ਸਰਕਾਰ ਦੇ 100 ਦਿਨਾਂ ਤੋਂ ਪਹਿਲਾਂ ਹੀ ਭਾਜਪਾ ਅੰਦਰ ਕਲੇਸ਼

Narendra Modiਨਵੀਂ ਦਿੱਲੀ, 27 ਅਗੱਸਤ:  ਅਪਣੇ ਸਾਕ-ਸਬੰਧੀਆਂ ਲਈ ਅਹੁਦਿਆਂ ਜਾਂ ਟਿਕਟਾਂ ਦੀ ਸਿਫ਼ਾਰਸ਼ ਨਾ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਕਮਾਂ ਦੀ ਅੱਜ ਉਦੋਂ ਫੂਕ ਨਿਕਲਦੀ ਨਜ਼ਰ ਆਈ ਜਦ ਗ੍ਰਹਿ ਮੰਤਰੀ ਅਤੇ ਸਾਬਕਾ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਉਤੇ ਅਪਣੇ ਮੁੰਡੇ ਨੂੰ ਟਿਕਟ ਦਿਵਾਉਣ ਲਈ ਭਾਰੀ ਜੱਦੋਜਹਿਦ ਕਰਨ ਦੇ ਦੋਸ਼ ਲੱਗ ਗਏ।

ਮੀਡੀਆ ਖ਼ਬਰਾਂ ਮੁਤਾਬਕ ਰਾਜਨਾਥ ਸਿੰਘ ਨੇ ਅਪਣੇ ਮੁੰਡੇ ਪੰਕਜ ਲਈ ਨੋਇਡਾ ਜ਼ਿਮਨੀ ਚੋਣ ਵਾਸਤੇ ਟਿਕਟ ਲਈ ਭਾਰੀ ਜੱਦੋਜਹਿਦ ਕੀਤੀ ਪਰ ਅਖ਼ੀਰ ਉਸ ਨੂੰ ਟਿਕਟ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ਗਿਆ। ਕਾਰਨ ਇਹ ਸੀ ਕਿ ਉਸ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਏ ਸਨ।  ਬਸ ਇਹ ਮਾਮਲਾ ਮੀਡੀਆ ਵਿਚ ਆਉਣ ਦੀ ਦੇਰ ਸੀ ਕਿ ਹੋ-ਹੱਲਾ ਮਚ ਗਿਆ ਜਿਸ ਤੋਂ ਸਾਫ਼ ਹੈ ਕਿ ਸਰਕਾਰ ਦੇ 100 ਦਿਨ ਪੂਰੇ ਹੋਣ ਤੋਂ ਪਹਿਲਾਂ ਹੀ ਪਾਰਟੀ ਅੰਦਰ ਉਪਰਲੇ ਪੱਧਰ ਉਤੇ ਮਤਭੇਦ ਹਨ। ਜਿਉਂ ਹੀ ਰਾਜਨਾਥ ਸਿੰਘ ਨੇ ਇਹ ਕਿਹਾ ਕਿ ਜੇ ਉਨ੍ਹਾਂ ਦੇ ਪਰਵਾਰ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਸਾਬਤ ਹੋਏ ਤਾਂ ਉਹ ਸਿਆਸਤ ਛੱਡ ਦੇਣਗੇ, ਵਿਰੋਧੀ ਪਾਰਟੀਆਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਘੇਰ ਲਿਆ। ਕਾਂਗਰਸ ਆਗੂ ਅਜੇ ਮਾਕਨ ਨੇ ਕਿਹਾ ਕਿ ਦੋਸ਼ਾਂ ਵਿਚ ਏਨੀ ਕਿਹੜੀ ਗੰਭੀਰ ਗੱਲ ਹੈ ਕਿ ਰਾਜਨਾਥ ਸਿੰਘ ਨੂੰ ਸਿਆਸਤ ਛੱਡਣ ਦੀ ਗੱਲ ਕਹਿਣੀ ਪਈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਖ਼ਬਰਾ ਮੁਤਾਬਕ ਪੰਕਜ ਦੇ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦੀ ਝਾੜ-ਝੰਬ ਵੀ ਕੀਤੀ ਸੀ।  ਉਂਜ ਅੱਜ ਪ੍ਰਧਾਨ ਮੰਤਰੀ ਦਫ਼ਤਰ ਨੇ ਸਾਫ਼ ਤੌਰ ‘ਤੇ ਕਹਿ ਦਿਤਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਗੱਲ ਵਿਚ ਕੋਈ ਸਚਾਈ ਨਹੀਂ ਹੈ। ਰਾਜਨਾਥ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਤੋਂ ਉਨ੍ਹਾਂ ਦੇ ਪਰਵਾਰ ਦੇ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਦੀਆਂ ਅਫ਼ਵਾਹਾਂ ਫੈਲ ਰਹੀਆਂ ਹਨ। ਉਨ੍ਹਾਂ ਕਿਹਾ, ”ਪਿਛਲੇ 15-20 ਦਿਨਾਂ ਤੋਂ ਮੇਰੇ ਅਤੇ ਮੇਰੇ ਪਰਵਾਰ ਬਾਰੇ ਲਗਾਤਾਰ ਅਫ਼ਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ। ਮੈਨੂੰ ਲਗਦਾ ਸੀ ਕਿ ਅਫ਼ਵਾਹਾਂ ਦਾ ਕੋਈ ਆਧਾਰ ਨਹੀਂ ਹੈ ਅਤੇ ਇਹ ਛੇਤੀ ਹੀ ਖ਼ਤਮ ਹੋ ਜਾਣਗੀਆਂ। ਪਰ ਮੈਂ ਵੇਖ ਰਿਹਾ ਹਾਂ ਕਿ ਦਿਨ-ਪ੍ਰਤੀ-ਦਿਨ ਇਹ ਅਫ਼ਵਾਹਾਂ ਵਧਦੀਆਂ ਹੀ ਜਾ ਰਹੀਆਂ ਹਨ।

ਮੈਂ ਦੇਸ਼ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੇ ਇਨ੍ਹਾਂ ਦੋਸ਼ਾਂ ਦਾ ਕੋਈ ਵੀ ਸਬੂਤ ਸਾਹਮਣੇ ਆਉਂਦਾ ਹੈ ਤਾਂ ਮੈਂ ਸਿਆਸਤ ਅਤੇ ਜਨਤਕ ਜ਼ਿੰਦਗੀ ਛੱਡ ਦੇਵਾਂਗਾ ਅਤੇ ਘਰ ਬੈਠ ਜਾਵਾਂਗਾ।” ਇਹ ਬਿਆਨ ਉਨ੍ਹਾਂ ਜਲਦਬਾਜ਼ੀ ‘ਚ ਪੱਤਰਕਾਰਾਂ ਨੂੰ ਸੱਦ ਕੇ ਅਪਣੇ ਨਾਰਥ ਬਲਾਕ ਵਾਲੇ ਦਫ਼ਤਰ ਬਾਹਰ ਦਿਤਾ।
ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਇਸ ਬਾਰੇ ਗੱਲ ਕੀਤੀ ਹੈ ਅਤੇ ਦੋਹਾਂ ਨੇ ਹੈਰਾਨਗੀ ਪ੍ਰਗਟ ਕਰਦਿਆਂ ਅਫ਼ਵਾਹਾਂ ਨੂੰ ਬਿਲਕੁਲ ਬੇਬੁਨਿਆਦ ਦਸਿਆ।
ਰਾਜਨਾਥ ਦੇ ਬਿਆਨ ਤੋਂ ਕੁੱਝ ਦੇਰ ਬਾਅਦ ਹੀ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਇਹ ਖ਼ਬਰਾਂ ‘ਬਿਲਕੁਲ ਝੂਠ ਹਨ ਅਤੇ ਸਰਕਾਰ ਦੇ ਅਕਸ ਨੂੰ ਢਾਹ ਲਾਉਣ ਦੀ ਸਾਜ਼ਸ਼ ਹਨ।’
ਖ਼ਬਰਾਂ ਮੁਤਾਬਕ ਰਾਜਨਾਥ ਸਿੰਘ ਕੇਂਦਰੀ ਮੰਤਰੀ ਮੰਡਲ ‘ਚ ਅਪਣੇ ਇਕ ਸਾਥੀ ਤੋਂ ਨਾਰਾਜ਼ ਹਨ ਜਿਸ ਨੇ ਉਨ੍ਹਾਂ ਦੇ ਪੁੱਤਰ ਬਾਰੇ ਅਫ਼ਵਾਹਾਂ ਫੈਲਾਈਆਂ ਕਿ ਮੋਦੀ ਨੇ ਉਸ ਦੀ  ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਕਾਰਨ ਝਾੜ-ਝੰਬ ਕੀਤੀ ਹੈ। ਜਦ ਰਾਜਨਾਥ ਕੋਲੋਂ ਪੁਛਿਆ ਗਿਆ ਕਿ ਅਫ਼ਵਾਹਾਂ ਕਿਸ ਨੇ ਫੈਲਾਈਆਂ ਹਨ ਤਾਂ ਰਾਜਨਾਥ ਨੇ ਕਿਹਾ ਕਿ ਇਹ ਪਤਾ ਕਰਨਾ ਪੱਤਰਕਾਰਾਂ ਦਾ ਕੰਮ ਹੈ।
ਉਧਰ ਵਿਰੋਧੀ ਧਿਰ ਬਲਦੀ ‘ਚ ਤੇਲ ਪਾਉਣ ਦਾ ਕੰਮ ਕਰਨ ਲਈ ਤਿਆਰ ਬੈਠਾ ਸੀ ਅਤੇ ਕਾਂਗਰਸ ਨੇ ਸਰਕਾਰ ਨੂੰ ਪੁਛਿਆ ਕਿ ਦੋਸ਼ਾਂ ਬਾਰੇ ਜਾਣਕਾਰੀ ਦਿਤੀ ਜਾਵੇ। ਕਾਂਗਰਸ ਦੇ ਬੁਲਾਰੇ ਅਜੈ ਮਾਕਨ ਨੇ ਕਿਹਾ, ”ਅਜੀਬ ਗੱਲ ਇਹ ਹੈ ਕਿ ਵਿਰੋਧੀ ਪਾਰਟੀ ਕਾਂਗਰਸ ਨੇ ਰਾਜਨਾਥ ਦੇ ਪੁੱਤਰ ‘ਤੇ ਕੋਈ ਦੋਸ਼ ਨਹੀਂ ਲਾਏ। ਇਸ ਲਈ ਦੇਸ਼ ਅਤੇ ਕਾਂਗਰਸ ਪਾਰਟੀ ਇਹ ਜਾਣਨਾ ਚਾਹੁੰਦੀ ਹੈ ਕਿ ਰਾਜਨਾਥ ਦੇ ਪੁੱਤਰ ‘ਤੇ ਕੀ ਦੋਸ਼ ਹਨ ਜਿਸ ਦੀ ਤੁਸੀਂ ਨਿਖੇਧੀ ਕਰ ਰਹੇ ਹੋ।”
ਸੀ.ਪੀ.ਆਈ. ਆਗੂ ਡੀ. ਰਾਜਾ ਨੇ ਕਿਹਾ, ”ਅੱਗ ਤੋਂ ਬਿਨਾ ਧੂੰਆਂ ਨਹੀਂ ਹੋ ਸਕਦਾ। ਕਈ ਗੱਲਾਂ ਹਨ। ਅੰਦਰੂਨੀ ਖਿੱਚੋਤਾਣ ਹੈ, ਸਿਆਸਤ ਬਦਲ ਰਹੀ ਹੈ।” ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਅਤੇ ਗ੍ਰਹਿ ਮੰਤਰੀ ਨੇ ਦੇਰੀ ਨਾਲ ਇਨਕਾਰ ਕੀਤਾ ਹੈ ਅਤੇ ਪ੍ਰਮੁੱਖ ਅਖ਼ਬਾਰਾਂ ‘ਚ ਖ਼ਬਰਾਂ ਕਈ ਦਿਨਾਂ ਤੋਂ ਲਗ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਰਹੀ ਕਿ ਜਨਤਾ ਦਲ (ਯੂ) ਦੇ ਆਗੂ ਸ਼ਰਦ ਯਾਦਵ ਰਾਜਨਾਥ ਦੇ ਬਚਾਅ ‘ਚ ਆਏ ਅਤੇ ਕਿਹਾ ਕਿ ਦੋਸ਼ ਬੇਬੁਨਿਆਦ ਹਨ ਅਤੇ ਰਾਜਨਾਥ ਬੇਦਾਗ਼ ਵਿਅਕਤੀ ਹਨ।

Widgetized Section

Go to Admin » appearance » Widgets » and move a widget into Advertise Widget Zone