ਸੁਪਨਾ ਹੀ ਸਾਬਤ ਹੋਇਆ ਸੁਖਬੀਰ ਬਾਦਲ ਦਾ ਸੁਪਨਮਈ ਪ੍ਰਾਜੈਕਟ

ਪੌੜ ਪ੍ਰਣਾਲੀ ਦੀ ਇਕ ਝਲਕ

ਪੌੜ ਪ੍ਰਣਾਲੀ ਦੀ ਇਕ ਝਲਕ

ਅੰਮ੍ਰਿਤਸਰ, 27 ਅਗਸਤ : ਸ਼ਹਿਰ ਵਿੱਚ ਆਉਣ ਵਾਲੇ ਯਾਤਰੂਆਂ ਤੇ ਸ਼ਰਧਾਲੂਆਂ ਨੂੰ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਲਿਆਉਣ ਅਤੇ ਛੱਡਣ ਲਈ ਸਥਾਪਤ ਕੀਤੇ ਜਾਣ ਵਾਲੀ ਪ੍ਰਸਤਾਵਿਤ ਪੌਡ ਪ੍ਰਣਾਲੀ ਯੋਜਨਾ ਲਗਭਗ ਖ਼ਤਮ ਹੋਣ ਕੰਢੇ ਹੈ। ਇਸ ਯੋਜਨਾ ਦਾ ਨੀਂਹ ਪੱਥਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਨਵੰਬਰ 2011 ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਰੱਖਿਆ ਗਿਆ ਸੀ।

ਇਸ ਯੋਜਨਾ ਤਹਿਤ ਲੰਡਨ ਦੇ ਹੀਥਰੋ ਹਵਾਈ ਅੱਡੇ ਵਾਂਗ ਅੰਮ੍ਰਿਤਸਰ ਵਿਖੇ ਵੀ ਚੁੰਬਕੀ ਪੌਡ ਚਲਾਉਣ ਦੀ ਯੋਜਨਾ ਸੀ, ਜੋ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਤੋਂ 20 ਫੁੱਟ ਦੀ ਉਚਾਈ ’ਤੇ ਥੰਮਾਂ ਉਪਰ ਚੱਲਣੇ ਸਨ। ਯੋਜਨਾ ਤਹਿਤ ਥੰਮਾਂ ਦੀ ਉਸਾਰੀ ਕਰਨ ਅਤੇ ਲੋੜੀਂਦੇ ਢਾਂਚੇ ਦੀ ਸਥਾਪਤੀ ਲਈ ਇਕੋ ਇਕ ਕੰਪਨੀ ਵੱਲੋਂ ਟੈਂਡਰ ਭਰੇ ਗਏ ਸਨ। ਇਸ ਕੰਪਨੀ ਨੂੰ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਾਰਨ ਉਸ ਨੇ ਇਹ ਟੈਂਡਰ ਵਾਪਸ ਲੈ ਲਏ ਹਨ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਦਾ ਹੁਣ ਪੌਡ ਪ੍ਰਣਾਲੀ ਨੂੰ ਚਲਾਉਣ ਦਾ ਕੋਈ ਇਰਾਦਾ ਨਹੀਂ ਹੈ। ਸਰਕਾਰ ਵੱਲੋਂ ਬੱਸ ਰੈਪਿਡ ਟਰਾਂਸਪੋਰਟ ਪ੍ਰਣਾਲੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਲਈ ਸ਼ਹਿਰ ਵਿੱਚ ਦਰੱਖ਼ਤਾਂ ਦੀ ਕਟਾਈ ਕਰਕੇ ਵਿਸ਼ੇਸ਼ ਸੜਕ ਉਸਾਰੀ ਜਾ ਰਹੀ ਹੈ।  ਪੌਡ ਪ੍ਰਣਾਲੀ ਯੋਜਨਾ ਬਾਰੇ ਜਦੋਂ ਸਬੰਧਤ ਵਿਭਾਗਾਂ ਦੇ ਕੁਝ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਫਿਲਹਾਲ ਇਹ ਯੋਜਨਾ ਠੰਢੇ ਬਸਤੇ ਵਿੱਚ ਹੈ ਅਤੇ ਸਰਕਾਰ ਵੱਲੋਂ ਇਸ ਦੀ ਉਸਾਰੀ ਸਬੰਧੀ ਕੋਈ ਹਰੀ ਝੰਡੀ ਨਹੀਂ ਮਿਲੀ ਹੈ। ਇਨ੍ਹਾਂ ਵਿਭਾਗਾਂ ਵਿੱਚ ਪੰਜਾਬ ਮੁੱਢਲਾ ਢਾਂਚਾ ਵਿਕਾਸ ਬੋਰਡ ਅਤੇ ਪੰਜਾਬ ਮਿਊਂਸਪਲ ਮੁੱਢਲਾ ਢਾਂਚਾ ਵਿਕਾਸ ਕੰਪਨੀ ਸ਼ਾਮਲ ਹੈ। ਇਸ ਸਬੰਧੀ ਮੁੱਢਲਾ ਢਾਂਚਾ ਸਥਾਪਤ ਕਰਨ ਲਈ ਅਲਟਰਾ ਫੇਅਰ ਵੁੱਡ ਪ੍ਰਾਈਵੇਟ ਕੰਪਨੀ ਵੱਲੋਂ ਦੋ ਵਾਰ ਟੈਂਡਰ ਭਰੇ ਗਏ ਹਨ ਅਤੇ ਦੋਵੇਂ ਵਾਰ ਹੀ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਇਹ ਯੋਜਨਾ ਲਗਭਗ 198 ਕਰੋੜ ਰੁਪਏ ਦੀ ਸੀ, ਜਿਸ ਤਹਿਤ ਬੀ.ਓ.ਟੀ. ਆਧਾਰ ’ਤੇ ਇਸ ਪ੍ਰਸਾਵਿਤ ਯੋਜਨਾ ਨੂੰ ਅਮਲ ਵਿੱਚ ਲਿਆਂਦਾ ਜਾਣਾ ਸੀ। ਜਦੋਂ ਯੋਜਨਾ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਉਸ ਵੇਲੇ ਸਥਾਨਕ ਹਾਲ ਬਾਜ਼ਾਰ ਦੇ ਵਪਾਰੀਆਂ ਨੇ ਕਾਫੀ ਰੌਲਾ ਰੱਪਾ ਪਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਵਪਾਰ ਪ੍ਰਭਾਵਿਤ ਹੋਵੇਗਾ, ਜਿਸ ਕਾਰਨ ਸਰਕਾਰ ਵੱਲੋਂ ਇਸ ਦਾ ਰੂਟ ਬਦਲ ਦਿੱਤਾ ਗਿਆ ਸੀ। ਲੇਕਿਨ ਪਿਛਲੇ ਦੋ ਸਾਲਾਂ ਤੋਂ  ਇਸ ਯੋਜਨਾ ’ਤੇ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ ਹੈ।  ਸ਼ਹਿਰ ਵਿੱਚ ਆਧੁਨਿਕ ਖੇਡ ਕੰਪਲੈਕਸ ਸਥਾਪਤ ਕਰਨ, ਫੂਡ ਸਟਰੀਟ ਸਥਾਪਤ ਕਰਨ ਅਤੇ ਸ਼ਹਿਰ ’ਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੀਸੀਟੀਵੀ ਕੈਮਰੇ ਲਾਉਣ ਦੀ ਯੋਜਨਾ ਵੀ ਹੁਣ ਤੱਕ ਹਵਾ ਵਿੱਚ ਲਟਕ ਰਹੀ ਹੈ।

Widgetized Section

Go to Admin » appearance » Widgets » and move a widget into Advertise Widget Zone