Last UPDATE: August 27, 2014 at 7:54 pm

ਵਿਦਿਆਰਥੀ ਕੌਂਸਲ ਚੋਣਾਂ: ਪੰਜਾਬ ਯੂਨੀਵਰਸਿਟੀ ਵਿੱਚ ਚੋਣ ਜ਼ਾਬਤਾ ਲਾਗੂ

* ਅਮਨ-ਸ਼ਾਂਤੀ ਲਈ ਯੂਨੀਵਰਸਿਟੀ ਨੇ ਲਗਾਈਆਂ ਕਈ ਰੋਕਾਂ

* ਪਹਿਲੀ ਵਾਰ ਲਾਏ ਜਾਣਗੇ ਚੋਣ ਨਿਗ਼ਰਾਨ

* ਜੇਤੂ ਰੈਲੀ ਕਰਨ ਦੀ ਵੀ ਮਨਾਹੀ

ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ 'ਚ ਬੁੱਧਵਾਰ ਨੂੰ ਵਿਦਿਆਰਥੀ ਜਥੇਬੰਦੀ ਹਿਮਸੂ ਦੇ ਕਾਰਕੁਨ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਐਸ. ਚੰਦਨ

ਕਮਲਜੀਤ ਸਿੰਘ ਬਨਵੈਤ/ਟ.ਨ.ਸ.
ਚੰਡੀਗੜ੍ਹ, 27 ਅਗਸਤ
ਪੰਜਾਬ ਯੂਨੀਵਰਸਿਟੀ ਵੱਲੋਂ ਵਿਦਿਆਰਥੀ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਂਪਸ ਸਮੇਤ ਕਾਲਜਾਂ ‘ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਪੰਜ ਸਤੰਬਰ ਨੂੰ ਹੋਣਗੀਆਂ। ਇਸ ਦੇ ਨਾਲ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਡੀਨ ਵਿਦਿਆਰਥੀ ਭਲਾਈ ਪ੍ਰੋ. ਨਵਦੀਪ ਗੋਇਲ ਨੇ ਦੱਸਿਆ ਕਿ ਨਾਮਜ਼ਦਗੀਆਂ 29 ਤੋਂ ਸ਼ੁਰੂ ਹੋਣਗੀਆਂ ਅਤੇ ਵਿਦਿਆਰਥੀਆਂ ਜਥੇਬੰਦੀਆਂ ਨੂੰ ਅਹੁਦੇਦਾਰਾਂ ਦੇ ਨਾਵਾਂ ਤੇ ਗਠਜੋੜ ਕਰਨ ਵਾਸਤੇ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਚੋਣਾਂ ‘ਚ ਅਮਨ ਅਮਾਨ ਕਾਇਮ ਰੱਖਣ ਵਾਸਤੇ ਕਈ ਸਖ਼ਤ ਫੈਸਲੇ ਲਏ ਗਏ ਹਨ। ਇਹ ਪਹਿਲੀ ਵਾਰ ਹੈ ਜਦੋਂ ਯੂਨੀਵਰਸਿਟੀ ਵੱਲੋਂ ਚੋਣ ਅਬਜ਼ਰਵਰ ਲਾਏ ਜਾ ਰਹੇ ਹਨ।
ਕੌਂਸਲ ਦੇ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਤੋਂ ਬਿਨਾਂ ਵੱਖ ਵੱਖ ਵਿਭਾਗਾਂ ਦੇ ਪ੍ਰਤੀਨਿਧਾਂ ਲਈ ਵੋਟਾਂ ਪੈਣਗੀਆਂ ਤੇ ਨਤੀਜੇ ਦਾ ਐਲਾਨ ਵੀ ਉਸੇ ਦਿਨ ਕਰ ਦਿੱਤਾ ਜਾਵੇਗਾ। ਕੈਂਪਸ ਵਿੱਚ ਸ਼ਨਿਚਰਵਾਰ ਦੀ ਛੁੱਟੀ ਹੁੰਦੀ ਹੈ ਪਰ ਇਸ ਵਾਰ ਵਰਕਿੰਗ ਡੇਅ ਹੋਵੇਗਾ। ਇਸ ਦੇ ਬਦਲੇ ਅੱਠ ਸਤੰਬਰ ਦੀ ਛੁੱਟੀ ਰਵੇਗੀ। ਡੀਨ ਵਿਦਿਆਰਥੀ ਭਲਾਈ ਪ੍ਰੋ. ਗਰੋਵਰ ਨੇ ਦੱਸਿਆ ਕਿ ਇਸ ਵਾਰ ਉਮੀਦਵਾਰਾਂ ਦੇ ਚੋਣ ਖ਼ਰਚੇ ਉੱਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ।  ਯੂਨੀਵਰਸਿਟੀ ਨੇ ਹਰ ਉਮੀਦਵਾਰ ਨੂੰ ਪੰਜ ਹਜ਼ਾਰ ਰੁਪਏ ਤੱਕ ਖਰਚ ਕਰਨ ਦੀ ਛੋਟ ਦਿੱਤੀ ਹੈ। ਇਸ ਵਾਰ ਵਿਦਿਆਰਥੀ ਜਥੇਬੰਦੀਆਂ ਨੂੰ ਖ਼ਰਚ ਕਰਨ ਦਾ ਲਾਭ ਨਹੀਂ ਦਿੱਤਾ ਗਿਆ ਹੈ। ਪ੍ਰੋ. ਗੋਇਲ ਨੇ ਦੱਸਿਆ ਕਿ ਪਿਛਲੇ ਸਾਲਾਂ ‘ਚ ਦੇਖਿਆ ਗਿਆ ਹੈ ਕਿ ਕਈ ਉਮੀਦਵਾਰਾਂ ਆਪਣਾ ਖ਼ਰਚ ਜਥੇਬੰਦੀ ਦੇ ਖ਼ਾਤੇ ‘ਚ ਪਾ ਦਿੰਦੇ ਹਨ ਜਦੋਂ ਕਿ ਬਾਅਦ ‘ਚ ਜਥੇਬੰਦੀਅ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਮੁੱਕਰ ਜਾਂਦੀਆਂ ਹਨ। ਇਸ ਵਾਰ ਜਥੇਬੰਦੀਆਂ ਨੂੰ ਤੰਬੂ ਲਾਉਣ ਦੀ ਖੁੱਲ੍ਹ ਨਹੀਂ ਦਿੱਤੀ ਗਈ ਹੈ ਜਦੋਂ ਕਿ ਤੰਬੂ ਉਮੀਦਵਾਰਾਂ ਦੇ ਨਾਂ ‘ਤੇ ਅਲਾਟ ਕੀਤੇ ਜਾਣਗੇ। ਉਮੀਦਵਾਰ ‘ਤੇ ਹਰੇਕ ਮੇਜ਼ ਅਤੇ ਕੁਰਸੀ ਦਾ ਇੱਕ ਦਿਨ ਦਾ ਕਿਰਾਇਆ 45 ਰੁਪਏ ਪਾਇਆ ਜਾਵੇਗਾ। ਇਸ ਤੋਂ ਬਿਨਾਂ 30 ਫੁੱਟ ਵਰਗ ਆਕਾਰ ਦੇ ਤੰਬੂ ਦਾ ਇੱਕ ਦਿਨ ਦਾ ਦੋ ਸੌ ਰੁਪਏ ਕਿਰਾਇਆ ਵੱਖਰਾ ਹੋਵੇਗਾ। ਲੜਕੀਆਂ ਦੇ ਹੋਸਟਲ ‘ਚ ਪ੍ਰਚਾਰ ਲਈ ਸਿਰਫ਼ ਪੰਜ ਵਿਦਿਆਰਥੀ ਜਾ ਸਕਦੇ ਹਨ ਜਦੋਂ ਕਿ ਬਾਹਰਲੇ ਬੰਦਿਆਂ ‘ਤੇ ਰੋਕ ਰਹੇਗੀ। ਲੜਕੀਆਂ ਦੇ ਹੋਸਟਲ ‘ਚ ਸ਼ਾਮ ਸੱਤ ਵਜੇ ਅਤੇ ਲੜਕਿਆਂ ਦੇ ਹੋਸਟਲ ‘ਚ ਰਾਤ ਦਸ ਵਜੇ ਤੱਕ ਪ੍ਰਚਾਰ ਦੀ ਖੁੱਲ੍ਹ ਦਿੱਤੀ ਗਈ ਹੈ। ਚੋਣ ਪ੍ਰਚਾਰ ਲਈ ਵਾਹਨਾਂ ਦੀ ਵਰਤੋਂ ਕਰਨ ‘ਤੇ ਰੋਕ ਰਹੇਗੀ। ਸਿਰਫ਼ ਸਬੰਧਤ ਅਧਿਕਾਰੀਆਂ ਦੀ ਆਗਿਆ ਨਾਲ ਹੀ ਪੈਦਲ ਰੈਲੀਆਂ ਕੱਢੀਆਂ ਜਾ ਸਕਦੀਆਂ ਹਨ ਪਰ ਸਪੀਕਰ ਦੀ ਵਰਤੋਂ ਕਰਨ  ਉਤੇ ਰੋਕ ਹੈ। ਇਸ ਵਾਰ ਚਲਦੀ ਕਲਾਸ ‘ਚ ਵੜ ਕੇ ਚੋਣ ਪ੍ਰਚਾਰ ਕਰਨ ਦੀ ਮਨਾਹੀ ਹੈ ਜਦੋਂ ਕਿ ਅਧਿਆਪਕ ਦੀ ਆਗਿਆ ਨਾਲ ਇੱਕ ਨਿਰਧਾਰਤ ਸਮੇਂ ਲਈ ਭਾਸ਼ਣ ਦਿੱਤਾ ਜਾ ਸਕਦਾ ਹੈ। ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਉਲੰਘਣਾ ਕਰਨ ਵਾਲੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਜਾਣਗੀਆਂ।
ਚੰਡੀਗੜ੍ਹ ਪ੍ਰਸ਼ਾਸਨ ਨੇ ਯੂਨੀਵਰਸਿਟੀ ਨੂੰ ਚੋਣਾਂ ਕਰਾਉਣ ਲਈ ਦਿੱਤੇ ਸਹਿਮਤੀ ਪੱਤਰ ‘ਚ ਕਈ ਤਰ੍ਹਾਂ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ। ਪ੍ਰਸ਼ਾਸਨ ਨੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੇ ਚੋਣ ਲੜਣ ਉੱਤੇ ਰੋਕ ਲਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਹੋਸਟਲਾਂ ‘ਚ ਸ਼ਰਾਬ ਦੀ ਵਰਤੋਂ ‘ਤੇ ਰੋਕ ਲਾਉਣ ਤੇ ਹਥਿਆਰ ਲੈ ਕੇ ਚੱਲਣ ‘ਤੇ ਪੂਰਨ ਰੋਕ ਲਾਉਣ ਲਈ ਵੀ ਕਿਹਾ ਗਿਆ ਹੈ। ਇਸ ਵਾਰ ਜੇਤੂ ਜਲੂਸ ਕੱਢਣ ਦੀ ਵੀ ਆਗਿਆ ਨਹੀਂ ਹੋਵੇਗੀ। ਸਿਰਫ਼ ਸਟੂਡੈਂਟਸ ਸੈਂਟਰ ਵਿੱਚ ਇਕੱਠੇ ਹੋ ਕੇ ਜਸ਼ਨ ਮਨਾਇਆ ਜਾ ਸਕੇਗਾ। ਪ੍ਰਸ਼ਾਸਨ ਦੀਆਂ ਹਦਾਇਤਾਂ ਕਾਲਜਾਂ ‘ਤੇ ਵੀ ਇੰਨ ਬਿਨ ਲਾਗੂ ਮੰਨੀਆਂ ਜਾਣਗੀਆਂ।
ਇਸੇ ਦੌਰਾਨ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਦਾ ਡੈਂਟਲ ਕਾਲਜ ‘ਚ ਰੋਸ ਪ੍ਰਦਰਸ਼ਨ ਜਾਰੀ ਰਿਹਾ ਹੈ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸੱਦੇ ‘ਤੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਉਤਕਾਰਸ਼ ਚੌਧਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਵਿਦਿਆਰਥੀ ਯੂਨੀਅਨ ਵੱਲੋਂ ਵੀ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ।

ਚੋਣਾਂ ਸਬੰਧੀ ਜਾਰੀ ਸਮਾਂ ਸਾਰਣੀ

29 ਅਗਸਤ ਨੂੰ 9.30 ਤੋਂ 10.30 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣਗੀਆਂ। 10.31 ਵਜੇ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ। 12 ਵਜੇ ਦੁਪਿਹਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। 12.30 ਤੋਂ 1.30 ਵਜੇ ਤੱਕ ਇਤਰਾਜ਼ ਮੰਗਣ ਦਾ ਸਮਾਂ ਹੋਵੇਗਾ। 2.30 ਵਜੇ ਉਮੀਦਵਾਰਾਂ ਦੀ ਆਰਜ਼ੀ ਸੂਚੀ ਜਾਰੀ ਕੀਤੀ ਜਾਵੇਗੀ। 30 ਅਗਸਤ ਨੂੰ 10 ਵਜੇ ਸਵੇਰੇ ਉਮੀਦਵਾਰਾਂ ਦੀ ਪੱਕੀ ਸੂਚੀ ਜਾਰੀ ਕੀਤੀ ਜਾਵੇਗੀ। 10.30 ਤੋਂ 12 ਵਜੇ ਕਾਗ਼ਜ਼ ਵਾਪਸ ਲੈਣ ਦਾ ਸਮਾਂ ਹੋਵੇਗਾ। 3 ਵਜੇ ਬਾਅਦ ਦੁਪਿਹਰ ਅੰਤਿਮ ਸੂਚੀ ਜਾਰੀ ਕੀਤੀ ਜਾਵੇਗਾ। ਪੰਜ ਸਤੰਬਰ  9.45 ਤੋਂ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ।

Widgetized Section

Go to Admin » appearance » Widgets » and move a widget into Advertise Widget Zone