ਵੰਡ-ਵੰਡਾਈ ਦੀਆਂ ਪੁਰਾਤਨ ਰੀਤਾਂ

ਸਿੰਧ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਹੁਣ ਤਕ ਪੰਜਾਬ ਦੇ ਲੋਕ ਖੇਤੀਬਾੜੀ ਅਤੇ ਪਸ਼ੂ ਪਾਲਣ ‘ਤੇ ਨਿਰਭਰ ਰਹੇ ਹਨ। ਜ਼ਮੀਨ ਅਤੇ ਪਸ਼ੂ ਧਨ ਦੇ ਕਬਜ਼ੇ ਅਤੇ ਵੰਡ ਨੂੰ ਲੈ ਕੇ ਲੋਕਾਂ ਵਿੱਚ ਲਗਾਤਾਰ ਸੰਘਰਸ਼ ਚਲਦਾ ਰਿਹਾ ਹੈ। ਜਿਉਂ-ਜਿਉਂ ਸਮਾਜ ਸੱਭਿਅਕ ਹੁੰਦਾ ਗਿਆ ਲੋਕਾਂ ਨੂੰ ਝਗੜਿਆਂ ਤੋਂ ਬਚਾਉਣ ਲਈ ਸਮੇਂ-ਸਮੇਂ ਅਨੁਸਾਰ ਜਾਇਦਾਦ ਅਤੇ ਕੰਮਾਂ ਦੀ ਵੰਡ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਰਹੇ ਹਨ।
ਜੇ ਪਰਿਵਾਰਕ ਜਾਇਦਾਦ ਦੀ ਵੰਡ ਦੀ ਗੱਲ ਕਰੀਏ ਤਾਂ ਪਿਓ ਦੀ ਜਾਇਦਾਦ ਵਿੱਚੋਂ ਕੁੜੀਆਂ ਦਾ ਹਿੱਸਾ ਮਨਫ਼ੀ ਹੁੰਦਾ ਸੀ। ਮੁੰਡਿਆਂ ਵਿੱਚ ਜਾਇਦਾਦ ਦੀ ਵੰਡ ਕਈ ਢੰਗਾਂ ਨਾਲ ਕੀਤੀ ਜਾਂਦੀ ਸੀ। ਜੇ ਪਿਓ ਦੇ ਇੱਕ ਤੋਂ ਜ਼ਿਆਦਾ ਵਿਆਹ ਹੁੰਦੇ ਤਾਂ ਕਈ ਵਾਰ ਚੂੰਡੇ ਵੰਡ ਦਾ ਤਰੀਕਾ ਅਪਣਾਇਆ ਜਾਂਦਾ ਸੀ। ਇਸ ਪ੍ਰਕਾਰ ਦੀ ਵੰਡ ਵਿੱਚ ਪ੍ਰਤੀ ਚੂੰਡਾ ਭਾਵ ਹਰ ਵਹੁਟੀ ਪਿੱਛੇ ਇੱਕੋ ਜਿਹਾ ਹਿੱਸਾ ਕੀਤਾ ਜਾਂਦਾ ਸੀ। ਵੰਡ ਸੰਤਾਨ ਦੇ ਹਿਸਾਬ ਨਾਲ ਨਹੀਂ ਸੀ ਕੀਤੀ ਜਾਂਦੀ। ਜੇ ਇੱਕ ਪਤਨੀ ਦਾ ਇੱਕ ਪੁੱਤਰ ਹੋਵੇ ਅਤੇ ਦੂਜੀ ਦੇ ਚਾਰ ਪੁੱਤ ਹੋਣ ਤਾਂ ਪਹਿਲੀ ਪਤਨੀ ਦੇ ਪੁੱਤ ਨੂੰ ਅੱਧ ਮਿਲਦਾ ਸੀ ਅਤੇ ਦੂਜੀ ਪਤਨੀ ਦੇ ਚੌਹਾਂ ਪੁੱਤਾਂ ਨੂੰ ਅੱਧ ਮਿਲਦਾ ਸੀ। ਇਸ ਦੇ ਉਲਟ ਜੇ ਸਾਰੇ ਭਰਾਵਾਂ ਨੂੰ ਇੱਕੋ ਜਿਹਾ ਹਿੱਸਾ ਮਿਲਦਾ ਤਾਂ ਉਸ ਨੂੰ ਭਾਈ ਵੰਡ ਕਿਹਾ ਜਾਂਦਾ ਸੀ। ਭਾਵ ਜੇ ਇੱਕ ਪਤਨੀ ਦਾ ਇੱਕ ਪੁੱਤਰ ਹੋਵੇ ਅਤੇ ਦੂਜੀ ਪਤਨੀ ਦੇ ਚਾਰ ਪੁੱਤਰ ਹੋਣ ਤਾਂ ਪੰਜਾਂ ਪੁੱਤਰਾਂ ਨੂੰ ਇੱਕੋ ਜਿਹਾ ਬਰਾਬਰ ਦਾ ਹਿੱਸਾ ਮਿਲਦਾ ਸੀ। ਕਈ ਵਾਰ ਵੱਡੇ ਪੁੱਤਰ ਨੂੰ ਦੂਜੇ ਪੁੱਤਰਾਂ ਦੇ ਮੁਕਾਬਲੇ ਦੋ ਹਿੱਸੇ ਜਾਇਦਾਦ ਦਿੱਤੀ ਜਾਂਦੀ ਸੀ, ਜਿਸ ਨੂੰ ਸਰਦਾਰੀ ਵੰਡ ਆਖਦੇ ਸਨ। ਇਹ ਵੰਡ ਇਸ ਧਾਰਨਾ ਉੱਪਰ ਆਧਾਰਤ ਸੀ ਕਿ ਜਾਇਦਾਦ ਦੀ ਵੰਡ ਹੋਣ ਤਕ ਵੱਡੇ ਪੁੱਤਰ ਨੂੰ ਦੂਜੇ ਭਰਾਵਾਂ ਦੇ ਮੁਕਾਬਲੇ ਜ਼ਿਆਦਾ ਕੰਮ ਕਰਨਾ ਪੈਂਦਾ ਅਤੇ ਪਿਤਰੀ ਜਾਇਦਾਦ ਵਧਾਉਣ ਵਿੱਚ ਵੀ ਵੱਡੇ ਪੁੱਤਰ ਦਾ ਯੋਗਦਾਨ ਜ਼ਿਆਦਾ ਮੰਨਿਆ ਜਾਂਦਾ ਸੀ। ਜੇ ਵਾਹੀ ਵਿੱਚ ਭਾਈਵਾਲੀ ਦੀ ਗੱਲ ਕਰੀਏ ਤਾਂ ਵਾਹੀ ਵਿੱਚ ਜੱਟ ਵੱਲੋਂ ਸੀਰੀ ਰਲ਼ਾ ਲਿਆ ਜਾਂਦਾ ਸੀ। ਉਹ ਕਿਸਾਨ ਨਾਲ ਫ਼ਸਲ ਬੀਜਣ ਤੋਂ ਲੈ ਕੇ ਫ਼ਸਲ ਦੇ ਮੰਡੀਕਰਨ ਤਕ ਮਦਦ ਕਰਦਾ ਅਤੇ ਉਸ ਦਾ ਫ਼ਸਲ ਵਿੱਚ ਦਸਵਾਂ- ਗਿਆਰਵਾਂ ਹਿੱਸਾ ਤੈਅ ਹੁੰਦਾ ਸੀ। ਉਹ ਕਿਸਾਨ ਨਾਲ ਵਾਧੇ-ਘਾਟੇ ਦਾ ਵੀ ਬਰਾਬਰ ਜ਼ਿੰਮੇਵਾਰ ਹੁੰਦਾ ਸੀ। ਇਸ ‘ਤੇ ਸੰਤ ਰਾਮ ਉਦਾਸੀ ਨੇ ਲਿਖਿਆ ਹੈ:
ਗਲ ਲੱਗ ਕੇ ਸੀਰੀ ਦੇ ਜੱਟ ਰੋਇਆ
ਬੋਹਲਾਂ ਵਿੱਚੋਂ ਨੀਰ ਵਗਿਆ।
ਫੜ ਤਰੰਗਲੀ ਨਸੀਬਾਂ ਨੂੰ ਫਰੋਲੀਏ
ਤੂੜੀ ਵਿੱਚੋਂ ਪੁੱਤ ਜਗਿਆ।
ਇਸੇ ਤਰ੍ਹਾਂ ਲਾਣਾ ਬੰਦੀ ਵਾਹੀ ਦੀ ਭਾਈਵਾਲੀ ਦਾ ਇੱਕ ਤਰੀਕਾ ਸੀ। ਭਾਈ ਕਾਹਨ ਸਿੰਘ ਨਾਭਾ ‘ਮਹਾਨ ਕੋਸ਼’ ਅਨੁਸਾਰ ਲਾਣਾ ਦਾ ਅਰਥ ਵੱਢੀ ਹੋਈ ਫ਼ਸਲ ਦਾ ਅੰਬਾਰ ਹੈ। ਪੰਜਾਬੀ ਸੱਭਿਆਚਾਰ ਸ਼ਬਦਾਵਲੀ ਕੋਸ਼ ਅਨੁਸਾਰ ਲਾਣੇਦਾਰ ਦਾ ਅਰਥ ਘਰ ਦਾ ਮੋਹਰੀ ਜਾਂ ਆਗੂ ਹੈ ਪਰ ਅਣਵੰਡੇ ਪੰਜਾਬ ਦੇ ਜੀਂਦ ਅਤੇ ਥਾਨੇਸਰ ਦੇ ਇਲਾਕਿਆਂ ਵਿੱਚ ਇਹ ਵੰਡ ਵਾਰੀ ਦੀ ਭਾਈਵਾਲੀ ਨਾਲ ਸਬੰਧ ਰੱਖਦੀ ਸੀ। ਲਾਣਾਬੰਦੀ ਵਿੱਚ ਭਾਈਵਾਲੀ ਦਾ ਤਰੀਕਾ ਇਹ ਹੁੰਦਾ ਸੀ ਕਿ ਕਿਸੇ ਧਿਰ ਦਾ ਬਲ਼ਦ ਹੋਵੇ ਅਤੇ ਕਿਸੇ ਦੂਜੀ ਧਿਰ ਦਾ ਮਨੁੱਖ ਹੋਵੇ ਤਾਂ ਖੇਤੀ ਦੀ ਵੰਡ ਵੇਲੇ ਮਨੁੱਖ ਅਤੇ ਬਲ਼ਦ ਦਾ ਹਿੱਸਾ ਬਰਾਬਰ ਗਿਣਿਆ ਜਾਂਦਾ ਸੀ। ਲਾਣਾ ਚਹੁੰ ਬਲ਼ਦਾਂ ਅਤੇ ਦੋ ਆਦਮੀਆਂ ਦਾ ਗਿਣਿਆ ਜਾਂਦਾ ਸੀ।
ਪਿੰਡ ਦੇ ਸਾਂਝੇ ਕੰਮਾਂ ਦੀ ਵੰਡ ਕਰਨ ਲਈ ਜਾਂ ਬਾਹਰੋਂ ਆਈ ਫ਼ੌਜ ਦਾ ਖ਼ਰਚਾ ਝੱਲਣ ਲਈ ਪਿੰਡਾਂ ਵਿੱਚ ਵਾਰੀ ਬੰਨ੍ਹ ਦਿੱਤੀ ਜਾਂਦੀ ਸੀ, ਜਿਸ ਨੂੰ ਠੀਕਰੀ ਪਹਿਰਾ ਕਿਹਾ ਜਾਂਦਾ ਸੀ। ਕੰਮ ਦੀ ਵੰਡ ਸਹੀ ਅਤੇ ਵਾਰੀ ਸਿਰ ਕਰਨ ਲਈ ਪਿੰਡ ਦੇ ਸਾਰੇ ਲੋਕਾਂ ਦੇ ਨਾਂ ਠੀਕਰੀਆਂ ਉੱਤੇ ਲਿਖ ਕੇ ਘੜਾ ਭਰ ਲਿਆ ਜਾਂਦਾ ਸੀ। ਭਰੇ ਹੋਏ ਘੜੇ ਲਾਗੇ ਇਹ ਹੋਰ ਖਾਲੀ ਘੜਾ ਰੱਖ ਲਿਆ ਜਾਂਦਾ ਸੀ। ਪਹਿਲੇ ਘੜੇ ਵਿੱਚੋਂ ਹਰ ਰੋਜ਼ ਇੱਕ ਠੀਕਰੀ ਕੱਢ ਲਈ ਜਾਂਦੀ, ਜਿਸ ਨਾਂ ਦੀ ਠੀਕਰੀ ਨਿਕਲਦੀ ਫ਼ੌਜ ਦਾ ਖ਼ਰਚਾ ਚੁੱਕਣ ਜਾਂ ਪਹਿਰਾ ਦੇਣ ਦੀ ਜ਼ਿੰਮੇਵਾਰੀ ਉਸੇ ਦੀ ਹੁੰਦੀ। ਉਹ ਠੀਕਰੀ ਖਾਲੀ ਘੜੇ ਵਿੱਚ ਪਾ ਦਿੱਤੀ ਜਾਂਦੀ। ਇਸ ਤਰ੍ਹਾਂ ਵਾਰੀ ਸਿਰ ਠੀਕਰੀ ਪਹਿਰਾ ਚਲਦਾ ਰਹਿੰਦਾ ਸੀ। ਜਦੋਂ ਉਹ ਘੜਾ ਬਿਲਕੁਲ ਖਾਲੀ ਹੋ ਜਾਂਦਾ ਦੂਜੇ ਭਰੇ ਹੋਏ ਘੜੇ ਵਿੱਚੋਂ ਵਾਰੀ ਸਿਰ ਇੱਕ ਠੀਕਰੀ ਕੱਢ ਕੇ ਪਹਿਲੇ ਘੜੇ ਵਿੱਚ ਪਾ ਦਿੱਤੀ ਜਾਂਦੀ ਸੀ।
ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਆਪਣੇ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਠੀਕਰੀ ਪਹਿਰੇ ਲਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਸੱਭਿਆਚਾਰ ਨਾਲ ਧੁਰ ਅੰਦਰ ਤੋਂ ਜੁੜੀਆਂ ਰਹਿ ਸਕਣ।

– ਸਤਨਾਮ ਸਿੰਘ

Widgetized Section

Go to Admin » appearance » Widgets » and move a widget into Advertise Widget Zone