Last UPDATE: August 29, 2014 at 4:57 pm

ਵਿਦਿਆਰਥੀਆਂ ਲਈ ਸੰਗਰੂਰ ਤੇ ਧਨੌਲਾ ਤੋਂ ਪੀਆਰਟੀਸੀ ਦੀਆਂ ਵਿਸ਼ੇਸ ਬੱਸਾਂ ਦਾ ਪ੍ਰਬੰਧ

ਮਸਤੂਆਣਾ ਸਾਹਿਬ ਵਿਖੇ ਹਿੰਸਕ ਝੜਪ ਤੋਂ ਬਾਅਦ ਜਾਗਿਆ ਪ੍ਰਸ਼ਾਸਨ

ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਗਸਤ
ਕਾਲਜ ਵਿਦਿਆਰਥੀਆਂ ਅਤੇ ਨਿੱਜੀ ਬੱਸ ਅਪਰੇਟਰਾਂ ਵਿਚਕਾਰ ਚੱਲ ਰਿਹਾ ਵਿਵਾਦ ਬੀਤੇ ਦਿਨੀਂ ਮਸਤੂਆਣਾ ਸਾਹਿਬ ਵਿਖੇ ਹਿੰਸਕ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੱਲ ਕਰਨ ਦੇ ਵਿਸ਼ੇਸ ਯਤਨ ਕੀਤੇ ਗਏ ਹਨ। ਮਸਲਾ ਹੱਲ ਕਰਨ ਸਬੰਧੀ ਇੱਕ ਵਿਸ਼ੇਸ ਮੀਟਿੰਗ ਇਥੇ ਐਸਡੀਐਮ ਅਨੀਤਾ ਦਰਸ਼ੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੀਆਰਟੀਸੀ ਡਿਪੂ ਸੰਗਰੂਰ ਦੇ ਜਨਰਲ ਮੈਨੇਜਰ ਮਨਿੰਦਰਜੀਤ ਸਿੰਘ ਹੁੰਦਲ, ਸਟੇਸ਼ਨ ਸੁਪਰਵਾਈਜ਼ਰ ਗੁਰਮੇਲ ਸਿੰਘ, ਅਕਾਲ ਕਾਲਜ ਕੌਂਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਓਂਕਾਰ ਸਿੰਘ ਅਤੇ ਪੁਲੀਸ ਥਾਣਾ ਲੌਂਗੋਵਾਲ ਦੇ ਐਸਐਚਓ ਗੁਰਮੇਲ ਸਿੰਘ ਵੀ ਸ਼ਾਮਲ ਹੋਏ।
ਮੀਟਿੰਗ ਦੌਰਾਨ ਵਿਦਿਆਰਥੀਆਂ ਦੀ ਸਹੂਲਤ ਲਈ ਧਨੌਲਾ-ਸੰਗਰੂਰ ਰੂਟ ’ਤੇ ਵਿਸ਼ੇਸ ਬੱਸ ਚਲਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਦੌਰਾਨ ਪੀਆਰਟੀਸੀ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਇਕ ਸ਼ਟਲ ਬੱਸ ਧਨੌਲਾ ਤੋਂ ਸਵੇਰੇ 8.45 ਵਜੇ ਤੋਂ ਮਸਤੂਆਣਾ ਸਾਹਿਬ ਲਈ ਚਲਾਈ ਜਾਵੇਗੀ ਜਿਸ ਵਿੱਚ ਸਿਰਫ ਕਾਲਜ ਦੇ ਵਿਦਿਆਰਥੀ ਹੀ ਸਫਰ ਕਰਨਗੇ। ਇਹੀ ਸ਼ਟਲ ਬੱਸ ਦੁਪਹਿਰ 1 ਵਜੇ ਸੰਗਰੂਰ ਤੋਂ ਚੱਲ ਕੇ 1.30 ਵਜੇ ਮਸਤੂਆਣਾ ਸਾਹਿਬ ਪਹੁੰਚੇਗੀ, ਜਿੱਥੋਂ ਵਿਦਿਆਰਥੀਆਂ ਨੂੰ ਧਨੌਲਾ ਤੱਕ ਛੱਡ ਕੇ ਆਵੇਗੀ। ਇਸ ਤੋਂ ਇਲਾਵਾ ਪੀਆਰਟੀਸੀ ਦੇ ਇੱਕ ਜ਼ਿੰਮੇਵਾਰ ਕਰਮਚਾਰੀ ਦੀ ਡਿਊਟੀ ਮਸਤੂਆਣਾ ਸਾਹਿਬ ਵਿਖੇ ਲਗਾਈ ਗਈ ਹੈ ਜੋ ਕਿ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਸੰਗਰੂਰ ਸਾਈਡ ਵਾਲੇ ਵਿਦਿਆਰਥੀਆਂ ਨੂੰ ਸੰਗਰੂਰ ਜਾਣ ਵਾਲੀਆਂ ਬੱਸਾਂ ਵਿੱਚ ਅਤੇ ਧਨੌਲਾ ਸਾਈਡ ਜਾਣ ਵਾਲੇ ਵਿਦਿਆਰਥੀਆਂ ਨੂੰ ਧਨੌਲਾ ਜਾਣ ਵਾਲੀਆਂ ਬੱਸਾਂ ਵਿੱਚ ਚੜ੍ਹਾਉਣ ਲਈ ਜ਼ਿੰਮੇਵਾਰ ਹੋਵੇਗਾ ਤਾਂ ਜੋ ਕਾਲਜ ਵਿਦਿਆਰਥੀਆਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਸਬੰਧ ਵਿਚ ਸਕੱਤਰ ਅਕਾਲ ਕਾਲਜ ਕੌਂਸਲ ਅਤੇ ਪ੍ਰਿੰਸੀਪਲ ਅਕਾਲ ਡਿਗਰੀ ਕਾਲਜ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ। ਉਪ ਮੰਡਲ ਮੈਜਿਸਟਰੇਟ, ਸੰਗਰੂਰ ਵਲੋਂ ਪ੍ਰਿੰਸੀਪਲ ਅਕਾਲ ਡਿਗਰੀ ਕਾਲਜ ਨੂੰ ਹਦਾਇਤ ਕੀਤੀ ਹੈ ਕਿ ਉਹ ਐਸਐਚਓ ਲੌਂਗੋਵਾਲ ਨਾਲ ਤਾਲਮੇਲ ਕਰਕੇ ਕਾਲਜ ਦੇ ਗੇਟ ਤੇ ਸਕਿਉਰਟੀ ਗਾਰਡ ਦੀ ਡਿਊਟੀ ਲਗਾਉਣਗੇ ਜੋ ਕਿ ਵਿਦਿਆਰਥੀਆਂ ਦੇ ਪਛਾਣ ਪੱਤਰ ਚੈਕ ਕਰਕੇ ਹੀ ਕਾਲਜ ਅੰਦਰ ਦਾਖਲ ਹੋਣ ਦੇਵੇਗਾ ਤਾਂ ਜੋ ਕੋਈ ਬਾਹਰਲਾ ਬੰਦਾ ਕਾਲਜ ਵਿੱਚ ਦਾਖਲ ਨਾ ਹੋ ਸਕੇ। ਐਸਡੀਐਮ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਪ੍ਰਾਇਵੇਟ ਟਰਾਂਸਪੋਰਟਰਾਂ ਨਾਲ ਜਲਦੀ ਮੀਟਿੰਗਾਂ ਕਰਕੇ ਮਸਲੇ ਦਾ ਢੁੱਕਵਾ ਹੱਲ ਕੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੀ 27 ਅਗਸਤ ਨੂੰ ਮਸਤੂਆਣਾ ਸਾਹਿਬ ਕਾਲਜ ਵਿਖੇ ਵਿਦਿਆਰਥੀਆਂ ਅਤੇ ਨਿੱਜੀ ਬੱਸ ਅਪਰੇਟਰਾਂ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਮਾਹੌਲ ਉਸ ਸਮੇਂ ਹਿੰਸਕ ਹੋ ਗਿਆ ਸੀ ਜਦੋਂ ਰੋਹ ’ਚ ਆਏ ਵਿਦਿਆਰਥੀਆਂ ਵਲੋਂ ਅੱਧੀ ਦਰਜਨ ਬੱਸਾਂ ਤੋਂ ਇਲਾਵਾ ਪ੍ਰਿੰਸੀਪਲ ਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ ਸੀ।

Widgetized Section

Go to Admin » appearance » Widgets » and move a widget into Advertise Widget Zone