Last UPDATE: August 23, 2014 at 7:42 pm

ਸਾਬਕਾ ਕੌਂਸਲਰਾਂ ਨੇ ਪ੍ਰਾਪਰਟੀ ਟੈਕਸ ਖ਼ਿਲਾਫ਼ ਮੁਹਿੰਮ ਵਿੱਢੀ

ਨਿੱਜੀ ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 23 ਅਗਸਤ
ਲੋਕਾਂ ‘ਤੇ ਥੋਪੇ ਗਏ ਪ੍ਰਾਪਰਟੀ ਟੈਕਸ ਦੇ ਖ਼ਿਲਾਫ਼  ਸ਼ਹਿਰ ਦੇ ਸਾਬਕਾ ਕੌਂਸਲਰਾਂ ਨੇ ਕਮਰ ਕਸ ਲਈ ਹੈ। ਇਸ ਸਬੰਧੀ ਉਨ੍ਹਾਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਮੰਗ ਪੱਤਰ ਦਿੱਤੇ। ਉਨ੍ਹਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ  ਅਨਿਲ ਜੋਸ਼ੀ ਨੂੰ ਵੀ ਮੰਗ ਪੱਤਰ ਦੇਣ ਦੀ ਤਿਆਰੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਚੰਦੂਮਾਜਰਾ ਨੇ ਮੁਹਾਲੀ ਦੇ ਲੋਕਾਂ ਨਾਲ ਲੋਕ ਸਭਾ ਚੋਣਾਂ ਵੇਲੇ  ਵਾਅਦਾ ਕੀਤਾ ਸੀ ਕਿ ਪ੍ਰਾਪਰਟੀ ਟੈਕਸ ਨੂੰ ਨਵੇਂ ਸਿਰਿਓਂ ਸੋਧ ਕੇ ਸਰਲ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਲੋਕ ਇਸ ਨੂੰ ਜਮ੍ਹਾਂ ਕਰਵਾਉਣ ਪਰ ਹੁਣ ਨਿਗਮ ਕਮਿਸ਼ਨਰ ਵੱਲੋਂ 31 ਅਗਸਤ ਤੱਕ ਪਹਿਲੇ ਰੇਟਾਂ ਅਨੁਸਾਰ ਹੀ 2013-14 ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦਾ ਅਲਟੀਮੇਟਮ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਸਾਬਕਾ ਕੌਂਸਲਰ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਕਿਉਂਕਿ ਪ੍ਰਾਪਰਟੀ ਟੈਕਸ ਦਾ ਅਸਰ ਨਗਰ ਨਿਗਮ ਚੋਣਾਂ ‘ਤੇ ਵੀ ਪੈਣਾ ਲਾਜ਼ਮੀ ਹੈ। ਮੰਗ ਪੱਤਰ ਵਿੱਚ ਸਾਬਕਾ ਕੌਂਸਲਰਾਂ  ਪਰਮਜੀਤ ਸਿੰਘ ਕਾਹਲੋਂ,  ਅਮਰੀਕ ਸਿੰਘ ਤਹਿਸੀਲਦਾਰ,  ਫੂਲਰਾਜ ਸਿੰਘ,  ਐਸ ਐਸ ਬਰਨਾਲਾ, ਗੁਰਮੀਤ ਸਿੰਘ ਵਾਲੀਆ, ਗਰਮੁੱਖ ਸਿੰਘ ਸੋਹਲ, ਬੀਬੀ ਕੁਲਦੀਪ ਕੌਰ ਕੰਗ, ਗਿਆਨ ਚੰਦ ਅਗਰਵਾਲ, ਆਰਪੀ ਸ਼ਰਮਾ, ਮਨਜੀਤ ਕੌਰ, ਬੀ.ਬੀ. ਮੈਣੀ, ਪ੍ਰਕਾਸ਼ਵਤੀ ਅਤੇ ਪ੍ਰੇਮ ਕੁਮਾਰ ਬਾਂਸਲ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਲਗਾਇਆ ਗਿਆ ਪ੍ਰਾਪਰਟੀ ਟੈਕਸ ਬਹੁਤ ਜ਼ਿਆਦਾ ਹੈ। ਇਸ ਬਾਰੇ ਚੰਦੂਮਾਜਰਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਾ ਹੋ ਸਕਿਆ। ਦੂਜੇ ਪਾਸੇ  ਬਲਵੰਤ ਸਿੰਘ ਰਾਮੂਵਾਲੀਆ ਨੇ ਇਸ ਮਾਮਲੇ ਵਿੱਚ ਸੰਪਰਕ ਕਰਨ ‘ਤੇ ਕਿਹਾ ਕਿ ਇਹ ਅਲਟੀਮੇਟਮ ਰੁਟੀਨ ਵਿੱਚ ਦਿੱਤਾ ਗਿਆ ਹੈ। ਲੋਕਾਂ ਨੂੰ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ।

Widgetized Section

Go to Admin » appearance » Widgets » and move a widget into Advertise Widget Zone