ਸਿੱਖ ਜਥੇਬੰਦੀਆਂ ਵੱਲੋਂ ਗਿਆਨੀ ਇਕਬਾਲ ਸਿੰਘ ਦੇ ਸਮਾਜਿਕ ਬਾਈਕਾਟ ਦਾ ਐਲਾਨ

ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮੈਂਬਰ ਹੱਥ ਖੜ੍ਹਾ ਕਰਕੇ ਮੀਟਿੰਗ ਦੌਰਾਨ ਪਾਸ ਕੀਤੇ ਗਏ ਮਤਿਆਂ ਨੂੰ ਪ੍ਰਵਾਨਗੀ ਦਿੰਦੇ ਹੋਏ

ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮੈਂਬਰ ਹੱਥ ਖੜ੍ਹਾ ਕਰਕੇ ਮੀਟਿੰਗ ਦੌਰਾਨ ਪਾਸ ਕੀਤੇ ਗਏ ਮਤਿਆਂ ਨੂੰ ਪ੍ਰਵਾਨਗੀ ਦਿੰਦੇ ਹੋਏ

ਅੰਮ੍ਰਿਤਸਰ, 24 ਅਗਸਤ : ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇੱਥੇ ਇੱਕ ਸਮਾਗਮ ਦੌਰਾਨ ਮਤਾ ਪਾਸ ਕਰ ਕੇ ਆਰਐੱਸਐੱਸ ਨਾਲ ਸਾਂਝ ਰੱਖਣ ਵਾਲੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪੰਥਕ ਖੇਤਰ ਦੀ ਹਰ ਸੇਵਾ ਤੋਂ ਦੂਰ ਕਰਨ ਅਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਹ ਸਮਾਗਮ ਪੰਥਕ ਤਾਲਮੇਲ ਸੰਗਠਨ ਚੰਡੀਗੜ੍ਹ ਦੇ ਬੈਨਰ ਹੇਠ ਇਕੱਠੀਆਂ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਰੂਪ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਜ ਵਿਧੀ ਨੂੰ ਮੁੜ ਵਿਚਾਰਨ ਲਈ ਕੀਤਾ ਗਿਆ ਸੀ।
ਸਮਾਗਮ ਵਿੱਚ ਸਿੱਖ ਬੁੱਧੀਜੀਵੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਜ ਵਿਧੀ ਬਾਰੇ ਵਿਚਾਰ ਪੇਸ਼ ਕੀਤੇ ਤੇ ਮਤਾ ਪਾਸ ਕਰ ਕੇ 21 ਮੈਂਬਰੀ ਕਮੇਟੀ ਬਣਾਉਣ ਦਾ  ਫ਼ੈਸਲਾ ਕੀਤਾ ਗਿਆ ਜੋ ਸਿੱਖ ਚਿੰਤਕਾਂ ਤੇ ਬੁੱਧੀਜੀਵੀਆਂ ਨਾਲ ਵਿਚਾਰ-ਚਰਚਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ, ਕਾਰਜਸ਼ੈਲੀ ਨੂੰ ਆਜ਼ਾਦ ਬਣਾਉਣ ਅਤੇ ਸਿੱਖੀ ਮਾਣ-ਮਰਿਆਦਾ ਨੂੰ ਕਾਇਮ ਰੱਖਣ ਬਾਰੇ ਸੇਧ ਦੇਵੇਗੀ। ਦੂਜੇ ਮਤੇ ਰਾਹੀਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਬੀਤੇ ਦਿਨੀਂ ਆਰਐੱਸਐੱਸ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕਰਨ ਦੇ ਵਿਰੋਧ ਵਜੋਂ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ। ਇਕੱਠ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਪੰਥਕ ਖੇਤਰ ਦੀ ਹਰ ਸੇਵਾ ਤੋਂ ਦੂਰ ਰੱਖਣ, ਸਮਾਜਿਕ ਬਾਈਕਾਟ ਕਰਨ ਅਤੇ ਸਿੱਖ ਸੰਗਤਾਂ ਨੂੰ ਉਨ੍ਹਾਂ ਦੇ ਕਿਸੇ ਵੀ ਸਮਾਗਮ ‘ਚ ਸ਼ਾਮਲ ਨਾ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਹ ਮਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਸੌਂਪਿਆ ਜਾਵੇਗਾ ਤਾਂ ਜੋ ਉਹ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿੱਚ ਇਸ ਬਾਰੇ ਵਿਚਾਰ ਕਰ ਕੇ ਅਗਲਾ ਫ਼ੈਸਲਾ ਲੈਣ।
ਸਮਾਗਮ ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਿੱਖ ਮਿਸ਼ਨਰੀ ਕਾਲਜ ਵੱਲੋਂ ਹਰਜੀਤ ਸਿੰਘ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ ਦੇ ਡਾਇਰੈਕਟਰ ਹਰਸਿਮਰਨ ਸਿੰਘ, ਅਕਾਲ ਪੁਰਖ ਕੀ ਫ਼ੌਜ ਜਥੇਬੰਦੀ ਦੇ ਮੁਖੀ ਜਸਵਿੰਦਰ ਸਿੰਘ ਐਡਵੋਕੇਟ, ਸ਼ੋ੍ਰਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਮੁਹਾਲੀ, ਉੱਤਰਾਖੰਡ ਤੋਂ ਪ੍ਰੀਤਮ ਸਿੰਘ, ਪ੍ਰੋ. ਬਲਜਿੰਦਰ ਸਿੰਘ, ਪ੍ਰਭਸ਼ਰਨ ਸਿੰਘ, ਬੀਬੀ ਰਜਿੰਦਰ ਜੀਤ ਕੌਰ ਢੀਂਡਸਾ ਚੰਡੀਗੜ੍ਹ, ਸੁਰਜੀਤ ਸਿੰਘ ਜੰਮੂ, ਸਾਹਿਬਜ਼ਾਦਾ ਜੁਝਾਰ ਸਿੰਘ ਇੰਸਟੀਚਿਊਟ ਵੱਲੋਂ ਅਮਰਜੀਤ ਸਿੰਘ, ਰਾਣਾ ਇੰਦਰਬੀਰ ਸਿੰਘ ਅਤੇ ਹੋਰ ਵਿਦਵਾਨਾਂ ਨੇ ਵਿਚਾਰ ਪੇਸ਼ ਕੀਤੇ।
ਸਮਾਗਮ ਤੋਂ ਬਾਅਦ ਗੱਲਬਾਤ ਕਰਦਿਆਂ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਸਾਲ 2000 ਵਿੱਚ ਜਦੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ ਸਨ ਤਾਂ ਉਨ੍ਹਾਂ ਆਦੇਸ਼ ਜਾਰੀ ਕੀਤਾ ਸੀ ਕਿ ਸ਼ੋ੍ਰਮਣੀ ਕਮੇਟੀ ਸਿੱਖ ਬੁੱਧੀਜੀਵੀਆਂ, ਚਿੰਤਕਾਂ ਤੇ ਹੋਰ ਵਿਦਵਾਨਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਜਥੇਦਾਰਾਂ ਦੀ ਨਿਯੁਕਤੀ, ਯੋਗਤਾ, ਸੇਵਾਮੁਕਤੀ ਤੇ ਕਾਰਜ ਖੇਤਰ ਬਾਰੇ ਇੱਕ ਨਿਯਮਾਂਵਲੀ ਤਿਆਰ ਕਰੇ। ਇਸ ਮਾਮਲੇ ਬਾਰੇ ਸ਼ੋ੍ਰਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਪਰ ਹੁਣ ਤਕ ਇਸ ‘ਤੇ ਕਾਰਵਾਈ ਨਹੀਂ ਹੋਈ ਹੈ। ਇਹੀ ਕਾਰਨ ਹੈ ਕਿ ਸ੍ਰੀ ਅਕਾਲ ਤਖ਼ਤ  ਸਾਹਿਬ ਦੀ ਮਾਣ ਮਰਿਆਦਾ ਅਤੇ ਸਾਖ਼ ਨੂੰ ਨਿਰੰਤਰ ਢਾਹ ਲੱਗ ਰਹੀ ਹੈ ਜਿਸਨੂੰ ਬਚਾਉਣ ਦੀ ਵੱਡੀ ਲੋੜ ਹੈ।
ਇਸ ਮੌਕੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ ਦੇ ਡਾਇਰੈਕਟਰ ਹਰਸਿਮਰਨ ਸਿੰਘ ਵੱਲੋਂ ਜਥੇਦਾਰ ਸਾਹਿਬਾਨ ਦੀ ਪਦਵੀ, ਚੋਣ ਅਤੇ ਕਾਰਜ ਖੇਤਰ ਬਾਰੇ ਇੱਕ ਪਰਚਾ ਪੜ੍ਹਿਆ ਗਿਆ ਜਿਸ ਬਾਰੇ ਸਿੱਖ ਵਿਦਵਾਨਾਂ ਨੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿੱਚ ਅਕਾਲ ਪੁਰਖ ਕੀ ਫ਼ੌਜ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸ਼ੁਭਕਰਮਨ ਸੁਸਾਇਟੀ ਹੁਸ਼ਿਆਰਪੁਰ, ਸਿੱਖ ਨਾਰੀ ਮੰਚ, ਭਾਈ ਗੁਰਦਾਸ ਅਕੈਡਮੀ, ਗੁਰਸਿੱਖ ਫੈਮਿਲੀ ਕਲੱਬ, ਸਿੱਖ ਮਿਸ਼ਨਰੀ ਕਾਲਜ, ਸ਼ੋ੍ਰਮਣੀ ਸਿੱਖ ਸਮਾਜ, ਗੁਰੂ ਨਾਨਕ ਮੋਦੀਖਾਨਾ ਆਰਗੇਨਾਈਜੇਸ਼ਨ,  ਪ੍ਰਚਾਰਕ ਮਿਸ਼ਨਰੀ ਕਾਲਜ ਲੁਧਿਆਣਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਤਰਾਈ ਸਿੱਖ ਮਹਾਂ ਸਭਾ, ਐੱਨਆਰਆਈ ਸਭਾ, ਅਕਾਲ ਸਤਿਸੰਗ ਸਭਾ 1996, ਕੇਸ ਸੰਭਾਲ ਪ੍ਰਚਾਰ ਸੰਸਥਾ, ਸ੍ਰੀ ਗੁਰੂ ਅਮਰ ਦੇਵ ਸੇਵਕ ਸਭਾ, ਕੇਂਦਰੀ ਸਿੰਘ ਸਭਾ, ਅਖੰਡ ਕੀਰਤਨੀ ਜਥਾ, ਯੂਨਾਈਟਿਡ ਸਿੱਖ ਮਿਸ਼ਨ ਤੇ ਮਾਝਾ ਚੇਤਨਾ ਸਿੱਖ ਲਹਿਰ ਦੇ ਨੁਮਾਇੰਦੇ ਤੇ ਕਾਰਕੁੰਨ ਸ਼ਾਮਲ ਸਨ।

21 ਮੈਂਬਰੀ ਕਮੇਟੀ ਕਾਇਮ ਕਰਨ ਦਾ ਐਲਾਨ

ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵੱਲੋਂ ਇਸ ਮੌਕੇ ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਕਾਇਮ ਰੱਖਣ ਲਈ ਸਿੱਖ ਰਹਿਤ ਮਰਿਆਦਾ ਨੂੰ ਸਮਰਪਿਤ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ 21 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਜੋ ਸਿੱਖ ਬੁੱਧੀਜੀਵੀਆਂ ਤੇ ਚਿੰਤਕਾਂ ਨਾਲ ਵਿਚਾਰ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ, ਸੇਵਾਮੁਕਤੀ, ਕਾਰਜ ਖੇਤਰ ਆਦਿ ਬਾਰੇ ਨਿਯਮਾਂਵਲੀ ਤਿਆਰ ਕਰੇਗੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਜਸ਼ੈਲੀ ਨੂੰ ਆਜ਼ਾਦ ਬਣਾਉਣ ਤੇ ਸਿੱਖੀ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਣ ਲਈ ਕੌਮ ਨੂੰ ਸੇਧ ਦੇਣ ਬਾਰੇ ਚਰਚਾ ਕਰੇਗੀ। ਇਸ ਕਮੇਟੀ ਦੇ ਕੁਝ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵਿੱਚ ਗਿਆਨੀ ਕੇਵਲ ਸਿੰਘ ਤੋਂ ਇਲਾਵਾ ਹਰਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਐਡਵੋਕੇਟ ਜਸਵਿੰਦਰ ਸਿੰਘ, ਹਰਦੀਪ ਸਿੰਘ ਮੁਹਾਲੀ, ਹਰਸਿਮਰਨ ਸਿੰਘ ਅਨੰਦਪੁਰ, ਰਾਣਾ ਇੰਦਰਬੀਰ ਸਿੰਘ, ਗੁਰਪ੍ਰੀਤ ਸਿੰਘ ਚੰਡੀਗੜ੍ਹ, ਰਛਪਾਲ ਸਿੰਘ ਹੁਸ਼ਿਆਰਪੁਰ, ਸੁਰਿੰਦਰਜੀਤ ਸਿੰਘ ਦਿੱਲੀ, ਪ੍ਰੀਤਮ ਸਿੰਘ ਉੱਤਰਾਖੰਡ, ਡਾ. ਰਜਿੰਦਰ ਕੌਰ ਅਤੇ ਸੁਰਜੀਤ ਸਿੰਘ ਜੰਮੂ ਦੇ ਨਾਂ ਸ਼ਾਮਲ ਹਨ। ਕਮੇਟੀ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਅਖੰਡ ਕੀਰਤਨੀ ਜਥੇ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਜਾਣਗੇ। ਇਹ ਕਮੇਟੀ 21 ਫਰਵਰੀ 2015 ਤਕ ਕੰਮ ਕਰੇਗੀ ਅਤੇ ਉਪਰੰਤ ਨਵੀਂ ਕਮੇਟੀ ਦਾ ਗਠਨ ਕੀਤਾ ਜਾਵੇਗਾ।

Widgetized Section

Go to Admin » appearance » Widgets » and move a widget into Advertise Widget Zone