Last UPDATE: August 30, 2014 at 7:57 pm

ਵਿਦਿਆਰਥੀ ਚੋਣਾਂ ਲਈ ਪੁਲੀਸ ਵੱਲੋਂ ਯੂਨੀਵਰਸਿਟੀ ਦੀ ਕਿਲ੍ਹਾਬੰਦੀ

* ਇਕ ਹਜ਼ਾਰ ਮੁਲਾਜ਼ਮਾਂ ਦੀ ਛਤਰ ਛਾਇਆ ‘ਚ ਹੋਣਗੀਆਂ ਚੋਣਾਂ * ਯੂਨੀਵਰਸਿਟੀ ਦੇ ਸਾਰੇ ਗੇਟ ਕੀਤੇ ਸੀਲ

*  ਸਟੂਡੈਂਟਸ ਸੈਂਟਰ ਸਮੇਤ ਵਰਸਿਟੀ ਦੀਆਂ ਨਾਜ਼ੁਕ ਥਾਵਾਂ ‘ਤੇ 24 ਘੰਟੇ ਸੁਰੱਖਿਆ ਦੇ ਪ੍ਰਬੰਧ
*  ਯੂਨੀਵਰਸਿਟੀ ਕੈਂਪਸ, ਐਸਡੀ ਕਾਲਜ, ਡੀਏਵੀ ਕਾਲਜ ਤੇ ਖਾਲਸਾ ਕਾਲਜ ਐਲਾਨੇ ਨਾਜ਼ੁਕ

ਚੰਡੀਗੜ੍ਹ ਦੇ ਸੈਕਟਰ 11 ਦੇ ਸਰਕਾਰੀ ਕਾਲਜ(ਲੜਕੇ) ਵਿੱਚ ਪੁਲੀਸ ਮੁਲਾਜ਼ਮ ਤੇ ਵਿਦਿਆਰਥੀ ਆਪਸ ਵਿੱਚ ਖਹਿਬੜਦੇ ਹੋਏ। -ਫੋਟੋ:ਪੰਜਾਬੀ ਟ੍ਰਿਬਿਊਨ

ਤਰਲੋਚਨ ਸਿੰਘ/ਟ.ਨ.ਸ.
ਚੰਡੀਗੜ੍ਹ, 30 ਅਗਸਤ
ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਤ ਕਾਲਜਾਂ ਦੀਆਂ 5 ਸਤੰਬਰ ਨੂੰ ਹੋਣ ਵਾਲੀਆਂ ਸਟੂਡੈਂਟ ਕੌਂਸਲ ਚੋਣਾਂ ਇੱਕ ਹਜ਼ਾਰ ਪੁਲੀਸ ਮੁਲਾਜ਼ਮਾਂ ਦੀਆਂ ਡਾਂਗਾਂ ਅਤੇ ਹਥਿਆਰਾਂ ਦੀ ਛਾਂ ਹੇਠ ਹੋਣਗੀਆਂ। ਚੰਡੀਗੜ੍ਹ ਪੁਲੀਸ ਨੇ ਪੰਜਾਬ ਯੂਨੀਵਰਸਿਟੀ ਸੈਕਟਰ-14 ਦੇ ਸਮੂਹ ਛੇ ਗੇਟਾਂ ਨੂੰ ਅੱਜ ਤੋਂ ‘ਸੀਲ’ ਕਰ ਦਿੱਤਾ ਹੈ। ਹੁਣ ਪੁਲੀਸ ਦੀ ਇਜਾਜ਼ਤ ਤੋਂ ਬਿਨਾਂ ਨਾ ਤਾਂ ਕੋਈ ਬਾਹਰੀ ਵਿਅਕਤੀ ਯੂਨੀਵਰਸਿਟੀ ਕੈਂਪਸ ਵਿੱਚ ਦਾਖ਼ਲ ਹੋ ਸਕੇਗਾ ਅਤੇ ਨਾ ਹੀ ਕੋਈ ਗ਼ਲਤ ਅਨਸਰ ਯੂਨੀਵਰਸਿਟੀ ਵਿੱਚ ਹੁੜਦੰਗ ਮਚਾ ਕੇ ਬਾਹਰ ਨਿਕਲ ਸਕੇਗਾ। ਪੁਲੀਸ ਨੇ ਸੈਕਟਰ-14 ਵਾਲੇ ਪਾਸੇ ਦੇ ਤਿੰਨ ਅਤੇ ਸੈਕਟਰ-25 ਨੂੰ ਲੱਗਦੇ ਤਿੰਨ ਗੇਟਾਂ ਉਪਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਹਨ।
ਯੂਨੀਵਰਸਿਟੀ ਦੇ ਸਾਰੇ ਗੇਟਾਂ ‘ਤੇ ਪੁਲੀਸ ਸਮੇਤ ਵਰਸਿਟੀ ਦੀ ਸਕਿਓਰਟੀ ਦੇ ਕਰਮੀ ਨਿਰੰਤਰ ਤਾਇਨਾਤ ਰਹਿਣਗੇ। ਕੋਈ ਵੀ ਬਾਹਰੀ ਵਿਅਕਤੀ ਚੈਕਿੰਗ ਤੋਂ ਬਿਨਾਂ ਅੰਦਰ ਨਹੀਂ ਜਾ ਸਕੇਗਾ। ਸੈਕਟਰ-11 ਥਾਣੇ ਦੇ ਐਸਐਚਓ ਮਲਕੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੱਲ੍ਹ ਤੱਕ ਸੈਕਟਰ-25 ਵਾਲੇ ਪਾਸੇ ਲੱਗਦੇ ਯੂਨੀਵਰਸਿਟੀ ਦੇ ਤਿੰਨ ਗੇਟਾਂ ਉਪਰ  ਸੀਸੀਟੀਵੀ ਕੈਮਰੇ ਲਾਉਣ ਲਈ ਕਹਿ ਦਿੱਤਾ ਹੈ ਜਦਕਿ ਸੈਕਟਰ-14 ਵਾਲੇ ਪਾਸੇ ਦੇ ਤਿੰਨਾਂ ਗੇਟਾਂ ਉਪਰ ਪਹਿਲਾਂ ਹੀ ਸੀਸੀਟੀਵੀ ਕੈਮਰੇ ਫਿੱਟ ਹਨ। ਸਟੂਡੈਂਟ ਸੈਂਟਰ ਸਮੇਤ ‘ਵਰਸਿਟੀ ਦੀਆਂ ਨਾਜ਼ੁਕ ਥਾਵਾਂ ‘ਤੇ 24 ਘੰਟੇ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਐਸਐਚਓ ਅਨੁਸਾਰ ਯੂਨੀਵਰਸਿਟੀ ਨੇ ਪ੍ਰਸ਼ਾਸਨ ਨੂੰ ਵੀਡੀਓ ਕੈਮਰਿਆਂ ਦਾ ਪ੍ਰਬੰਧ ਕਰਨ ਲਈ ਵੀ ਕਹਿ ਦਿੱਤਾ ਹੈ ਜਿਸ ਤਹਿਤ ਪੁਲੀਸ ਮੁਲਾਜ਼ਮ ਵੀਡੀਓ ਕੈਮਰਿਆਂ ਨਾਲ ਲੈਸ ਹੋ ਕੇ ਯੂਨੀਵਰਸਿਟੀ ਅੰਦਰ ਗਸ਼ਤ ਕਰਨਗੇ ਅਤੇ ਜਿੱਥੇ ਵੀ ਜ਼ਿਆਦਾ ਭੀੜ-ਭੜੱਕਾ ਜਾਂ ਰੌਲਾ ਹੋਵੇਗਾ, ਉਹ ਤੁਰੰਤ ਉਸ ਥਾਂ ਦੀ ਵੀਡੀਓਗ੍ਰਾਫੀ ਕਰਨਗੇ। ਮਲਕੀਤ ਸਿੰਘ ਨੇ ਦੱਸਿਆ ਕਿ ਐਤਕੀਂ ਸੁਰੱਖਿਆ ਦੇ ਅਜਿਹੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਕਿ ਕੋਈ ਵੀ ਗ਼ਲਤ ਅਨਸਰ ਯੂਨੀਵਰਸਿਟੀ ਵਿੱਚ ਕਿਸੇ ਤਰ੍ਹਾਂ ਦੀ ਗੜਬੜ ਕਰਕੇ ਬਾਹਰ ਨਹੀਂ ਨਿਕਲ ਸਕੇਗਾ।

ਐਨਐਸਯੂਆਈ ਵੱਲੋਂ ਐਲਾਨੇ ਗਏ ਉਮੀਦਵਾਰ ਸਚਿਨ(ਜਾਇੰਟ ਸਕੱਤਰ), ਅੰਕੁਰ(ਜਨਰਲ ਸਕੱਤਰ), ਸਨਿਗਧਾ(ਉਪ ਪ੍ਰਧਾਨ) ਤੇ ਦਿਵਿਆਂਸ਼ੂ(ਪ੍ਰਧਾਨ) ਖੁਸ਼ੀ ਦੇ ਰੌਂਅ ਵਿੱਚ। ਫੋਟੋ:ਐਸ ਚੰਦਨ

ਉਧਰ ਪੁਲੀਸ ਹੈੱਡ ਕੁਆਰਟਰ ਨੇ ਹੁਣ ਤੋਂ ਹੀ ਯੂਨੀਵਰਸਿਟੀ ਅਤੇ ਸਬੰਧਿਤ ਕਾਲਜਾਂ ਸੈਕਟਰ-11, 42 ਤੇ 46 ਦੇ ਸਰਕਾਰੀ ਕਾਲਜਾਂ, ਡੀਏਵੀ ਕਾਲਜ ਸੈਕਟਰ-10, ਐਸਡੀ ਕਾਲਜ ਸੈਕਟਰ-32, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26, ਦੇਵ ਸਮਾਜ ਕਾਲਜ ਸੈਕਟਰ-45  ਅਤੇ ਐਮਸੀਐਮ ਡੀਏਵੀ ਕਾਲਜ ਸੈਕਟਰ-36 ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ। ਐਸਐਸਪੀ ਡਾ. ਸੁਖਚੈਨ ਸਿੰਘ ਗਿੱਲ ਨੇ 5 ਸਤੰਬਰ ਨੂੰ ਯੂਨੀਵਰਸਿਟੀ ਅਤੇ ਸਬੰਧਿਤ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਲਈ ਸੁਰੱਖਿਆ ਦਾ ਪੂਰਾ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਇਸ ਦਿਨ ਤਕਰੀਬਨ ਹਜ਼ਾਰ ਦੇ ਕਰੀਬ ਪੁਲੀਸ ਅਧਿਕਾਰੀ ਅਤੇ ਮੁਲਾਜ਼ਮ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਰਹਿਣਗੇ। ਸੁਰੱਖਿਆ ਪ੍ਰਬੰਧਾਂ ਦੀ ਕਮਾਂਡ 10 ਡੀਐਸਪੀਜ਼, ਦੋ ਦਰਜਨ ਇੰਸਪੈਕਟਰਾਂ ਅਤੇ ਚਾਰ ਦਰਜਨ ਐਨਜੀਓਜ਼ ਦੇ ਹਵਾਲੇ ਹੋਵੇਗੀ। ਚੋਣਾਂ ਦੌਰਾਨ ਵਿਦਿਆਰਥਣਾਂ ਦੇ ਵਿਆਪਕ ਪੱਧਰ ‘ਤੇ ਸਰਗਰਮ ਹੋਣ ਕਾਰਨ ਮਹਿਲਾ ਪੁਲੀਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜਿੱਥੇ ਯੂਨੀਵਰਸਿਟੀ ਵਿੱਚ ਪੰਜ ਪੀਸੀਆਰ ਵਾਹਨ ਪੱਕੇ ਤੌਰ ‘ਤੇ ਗਸ਼ਤ ਕਰਨਗੇ, ਉਥੇ ਹਰੇਕ ਕਾਲਜ ਮੂਹਰੇ ਵੀ ਇੱਕ-ਇੱਕ ਪੀਸੀਆਰ ਵਾਹਨ ਤਾਇਨਾਤ ਰਹੇਗੀ। ਪੁਲੀਸ ਖਾਸ ਕਰਕੇ ਯੂਨੀਵਰਸਿਟੀ ਕੈਂਪਸ, ਡੀਏਵੀ ਕਾਲਜ, ਐਸਡੀ ਕਾਲਜ ਅਤੇ ਖਾਲਸਾ ਕਾਲਜ ਨੂੰ ਨਾਜ਼ੁਕ ਸਥਾਨਾਂ ਵਜੋਂ ਲੈ ਰਹੀ ਹੈ। ਇਨ੍ਹਾਂ ਥਾਵਾਂ ‘ਤੇ ਸੁਰੱਖਿਆ ਦੇ ਹੋਰ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਏਬੀਵੀਪੀ ਵੱਲੋਂ ਐਲਾਨੇ ਗਏ ਉਮੀਦਵਾਰ ਅੰਕੁਸ਼ (ਪ੍ਰਧਾਨ), ਮਨਪ੍ਰੀਤ ਕੌਰ(ਉਪ ਪ੍ਰਧਾਨ), ਸ਼ੀਨੂੰ(ਜਨਰਲ ਸਕੱਤਰ) ਤੇ ਕੇਸ਼ਵ(ਜਾਇੰਟ ਸਕੱਤਰ) ਸਾਂਝੀ ਤਸਵੀਰ ਖਿਚਵਾਉਂਦੇ ਹੋਏ। -ਫੋਟੋ:ਐਸ.ਚੰਦਨ

30 ਆਗੂਆਂ ਨੂੰ ਜ਼ਮਾਨਤੀ ਬਾਂਡ ਭਰਨ ਦੇ ਹੁਕਮ

ਪੁਲੀਸ ਨੇ ਬੀਤੇ ਤੋਂ ਸਬਕ ਲੈਂਦਿਆਂ   ਵਿਦਿਆਰਥੀ ਚੋਣਾਂ ਦੇ ਮੱਦੇਨਜ਼ਰ ਐਤਕੀਂ ਢਾਈ ਦਰਜਨ ਦੇ ਕਰੀਬ ਵਿਦਿਆਰਥੀ ਆਗੂਆਂ ਦੀ ‘ਪੰਗੇਬਾਜ਼ਾਂ’ ਵਜੋਂ ਨਿਸ਼ਾਨਦੇਹੀ ਕੀਤੀ ਹੈ। ਸੀਆਈਡੀ ਵਿੰਗ ਦੀ ਰਿਪੋਰਟ ਅਨੁਸਾਰ ਤਕਰੀਬਨ ਸਮੂਹ ਵਿਦਿਆਰਥੀ ਜਥੇਬੰਦੀਆਂ ਸੋਪੂ, ਪੁਸੂ, ਸੋਈ, ਐਨਐਸਯੂਆਈ, ਐਚਐਸਏ ਅਤੇ ਏਬੀਵੀਪੀ ਦੇ ਢਾਈ ਦਰਜਨ ਦੇ ਕਰੀਬ ਵਿਦਿਆਰਥੀ ਆਗੂ ਚੋਣਾਂ ਦੌਰਾਨ ਸ਼ਾਂਤੀ ਭੰਗ ਕਰ ਸਕਦੇ ਹਨ। ਪੁਲੀਸ ਨੇ ਇਨ੍ਹਾਂ ਵਿਦਿਆਰਥੀ ਆਗੂਆਂ ਦੇ 107/150 ਦੇ ਕਲੰਦਰੇ ਕੱਟ ਕੇ ਐਸਡੀਐਮ (ਕੇਂਦਰੀ) ਦੀ ਅਦਾਲਤ ਵਿੱਚ ਪੇਸ਼ ਕੀਤੇ ਹਨ। ਇਨ੍ਹਾਂ ਆਗੂਆਂ ਨੂੰ 2 ਸਤੰਬਰ ਨੂੰ ਐਸਡੀਐਮ ਕੋਲ ਪੋਸ਼ ਹੋ ਕੇ ਜ਼ਮਾਨਤੀ ਬੌਂਡ ਭਰਨ ਲਈ ਕਿਹਾ ਗਿਆ ਹੈ। ਜਰਮਨ ਅਤੇ ਫਰੈਂਚ ਵਿਭਾਗ ਦੀ ਚੋਣਾਂ ‘ਚ ਕੋਈ ਦਿਲਚਸਪੀ ਨਹੀਂ ਯੂਨੀਵਰਸਿਟੀ ਦੇ ਜਰਮਨ ਅਤੇ ਫਰੈਂਚ ਵਿਭਾਗਾਂ ਦੇ ਵਿਦਿਆਰਥੀਆਂ ਦੀ ਚੋਣਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇਨ੍ਹਾਂ ਵਿਭਾਗਾਂ ਦਾ ਕੋਈ ਵੀ ਵਿਦਿਆਰਥੀ ਵਿਭਾਗ ਪ੍ਰਤੀਨਿਧ (ਡੀਆਰ) ਬਣਨ ਦਾ ਚਾਹਵਾਨ ਨਹੀਂ ਹੈ। ਇਸ ਤਰ੍ਹਾਂ 41 ਵਿਭਾਗਾਂ ਵਿੱਚ ਡੀਆਰ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ ਅਤੇ 22 ਵਿਭਾਗਾਂ ਦੇ 52 ਡੀਆਰ ਦੀ ਚੋਣ ਹੋਵੇਗੀ।

ਪੁਸੂ ਵੱਲੋਂ ਅੱਜ ਐਲਾਨੇ ਗਏ ਅਹੁਦੇਦਾਰ (ਖੱਬਿਓਂ ਸੱਜੇ) ਅਭਿਸ਼ੇਕ ਥਾਪਰ (ਜਾਇੰਟ ਸਕੱਤਰ), ਨੀਰਜ ਕਰਬ (ਸਕੱਤਰ) ਤੇ ਅਨਿਲ ਸ਼ਰਮਾ(ਪ੍ਰਧਾਨ) ਸਾਥੀ ਵਿਦਿਆਰਥੀਆਂ ਨਾਲ ਖੁਸ਼ੀ ਜ਼ਾਹਿਰ ਕਰਦੇ ਹੋਏ। – ਫੋਟੋ:ਐਸ.ਚੰਦਨ

ਉਮੀਦਵਾਰਾਂ ਦੀ ਸੂਚੀ ਜਾਰੀ   

ਯੂਨੀਵਰਸਿਟੀ ਪ੍ਰਸ਼ਾਸਨ ਨੇ ਅੱਜ ਕੁੱਲ ਵੋਟਰਾਂ ਅਤੇ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਸੂਚੀ ਮੁਤਾਬਕ ਕੁੱਲ ਵਿਦਿਆਰਥੀਆਂ (ਵੋਟਰਾਂ) ਦੀ ਗਿਣਤੀ 14,204 ਹੈ ਅਤੇ 116 ਡੀਆਰ ਚੁਣੇ ਜਾਣਗੇ। ਚੋਣਾਂ ਲਈ 184  ਬੂਥ ਬਣਾਏ ਗਏ ਹਨ। ਪ੍ਰਧਾਨ ਦੇ ਅਹੁਦੇ ਲਈ ਅਮਨਦੀਪ ਕੌਰ (ਅੰਗਰੇਜ਼ੀ), ਅਨਿਲ ਸ਼ਰਮਾ  (ਬਾਇਓ ਫਿਜ਼ਿਕਸ), ਅੰਕੁਸ਼ ਗੁਪਤਾ (ਲਾਅ), ਦਿਵਿਆਂਸ਼ੂ ਬੁੱਧੀਰਾਜਾ (ਯੂਆਈਈਟੀ), ਗੁਰਵਿੰਦਰ ਸਿੰਘ (ਪਬਲਿਕ ਹੈਲਥ), ਨਿਸ਼ਾਂਤ ਮਨੀ (ਯੂਆਈਐਲਐਸ) ਅਤੇ ਰਚਿਤ ਦੁੱਗਲ (ਯੂਆਈਈਟੀ)  ਉਮੀਦਵਾਰ ਹਨ। ਇਸੇ ਤਰ੍ਹਾਂ ਮੀਤ ਪ੍ਰਧਾਨ ਲਈ ਮਨਪ੍ਰੀਤ ਕੌਰ, ਰਮਨਦੀਪ ਕੌਰ ਸੀਵੀਆ, ਸਨਿਗਧਾ ਬਾਵਾ ਅਤੇ ਸੁਨਿਮਰਤ ਕੌਰ ਮੈਦਾਨ ਵਿੱਚ ਹਨ। ਸਕੱਤਰ ਦੇ ਅਹੁਦੇ ਲਈ ਅੰਕੁਰ ਸੇਹਰਾਵਤ, ਦਿਵਜਿਓਤ ਸੰਧੂ, ਨੀਰਜ ਖਰਬ, ਸ਼ੀਨੂ ਬਾਲਾ ਤੇ ਸੋਮਨਾਥ ਠਾਕੁਰ ਮੈਦਾਨ ਵਿੱਚ ਹਨ।  ਇਸੇ ਤਰ੍ਹਾਂ ਜਾਇੰਟ ਸਕੱਤਰ ਦੀ ਚੋਣ ਅਭਿਸ਼ੇਕ ਥਾਪਰ, ਅੰਕੁਰ ਕੁਮਾਰ, ਕੇਸ਼ਵ ਦੀਪ ਸਿੰਘ, ਪੂਜਾ ਸ਼ਰਮਾ ਅਤੇ ਸਚਿਨ ਕੰਵਰ ਲੜ ਰਹੇ ਹਨ।

ਨਾਂ ਵਾਪਸੀਆਂ ਤੋਂ ਬਾਅਦ ਚੋਣ ਪਿੜ ਭਖ਼ਿਆ

ਚੰਡੀਗੜ੍ਹ (ਸੁਖਵਿੰਦਰਪਾਲ ਸੋਢੀ):  ਉਮੀਦਵਾਰਾਂ ਵੱਲੋਂ ਵਿਦਿਆਰਥੀ ਚੋਣਾਂ ਵਿਚੋਂ ਨਾਂ ਵਾਪਸ ਲੈਣ ਬਾਅਦ  ਸ਼ਹਿਰ ਦੇ ਕਾਲਜਾਂ ਵਿਚ ਅੱਜ ਮੈਦਾਨ ਵਿੱਚ ਰਹਿ ਗਏ ਉਮੀਦਵਾਰ ਆਹਮੋ ਸਾਹਮਣੇ ਆ ਗਏ ਹਨ। ਇਨ੍ਹਾਂ ਉਮੀਦਵਾਰਾਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿਤਾ ਹੈ। ਅੱਜ ਪੁਲੀਸ ਦੀ ਮੁਸਤੈਦੀ ਕਾਰਨ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਕਾਲਜਾਂ ਵਿਚ ਸ਼ਾਂਤੀ ਰਹੀ। ਕਈ ਕਾਲਜਾਂ ਵਿਚ ਨਿਰਵਿਰੋਧ ਉਮੀਦਵਾਰ ਚੁਣੇ ਜਾਣ ਕਾਰਨ ਚੋਣਾਂ ਨਹੀਂ ਹੋਣਗੀਆਂ।  ਐਸ ਡੀ ਕਾਲਜ ਵਿਚ ਕਲ੍ਹ ਦੇ ਹੰਗਾਮੇ ਤੋਂ ਬਾਅਦ ਅੱਜ ਫੇਰ ਐਸਡੀ ਕਾਲਜ ਯੂਨੀਅਨ ਦੇ ਸਮਰਥਕਾਂ ਨੇ ਸੋਈ ਸਮਰਥਕਾਂ ਨਾਲ ਖਿੱਚਧੂਹ ਕੀਤੀ। ਐਸ ਡੀ ਕਾਲਜ ਯੂਨੀਅਨ ਨੇ ਬੈਠਣ ਵਾਲੀਆਂ ਸੀਟਾਂ ਤੇ ਹੋਰ ਥਾਵਾਂ ‘ਤੇ ਪੋਸਟਰਾਂ ਲਾਏ ਹੋਏ ਸਨ ਜਿਸ ‘ਤੇ ਵਿਦਿਆਰਥੀਆਂ ਵਲੋਂ ਬੈਠਣ ਕਾਰਨ ਝਗੜਾ ਵਧ ਗਿਆ ਪਰ ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਵਿਦਿਆਰਥੀ ਉਥੋਂ ਖਿਸਕ ਗਏ। ਇਸ ਕਾਲਜ ਵਿਚ ਸੋਈ,ਪੁਸੂ ਤੇ ਇਨਸੋ ਦਾ ਗਠਜੋੜ ਬਣਨ ਨਾਲ ਪ੍ਰਧਾਨਗੀ ਲਈ ਜਸਕੀਰਤ ਸਿੰਘ ਉਮੀਦਵਾਰ ਹੋਣਗੇ। ਇਸੇ ਪੈਨਲ ਦੇ ਵਾਈਸ ਪ੍ਰਧਾਨ ਲਈ ਲਵਲੀਨ ਸ਼ਰਮਾ, ਸਕੱਤਰ ਲਈ ਰਵਨੀਤ ਧਾਲੀਵਾਲ ਤੋੇ ਜਾਇੰਟ ਸਕੱਤਰ ਲਈ ਵਿਕਾਸ ਮਲਿਕ ਉਮੀਦਵਾਰ ਹੋਣਗੇ ਜਦਕਿ ਉਨ੍ਹਾਂ ਦੇ ਮੁਕਾਬਲੇ ´ਮਵਾਰ ਸਚਿਨ,ਪਲਕ ਸਤੀਜਾ,ਹਿਬਾ ਵਡੇਰਾ ਤੇ ਪਰਵੀਨ ਅਰੋੜਾ ਮੈਦਾਨ ਵਿੱਚ ਹਨ। ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੱੈਨ,ਸੈਕਟਰ 26 ਵਿਚ ਸਾਰੇ ਉਮੀਦਵਾਰ ਨਿਰਵਿਰੋਧ ਚੁਣੇ ਜਾਣ ਕਾਰਨ ਇਥੇ ਚੋਣਾਂ ਨਹੀਂ ਹੋਣਗੀਆਂ।  ਜੀਸੀਜੀ ਸੈਕਟਰ 11 ਵਿਚ ਸਿਰਫ ਵਾਈਸ ਪ੍ਰਧਾਨ ਲਈ ਚੋਣਾਂ ਹੋਣਗੀਆਂ। ਇਥੇ ਪ੍ਰਧਾਨਗੀ ਲਈ ਸ਼ਿਵਾਂਗੀ ਵਾਲੀਆ ਤੇ ਸਕੱਤਰ ਲਈ ਪਰਨੀਤ ਸੋਨੀ ਨਿਰਵਿਰੋਧ ਚੁਣੀਆਂ ਗਈਆਂ ਹਨ। ਜੀਸੀਐਮ,ਸੈਕਟਰ 11 ਵਿਚ ਪੁਸੂ,ਐਚ ਐਸ ਏ, ਐਚ ਪੀ ਐਸ ਯੂ,ਸੋਪੂ ਤੇ ਐਨ ਐਸ ਓ ਵਿਚ ਗਠਜੋੜ ਹੋਣ ਨਾਲ ਇਥੇ ਪ੍ਰਧਾਨਗੀ ਲਈ ਗਗਨਦੀਪ ਸਿੰਘ ਉਮੀਦਵਾਰ ਹੋਣਗੇ,ਜਦਕਿ ਉਸ ਵਿਰੁਧ ਸੋਈ,ਇਨਸੋ,ਜੀਸੀਐਸਯੂ ਤੇ ਹਿਮਸੋ ਵੱਲੋਂ ਪਰਦੀਪ ਕੁਮਾਰ ਮੈਦਾਨ ਵਿਚ ਹੈ। ਇਥੇ ਹੋਸਟਲ ਵਿਚ ਮਿਆਰੀ ਖਾਣਾ ਨਾ ਮਿਲਣ ਕਾਰਨ ਕੱਲ੍ਹੇ ਤੋਂ ਸ਼ੁਰੂ ਕੀਤੀ ਹੜਤਾਲ ਪ੍ਰਿਸੀਪਲ ਵਲੋਂ ਦਿੱਤੇ ਭਰੋਸੇ ਮਗਰੋਂ ਅੱਜ ਖਤਮ ਹੋ ਗਈ। ਡੀਏਵੀ ਕਾਲਜ ਸੈਕਟਰ 10 ਵਿਚ ਪ੍ਰਧਾਨਗੀ ਲਈ ਪੰਜ ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ,ਸੈਕਟਰ 26 ਵਿਚ ਪ੍ਰਧਾਨਗੀ ਲਈ ਦਲੀਪ ਸਿੰਘ, ਹਰਮਨਦੀਪ, ਰਮਨਦੀਪ ਕੌਰ ਤੇ ਸਤਵਿੰਦਰ ਚੋਣ ਮੈਦਾਨ ਵਿੱਚ ਹਨ। ਸਰਕਾਰੀ ਕਾਲਜ ਸੈਕਟਰ 46 ਵਿਚ ਪ੍ਰਧਾਨਗੀ ਲਈ ਅਭੀਜੋਤ ਤੇ ਵਿਵੇਕ ਸਾਂਗਵਾਨ ਵਿਚਕਾਰ ਮੁਕਾਬਲਾ ਹੈ।

Widgetized Section

Go to Admin » appearance » Widgets » and move a widget into Advertise Widget Zone