Last UPDATE: August 23, 2014 at 10:25 pm

ਹਵਾਈ ਫਾਇਰਿੰਗ ਜੱਸੀ ਦੇ ਗੰਨਮੈਨ ਨੇ ਕੀਤੀ

harminder jasiਬਠਿੰਡਾ  : ਜ਼ਿਲ੍ਹਾ ਪੁਲੀਸ ਬਠਿੰਡਾ ਨੇ ਤਲਵੰਡੀ ਸਾਬੋ ਉਪ ਚੋਣ ਦੌਰਾਨ ਰਾਮਾ ਮੰਡੀ ਵਿੱਚ ਹੋਈ ਹਵਾਈ ਫਾਇਰਿੰਗ ਦੀ ਜਾਂਚ ਐਸ.ਪੀ (ਇਨਵੈਸਟੀਗੇਸ਼ਨ) ਨੂੰ ਸੌਂਪ ਦਿੱਤੀ ਹੈ। ਮੁੱਢਲੀ ਪੜਤਾਲ ਵਿੱਚ ਪੁਲੀਸ ਨੇ ਹਵਾਈ ਫਾਇਰਿੰਗ ਲਈ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਸੁਰੱਖਿਆ ਗਾਰਡਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਐਸ.ਐਸ.ਪੀ ਬਠਿੰਡਾ ਵੱਲੋਂ ਰਾਮਾ ਮੰਡੀ ਵਿੱਚ ਹੋਈ ਫਾਇਰਿੰਗ ਦੀ ਮੁਢਲੀ ਰਿਪੋਰਟ ਲਈ ਗਈ ਹੈ। ਡੀ.ਐਸ.ਪੀ ਤਲਵੰਡੀ ਸਾਬੋ ਨੇ ਜੋ ਮੁਢਲੀ ਪੜਤਾਲ ਰਿਪੋਰਟ ਭੇਜੀ ਹੈ,ਵਿੱਚ ਸਪੱਸ਼ਟ ਆਖਿਆ ਗਿਆ ਹੈ ਕਿ ਹਵਾਈ ਫਾਇਰਿੰਗ ਕਾਂਗਰਸੀ ਉਮੀਦਵਾਰ ਦੇ ਸੁਰੱਖਿਆ ਗਾਰਡ ਵੱਲੋਂ ਕੀਤੀ ਗਈ ਹੈ।

ਮੁਢਲੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਰਾਮਾ ਮੰਡੀ ਦੀ ਮਾਰਕੀਟ ਕਮੇਟੀ ਦੇ ਰੈਸਟ ਹਾਊਸ ਜਿੱਥੇ ਕਿ ਪੋਲਿੰਗ ਸਟੇਸ਼ਨ ਬਣਾਇਆ ਗਿਆ ਸੀ, ਦੇ ਬਾਹਰ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਅਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਆਹਮੋ ਸਾਹਮਣੇ ਹੋ ਗਏ ਸਨ। ਮੌਕੇ ਉੱਤੇ ਹਾਲਾਤ ਏਦਾਂ ਦੇ ਬਣ ਗਏ ਕਿ ਦੋਵਾਂ ਗਰੁੱਪਾਂ ਵਿੱਚ ਝੜਪ ਹੋ ਗਈ। ਉਸ ਮੌਕੇ ਹੀ ਹਰਮਿੰਦਰ ਜੱਸੀ ਦੇ ਸੁਰੱਖਿਆ ਗਾਰਡ ਨੇ ਕੱੁਝ ਹਵਾਈ ਫਾਇਰ ਕੀਤੇ। ਪੁਲੀਸ ਨੇ ਮੌਕੇ ਉੱਤੇ ਪੁੱਜ ਕੇ ਸਥਿਤੀ ਨੂੰ ਕੰਟਰੋਲ ਕਰ ਲਿਆ।। ਪੁਲੀਸ ਦੀ ਪੜਤਾਲ ਰਿਪੋਰਟ ਅਨੁਸਾਰ ਪੁਲੀਸ ਨੇ ਰਾਮਾਂ ਮੰਡੀ ਪੁਲੀਸ ਥਾਣੇ ਵਿੱਚ 21 ਅਗਸਤ ਦੀ ਸ਼ਾਮ 7.30 ਵਜੇ ਡੀ.ਡੀ.ਆਰ. ਪਾ ਦਿੱਤੀ ਹੈ। ਇਹ ਵੀ ਲਿਖਿਆ ਹੈ ਕਿ ਇਸ ਝੜਪ ਕਾਰਨ ਪੋਲਿੰਗ ਪ੍ਰਭਾਵਿਤ ਨਹੀਂ ਹੋਈ ਹੈ।
ਜ਼ਿਲ੍ਹਾ ਪੁਲੀਸ ਕਪਤਾਨ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਐਸ.ਪੀ (ਇਨਵੈਸਟੀਗੇਸ਼ਨ) ਨੂੰ ਹਦਾਇਤ ਕੀਤੀ ਹੈ ਅਤੇ ਆਖਿਆ ਕਿ ਇਸ ਮਾਮਲੇ ਵਿੱਚ ਕਾਨੂੰਨੀ ਜਿੰਮੇਵਾਰੀ ਨਿਸ਼ਚਿਤ ਕੀਤੀ ਜਾਵੇ। ਜਾਣਕਾਰੀ ਅਨੁਸਾਰ ਜ਼ਿਲ੍ਹਾ ਚੋਣ ਅਫਸਰ ਨੇ ਹੁਣ ਐਸ.ਐਸ.ਪੀ ਤੋਂ ਰਾਮਾ ਮੰਡੀ ਵਿਚ ਹਥਿਆਰਾਂ ਸਮੇਤ ਘੁੰਮ ਰਹੇ ਅਣਪਛਾਤੇ ਵਿਅਕਤੀ ਬਾਰੇ  ਰਿਪੋਰਟ ਵੀ ਮੰਗ ਲਈ ਹੈ। ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਛਪੀ ਫ਼ੋਟੋ ਦੇ ਹਵਾਲੇ ਨਾਲ ਇਹ ਰਿਪੋਰਟ ਮੰਗੀ ਗਈ ਹੈ। ਜ਼ਿਲ੍ਹਾ ਪੁਲੀਸ ਅੱਜ ਪੂਰੇ ਦਿਨ ਵਿੱਚ ਇਸ ਮਾਮਲੇ ਉੱਤੇ ਆਪਣੀ ਰਿਪੋਰਟ ਜ਼ਿਲ੍ਹਾ ਚੋਣ ਅਫਸਰ ਨੂੰ ਨਹੀਂ ਭੇਜ ਸਕੀ।

 

Widgetized Section

Go to Admin » appearance » Widgets » and move a widget into Advertise Widget Zone