਵਿਦਿਆਰਥੀਆਂ ਤੋਂ ਵੱਡੀਆਂ ਫੀਸਾਂ ਲੈ ਕੇ ਦਾਖਲਾ ਦੇ ਦਿੱਤਾ ਜਾਂਦਾ ਹੈ ਅਤੇ ਸਰਕਾਰਾਂ ਦੀ ਨਹੀਂ ਹੈ ਜਿਸ ਵੱਲੋਂ ਅੰਨੇਵਾਹ ਪੜਾਈ ਦੇ ਵੀਜ਼ੇ ਮੁਹੱਈਆ ਕਰ ਦਿੱਤੇ ਜਾਂਦੇ ਹਨ ਪਰ ਅੱਗੇ ਇਹੋ ਜਿਹੇ ਕਾਲਜਾਂ ਦੇ ਨਾਮ ਉੱਤੇ ਸਿਰਫ਼ ਇਕ ਦੋ ਕਮਰੇ ਹੀ ਦਿਖਦੇ ਹਨ? ਕੀ ਇੰਞ ਉਥੋਂ ਦੀਆਂ ਸਰਕਾਰਾਂ ਇਸ ਠੱਗੀ ‘ਚ ਸ਼ਾਮਲ ਨਹੀਂ? ਉਂਜ ਕਸੂਰ ਕੀ ਪੰਜਾਬ ਜਾਂ ਭਾਰਤ ਦੀਆਂ ਅਖ਼ਬਾਰਾਂ ਦਾ ਵੀ ਨਹੀਂ ਹੈ ਜੋ ਅਨਰਜਿਸਟਰਡ ਟਰੇਵਲ ਏਜੰਸੀਆਂ ਜਾਂ ਏਜੰਟਾਂ ਦੇ ਇਸ਼ਤਿਹਾਰ ਆਪਣੀ ਅਖ਼ਾਬਰਾਂ ‘ਚ ਛਾਪ ਕੇ ਧੰਨ ਕਮਾਉਣ ਨੂੰ ਹੀ ਤਰਜੀਹ ਦਿੰਦੀਆਂ ਹਨ ਬਿਲਕੁਲ ਉਨਾਂ ਇਸ਼ਤਿਹਾਰਾਂ ਵਾਂਗਰ ਜੋ ਨੀਮ ਹਕੀਮਾਂ ਵੱਲੋਂ ‘ਤਾਕਤ ਦੇ ਬਾਦਸ਼ਾਹ’ ਜਾਂ ਇਹੋ ਜਿਹੇ ਸਨਸਨੀਖੇਜ਼ ਅਨੁਵਾਨਾਂ ਤਹਿਤ ਕਮਜ਼ੋਰ ਲੋਕਾਂ ਨੂੰ ਜਿਨਸੀ ਤਾਕਤ ਦੇਣ ਲਈ ਛਾਪੇ ਜਾਂਦੇ ਹਨ ਅਤੇ ਜਿਨਾਂ ਤੋਂ ਲੱਖਾਂ ਰੁਪਏ ਬਟੋਰੇ ਜਾਂਦੇ ਹਨ?
ਨੌਜਵਾਨਾਂ ਜਾਂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕਾਰੋਬਾਰ ਨਿੱਤ ਵਧਦਾ ਜਾਂਦਾ ਹੈ। ਵਿਦੇਸ਼ੀ ਸਰਕਾਰਾਂ ਵੱਲੋਂ ਜਦੋਂ ਇਕ ਰਾਹ ਵਿਦੇਸ਼ ਭੇਜਣ ਦਾ ਬੰਦ ਕੀਤਾ ਜਾਂਦਾ ਹੈ, ਚਾਲਬਾਜ ਏਜੰਟ ਇਸਦਾ ਤੋੜ ਲੱਭ ਕੇ ਨਵਾਂ ਰਾਹ ਖੋਲ ਲੈਂਦੇ ਹਨ, ਉਨਾਂ ਦੇਸ਼ਾਂ ਦੇ ਵਕੀਲਾਂ ਜਾਂ ਉਥੋਂ ਦੇ ਚੁਸਤ ਚਲਾਕ ਏਜੰਟਾਂ ਨਾਲ ਮਿਲ ਕੇ! ਪਰ ਇਸ ਸਭ ਕੁਝ ਵਿਚ ਲੁੱਟ ਦਾ ਸ਼ਿਕਾਰ ਵਿਦੇਸ਼ ਜਾਣ ਵਾਲੇ ਭੋਲੇ-ਭਾਲੇ ਪੰਜਾਬ ਦੇ ਬੇਬੱਸ ਲੋਕ ਹੋ ਰਹੇ ਹਨ, ਜਿਹੜੇ ਹੁਣ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਪੰਜਾਬ ਦੇ ਹਾਕਮਾਂ ਪੰਜਾਬ ਨੂੰ ਬੇਰੁਜ਼ਗਾਰੀ, ਨਸ਼ੇਖੋਰੀ, ਲੁੱਟ-ਖਸੁੱਟ, ਧੱਕੇ ਧੌਂਸ, ਭੁੱਖਮਰੀ, ਗਰੀਬੀ ਨਾਲ ਤੋੜ ਭੰਨ ਕੇ ਰਹਿਣ ਲਾਇਕ ਨਹੀਂ ਛੱਡਿਆ।

Widgetized Section

Go to Admin » appearance » Widgets » and move a widget into Advertise Widget Zone