Last UPDATE: August 22, 2014 at 2:54 am

ਹੋਟਲਾਂ ਤੇ ਸਰਾਵਾਂ ਦੇ ਪ੍ਰਬੰਧਕਾਂ ਦੀ ਹਾਈ ਕੋਰਟ ’ਤੇ ਟੇਕ

ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਗਲਿਆਰੇ ਦੀ ਉਚਾਈ ਤੋਂ ਲਈ ਤਸਵੀਰ, ਜਿਸ ਵਿੱਚ ਆਲੇ-ਦੁਆਲੇ ਨਾਜਾਇਜ਼ ਹੋਟਲ ਤੇ ਸਰਾਵਾਂ ਉਸਰੀਆਂ ਦਿਖਾਈ ਦੇ ਰਹੀਆਂ ਹਨ।

ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਗਲਿਆਰੇ ਦੀ ਉਚਾਈ ਤੋਂ ਲਈ ਤਸਵੀਰ, ਜਿਸ ਵਿੱਚ ਆਲੇ-ਦੁਆਲੇ ਨਾਜਾਇਜ਼ ਹੋਟਲ ਤੇ ਸਰਾਵਾਂ ਉਸਰੀਆਂ ਦਿਖਾਈ ਦੇ ਰਹੀਆਂ ਹਨ।

ਅੰਮ੍ਰਿਤਸਰ, 21 ਅਗਸਤ : ਹੋਟਲਾਂ ਅਤੇ ਸਰਾਵਾਂ ਨੂੰ ਸੀਲ ਕਰਨ ਦੇ ਫੈਸਲੇ ਖ਼ਿਲਾਫ਼ ਰੋਸ ਪ੍ਰਗਟਾ ਰਹੇ ਹੋਟਲ ਮਾਲਕਾਂ ਨੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਭਲਕੇ 22 ਅਗਸਤ ਨੂੰ ਹੋਣ ਵਾਲੀ ਸੁਣਵਾਈ ’ਤੇ ਟੇਕ ਲਾਈ ਹੋਈ ਹੈ। ਇਸ ਦੌਰਾਨ ਉਨ੍ਹਾਂ ਆਪਣੇ ਹੋਟਲਾਂ ਵਿੱਚ ਸੈਲਾਨੀਆਂ ਨੂੰ ਕਮਰੇ ਦੇਣੇ ਸ਼ੁਰੂ ਕਰ ਦਿੱਤੇ ਹਨ।

ਅਦਾਲਤ ਦੇ ਆਦੇਸ਼ਾਂ ’ਤੇ ਬਣੀ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਮਗਰੋਂ ਆਪਣੀ ਰਿਪੋਰਟ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 21 ਹੋਟਲਾਂ ਅਤੇ ਸਰਾਵਾਂ ਨੂੰ ਨਾਜਾਇਜ਼ ਠਹਿਰਾਇਆ ਸੀ। ਟੀਮ ਨੇ ਇਨ੍ਹਾਂ ਹੋਟਲਾਂ ਅਤੇ ਸਰਾਵਾਂ ਖ਼ਿਲਾਫ਼ ਤੁਰੰਤ ਕਾਰਵਾਈ ਲਈ ਨਗਰ ਨਿਗਮ ਨੂੰ ਹਦਾਇਤ ਕੀਤੀ ਸੀ। ਇਸ ’ਤੇ ਨਿਗਮ ਨੇ ਕੱਲ੍ਹ ਇਨ੍ਹਾਂ ਹੋਟਲਾਂ ਅਤੇ ਸਰਾਵਾਂ ਦੀਆਂ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਸੀ ਪਰ ਲੋਕਾਂ ਦੇ ਵਿਰੋਧ ਕਾਰਨ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਨ ਦੀ ਸੰਭਾਵਨਾ ਬਣ ਗਈ ਸੀ, ਜਿਸ ਕਾਰਨ ਨਿਗਮ ਨੇ ਇਹ ਕਾਰਵਾਈ ਅਗਾਂਹ ਪਾ ਦਿੱਤੀ।
ਇਸ ਬਾਰੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਆਖਿਆ ਜੇ ਅਦਾਲਤ ਨੇ 22 ਅਗਸਤ ਨੂੰ ਸੁਣਵਾਈ ਦੌਰਾਨ ਨਿਗਮ ਦੇ ਹਾਊਸ ਵੱਲੋਂ ਪਾਸ ਕੀਤੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਤਾਂ ਸਾਰੇ ਵਿਵਾਦਤ ਹੋਟਲ ਕਾਨੂੰਨ ਦੇ ਘੇਰੇ ਵਿੱਚ ਆ ਸਕਦੇ ਹਨ ਅਤੇ ਅਦਾਲਤ ਦੇ ਇਸ ਫੈਸਲੇ ਨਾਲ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਆਪਣੇ ਆਪ ਰੱਦ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਹੋਟਲ ਮਾਲਕਾਂ ਦੀ ਹੁਣ ਵੱਡੀ ਟੇਕ ਅਦਾਲਤ ’ਤੇ ਹੈ।
ਇਸ ਬਾਰੇ ਨਗਰ ਨਿਗਮ ਵੱਲੋਂ ਤਿਆਰ ਕੀਤੀ ਇਕ ਰਿਪੋਰਟ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਭੇਜ ਦਿੱਤੀ ਗਈ ਹੈ, ਜੋ ਇਹ ਰਿਪੋਰਟ ਅਦਾਲਤ ਅੱਗੇ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਸੀ ਕਿ ਵਿਵਾਦਤ ਹੋਟਲਾਂ ਦੀਆਂ ਇਮਾਰਤਾਂ ਨੂੰ ਕਾਨੂੰਨ ਦੇ ਘੇਰੇ ਹੇਠ ਲਿਆਉਣ ਲਈ ਇਨ੍ਹਾਂ ਇਮਾਰਤਾਂ ਨੂੰ ਨਿਗਮ ਦੇ ਇਮਾਰਤੀ ਕਾਨੂੰਨ ਐਕਟ 1976 ਹੇਠ ਮੰਨਿਆ ਜਾਵੇ ਕਿਉਂਕਿ ਇਨ੍ਹਾਂ ਵਿੱਚੋਂ ਵਧੇਰੇ ਇਮਾਰਤਾਂ ਪੁਰਾਣੀਆਂ ਹਨ ਅਤੇ ਉਸ ਵੇਲੇ ਪੁਰਾਣਾ ਇਮਾਰਤੀ ਕਾਨੂੰਨ ਲਾਗੂ ਸੀ। ਇਸ ਐਕਟ ਹੇਠ ਇਨ੍ਹਾਂ ਵਿਵਾਦਤ ਹੋਟਲਾਂ ਦੀਆਂ ਇਮਾਰਤਾਂ ਨੂੰ ਬਣਦਾ ਜੁਰਮਾਨਾ ਲਾ ਕੇ ਕਾਨੂੰਨ ਦੇ ਘੇਰੇ ਹੇਠ ਲਿਆਂਦਾ ਜਾ ਸਕੇਗਾ। ਇਸ ਦੌਰਾਨ ਵਿਸ਼ੇਸ਼ ਜਾਂਚ ਟੀਮ ਵੱਲੋਂ ਵੀ ਆਪਣੀ ਰਿਪੋਰਟ ਅਦਾਲਤ ਕੋਲ ਪੇਸ਼ ਕੀਤੀ ਜਾਵੇਗੀ। ਹੋਟਲ ਮਾਲਕ ਐਸੋਸੀਏਸ਼ਨ ਦੇ ਸਰਪ੍ਰਸਤ ਜੇ.ਐਸ. ਵਧਵਾ ਨੇ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਅਪੀਲ ਕੀਤੀ ਹੈ ਕਿ ਉਹ ਹੋਟਲਾਂ ਤੇ ਸਰਾਵਾਂ ਦੀਆਂ ਇਮਾਰਤਾਂ ਖ਼ਿਲਾਫ਼ ਕਾਰਵਾਈ ਕਰਨ ਦੇ ਫੈਸਲੇ ਨੂੰ ਤਿਆਗ ਦੇਣ ਕਿਉਂਕਿ ਇਸ ਨਾਲ ਕਈ ਲੋਕ ਮੁੜ ਬੇਰੁਜ਼ਗਾਰ ਹੋ ਜਾਣਗੇ।

Widgetized Section

Go to Admin » appearance » Widgets » and move a widget into Advertise Widget Zone