ਸਕੂਲੀ ਬੱਚੇ ਉਡਾ ਰਹੇ ਹਨ ਟਰੈਫਿਕ ਨਿਯਮਾਂ ਦੀਆਂ ਧੱਜੀਆਂ, ਪੁਲੀਸ ਖ਼ਾਮੋਸ਼

ਇੱਕ ਮੋਟਰਸਾਈਕਲ ’ਤੇ ਬਿਨਾਂ ਹੈਲਮੇਟ ਪਹਿਣੇ ਜਾ ਰਹੇ ਤਿੰਨ ਸਕੂਲੀ ਬੱਚੇ। -ਫੋਟੋ: ਰੂਬਲ

ਪੱਤਰ ਪ੍ਰੇਰਕ
ਡੇਰਾਬਸੀ, 26 ਅਗਸਤ
ਡੇਰਾਬਸੀ ਵਿਖੇ ਸੜਕ ਹਾਦਸੇ ਵਿੱਚ 12 ਸਾਲ ਦੇ ਬੱਚੇ ਦੀ ਮੌਤ ਤੋਂ ਬਾਅਦ ਵੀ ਟਰੈਫਿਕ ਪੁਲੀਸ ਆਪਣੀ ਕੁੰਭਕਰਨੀ ਨੀਂਦ ਤੋਂ ਨਹੀਂ ਜਾਗੀ ਹੈ। ਵਾਹਨ ਚਾਲਕ ਖੁੱਲ੍ਹੇਆਮ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਪਰ ਟਰੈਫਿਕ ਪੁਲੀਸ ਮੂਕ ਦਰਸ਼ਕ ਬਣੀ ਹੋਈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿੱਚ ਸਕੂਲੀ ਬੱਚੇ ਮੋਹਰੀ ਹਨ ਜੋ ਦੋ-ਪਹੀਆ ਵਾਹਨਾਂ ’ਤੇ ਸਾਰਾ ਦਿਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਪਿਛਲੇ ਦਿਨੀ ਖਟੀਕ ਮੋਹਲਾ ਵਸਨੀਕ ਗੌਰਵ ਪੁੱਤਰ ਸਤੀਸ਼ ਕੁਮਾਰ ਸਾਈਕਲ ’ਤੇ ਆਪਣੇ ਏਏਆਰ ਜੈਨ ਸਕੂਲ ਜਾ ਰਿਹਾ ਸੀ ਜਿਸ ਦੌਰਾਨ ਉਸ ਨੂੰ ਇੱਕ ਨਾਬਾਲਗ਼ ਕਾਰ ਚਾਲਕ ਨੇ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਵਿੱਚ ਗੌਰਵ ਦੀ ਮੌਤ ਹੋ ਗਈ। ਇਹ ਹਾਦਸਾ ਕਾਰ ਦੀ ਚਾਲਕ ਦੀ ਲਾਪ੍ਰਵਾਹੀ ਨਾਲ ਵਰਤਿਆ ਪਰ ਇਸ ਦੇ ਬਾਵਜੂਦ ਟਰੈਫਿਕ ਪੁਲੀਸ 18 ਸਾਲ ਤੋਂ ਛੋਟੇ ਵਾਹਨ ਚਾਲਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਸ਼ਹਿਰ ਵਿੱਚ ਖੁੱਲੇਆਮ ਛੋਟੇ ਛੋਟੇ ਬੱਚੇ ਦੋ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਵੇਖੇ ਜਾ ਸਕਦੇ ਹਨ। ਹਰ ਸਕੂਲ ਵਿੱਚ ਜਾਣ ਵੇਲੇ ਤੇ ਛੁੱਟੀ ਸਮੇਂ ਵੱਡੀ ਗਿਣਤੀ ਸਕੂਲੀ ਬੱਚੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵਾਹਨ ਲੈ ਕੇ ਆਉਂਦੇ ਹਨ। ਇਸ ਤੋਂ ਇਲਾਵਾ ਇਹ ਬੱਚੇ ਦੋ ਪਹੀਆ ਵਾਹਨ ’ਤੇ ਬਿਨਾਂ ਹੈਲਮੇਟ ਅਤੇ ਤਿੰਨ ਜਣੇ ਬੈਠ ਕੇ ਹਾਦਸਿਆਂ ਨੂੰ ਬੁਲਾਵਾ ਦੇ ਰਹੇ ਹਨ। ਟਰੈਫਿਕ ਪੁਲੀਸ ਦਾ ਦਫਤਰ ਤੇ ਪੁਲੀਸ ਸਟੇਸ਼ਨ ਦੋਵੇਂ ਮੁੱਖ ਸੜਕ ’ਤੇ ਸਥਿਤ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਦੇ ਸਾਹਮਣੇ ਤੋਂ ਸਾਰਾ ਦਿਨ ਬੱਚੇ ਵਾਹਨ ਚਲਾਉਂਦੇ ਵੇਖੇ ਜਾ ਸਕਦੇ ਹਨ।
ਮਾਮਲੇ ਬਾਰੇ ਸੰਪਰਕ ਕਰਨ ’ਤੇ ਟਰੈਫਿਕ ਇੰਚਾਰਜ ਸ਼ਮਸ਼ੇਰ ਚੰਦ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਵੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੇ ਦਿਨ ਅਤੇ ਉਸ ਤੋਂ ਬਾਅਦ ਛੋਟੀ ਉਮਰ ਦੇ ਬੱਚਿਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਤੇ ਰੋਜ਼ਾਨਾ ਚਲਾਨ ਕੀਤੇ ਜਾ ਰਹੇ ਹਨ। ਸਕੂਲੀ ਬੱਚਿਆਂ ਖ਼ਿਲਾਫ਼ ਉਨ੍ਹਾਂ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

Widgetized Section

Go to Admin » appearance » Widgets » and move a widget into Advertise Widget Zone