Last UPDATE: August 22, 2014 at 7:50 pm

ਹਮਲਾਵਰਾਂ ਨੂੰ ਗ੍ਰਿਫ਼ਤਾਰ ਨਾ ਕਰਨ ‘ਤੇ ਪੁਲੀਸ ਖ਼ਿਲਾਫ਼ ਧਰਨਾ

ਆਈਟੀਆਈ ਨਾਭਾ ਦੇ ਸਿਖਿਆਰਥੀ ਤੇ ਸਟਾਫ਼ ਮੈਂਬਰ ਹਮਲਾਵਰਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਚੱਕਾ ਜਾਮ ਕਰਦੇ ਹੋਏ। -ਫੋਟੋ:ਨੌਹਰਾ

ਪੱਤਰ ਪ੍ਰੇਰਕ
ਨਾਭਾ, 22 ਅਗਸਤ
ਇਥੋਂ ਦੀ ਆਈਟੀਆਈ ਦੇ ਪ੍ਰਿੰਸੀਪਲ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਹਮਲੇ ਸਬੰਧੀ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਾ ਹੋਣ ਕਾਰਨ ਸੰਸਥਾ ਦੇ ਸਿਖਿਆਰਥੀਆਂ ਤੇ ਸਟਾਫ ਵੱਲੋਂ ਅੱਜ ਨਾਭਾ-ਸੰਗਰੂਰ ਰੋਡ ‘ਤੇ ਧਰਨਾ ਦਿੱਤਾ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਕਾਰਨ ਨਾਭਾ, ਭਵਾਨੀਗੜ੍ਹ, ਸੰਗਰੂਰ, ਛੀਟਾਂਵਾਲਾ, ਧੂਰੀ ਸਮੇਤ ਹੋਰ ਸ਼ਹਿਰਾਂ ਦੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨੀ ਨਾਭਾ ਦੀ ਸਰਕਾਰੀ ਆਈਟੀਆਈ ਦੇ ਪ੍ਰਿੰਸੀਪਲ ਪ੍ਰਦੁਮਣ ਸਿੰਘ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ।
ਇਸ ਸਬੰਧੀ ਨਾਭਾ ਪੁਲੀਸ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਸੀ ਪਰ ਕਾਫੀ ਦਿਨ ਬੀਤ ਜਾਣ ‘ਤੇ ਵੀ ਹਮਲਾ ਕਰਨ ਵਾਲੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਰੋਸ ਵਜੋਂ ਆਈਟੀਆਈ ਸੰਸਥਾ ਦੇ ਸਿਖਿਆਰਥੀਆਂ ਤੇ ਸਟਾਫ ਵੱਲੋਂ ਸਾਂਝੇ ਰੂਪ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਧਰਨਾ ਦੇ ਕੇ ਜਾਮ ਲਾਇਆ ਗਿਆ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਤਹਿਸੀਲਦਾਰ ਜੀਵਨ ਗਰਗ ਤੇ ਕੋਤਵਾਲੀ ਦੇ ਇੰਚਾਰਜ ਦਵਿੰਦਰ ਅੱਤਰੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੂੰ ਧਰਨਾਕਾਰੀਆਂ ਨੇ ਹਮਲਾਵਰਾਂ ਨੂੰ ਜਲਦੀ ਤੋ ਜਲਦੀ ਗ੍ਰਿਫ਼ਤਾਰ ਕਰਨ ਲਈ ਮੰਗ ਪੱਤਰ ਦਿੱਤਾ।
ਇਸ ਮੌਕੇ ਦੋਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਰਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਦੋਸ਼ੀਆਂ ਨੂੰ ਜਲਦੀ  ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਮੌਕੇ ਦਵਿੰਦਰ ਸਿੰਘ, ਬਲਜੀਤ ਕੌਰ, ਅਮਰੀਕ ਸਿੰਘ, ਮੋਹਨਜੀਤ ਸਿੰਘ, ਵਿਪਨਦੀਪ ਕੌਰ,ਸੰਜੇ ਕੁਮਾਰ,ਵਿਜੈਪਾਲ, ਰੂਬਲਜੀਤ ਕੌਰ ਆਦਿ ਹਾਜ਼ਰ ਸਨੇ।

Widgetized Section

Go to Admin » appearance » Widgets » and move a widget into Advertise Widget Zone