ਮਰਨ ਵਰਤ ’ਤੇ ਬੈਠੇ ਅਧਿਆਪਕਾਂ ਨੂੰ ਜ਼ਬਰੀ ਹਸਪਤਾਲ ਦਾਖ਼ਲ ਕਰਵਾਇਆ

ਮਰਨ ਵਰਤ ’ਤੇ ਬੈਠੇ ਈਟੀਟੀ ਅਧਿਆਪਕਾਂ ਨੂੰ ਜਬਰੀ ਚੁੱਕਣ ਦਾ ਵਿਰੋਧ ਕਰਦੇ ਹੋਏ ਅਧਿਆਪਕ।

ਕੁਲਵੀਰ ਸਿੰਘ ਸ਼ੇਰਗਿੱਲ
ਐਸਏਐਸ ਨਗਰ (ਮੁਹਾਲੀ), 26 ਅਗਸਤ
ਜ਼ਿਲ੍ਹਾ ਪ੍ਰੀਸ਼ਦਾਂ ਤੇ ਨਗਰ ਕੌਂਸਲਾਂ ਦੇ ਅਧਿਆਪਕਾਂ ਨੂੰ ਸਮੇਤ ਸਕੂਲ ਸਿੱਖਿਆ ਵਿਭਾਗ ਵਿੱਚ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਵਿਪਨ ਲੋਟਾ ਅਤੇ ਪਰਮਜੀਤ ਸਿੰਘ ਮਾਨ ਦੀ ਸਿਹਤ ਕਾਫ਼ੀ ਵਿਗੜਣ ਕਾਰਨ ਮੈਡੀਕਲ ਟੀਮ ਅਤੇ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੈਂਪ ਵਿੱਚੋਂ ਜਬਰੀ ਚੁੱਕ ਕੇ ਹਸਪਤਾਲ ਦਾਖ਼ਲ ਕਰਵਾ ਦਿੱਤਾ। ਕੈਂਪ ਵਿੱਚ ਆਪਣੇ ਸਾਥੀਆਂ ਦੀ ਸਿਹਤ ਵਿਗੜਨ ’ਤੇ ਮਰਨ ਵਰਤ ਕੈਂਪ ’ਚ ਬੈਠੇ ਈਟੀਟੀ ਅਧਿਆਪਕ ਭੜਕ ਗਏ ਤੇ ਉਨ੍ਹਾਂ ਪੁੱਡਾ ਭਵਨ ਚੌਕ ’ਚ ਜਾਮ ਲਗਾ ਦਿੱਤਾ। ਮੁਹਾਲੀ ਦੇ ਐਸਡੀਐਮ ਤੇ ਡੀਐਸਪੀ ਮੌਕੇ ’ਤੇ ਪਹੁੰਚੇ ਜਿੱਥੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਯੂਨੀਅਨ ਦੀ ਗੱਲ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ। ਇਸ ਮਗਰੋਂ ਅਧਿਆਪਕਾਂ ਨੇ ਜਾਮ ਖੋਲ੍ਹ ਦਿੱਤਾ। ਸੂਬਾ ਪ੍ਰਧਾਨ ਸਿੱਧੂ ਨੇ ਮੈਡੀਕਲ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਦੂਜੇ ਪਾਸੇ ਮਰਨ ਵਰਤ ਕੈਂਪ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੇ ਮਰਨ ਵਰਤ ਅੱਜ 38ਵੇਂ, ਵਿਪਨ ਲੋਟਾ ਦਾ 27ਵੇਂ, ਲਖਬੀਰ ਸਿੰਘ ਬੋਹਾ ਦਾ 21ਵੇਂ ਤੇ ਪਰਮਜੀਤ ਸਿੰਘ ਮਾਨ ਦਾ 15ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ 22 ਅਗਸਤ ਨੂੰ ਹਾਈ ਪਾਵਰ ਕਮੇਟੀ ਨਾਲ ਹੋਈ ਗੱਲਬਾਤ ਅਨੁਸਾਰ ਨੋਟੀਫ਼ਿਕੇਸ਼ਨ ਕਰਨ ਵਿੱਚ ਦੇਰੀ ਕਰ ਰਹੀ ਹੈ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਸਾਰੇ ਪੰਜਾਬ ਦੇ ਈਟੀਟੀ ਅਧਿਆਪਕ ਨੋਟੀਫ਼ਿਕੇਸ਼ਨ ਦੀ ਉਡੀਕ ਪਿਛਲੇ 5 ਦਿਨਾਂ ਤੋਂ ਕਰ ਰਹੇ ਹਨ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਜਾਰੀ ਕਰਨ ’ਚ ਕੀਤੀ ਜਾ ਰਹੀ ਢਿੱਲਮੱਠ ਤੋਂ ਪੰਜਾਬ ਦੇ 13 ਹਜ਼ਾਰ ਈਟੀਟੀ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਜੇਕਰ ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਕੌਂਸਲਾਂ ਦੇ ਅਧਿਆਪਕਾਂ ਨੂੰ ਸਮੇਤ ਸਕੂਲ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਵਾਲਾ ਨੋਟੀਫ਼ਿਕੇਸ਼ਨ ਕੱਲ ਤੱਕ ਜਾਰੀ ਨਾ ਕੀਤਾ ਤਾਂ 28 ਅਗਸਤ ਨੂੰ ਸਾਰੇ ਪੰਜਾਬ ਦੇ ਈਟੀਟੀ ਅਧਿਆਪਕ ਕੋਈ ਗੁਪਤ ਐਕਸ਼ਨ ਕਰਨਗੇ। ਐਲੀਮੈਂਟਰੀ ਟੀਚਰ ਯੂਨੀਅਨ ਵੱਲੋਂ ਈਟੀਟੀ ਅਧਿਆਪਕਾਂ ਦੇ ਸੰਘਰਸ਼ ਨੂੰ ਹਮਾਇਤ ਦਿੱਤੀ ਜਾ ਰਹੀ ਹੈ ਜਿਸ ਤਹਿਤ ਅੱਜ ਲੜੀਵਾਰ ਮਰਨ ਵਰਤ ਕੈਂਪ ਵਿੱਚ ਜ਼ਿਲ੍ਹਾ ਸੰਗਰੂਰ ਦੇ ਅਧਿਆਪਕ ਜਸਪਾਲ ਸਿੰਘ ਬਲਾਕ ਪ੍ਰਧਾਨ ਸੰਗਰੂਰ ਦੀ ਅਗਵਾਈ ਵਿੱਚ ਭੁੱਖ ਹੜਤਾਲ ’ਤੇ ਬੈਠੇ
ਈਟੀਟੀ ਅਧਿਆਪਕਾਂ ਨੂੰ ਰਣਜੀਤ ਸਿੰਘ ਬਾਠ, ਸਵਰਨਜੀਤ ਸਿੰਘ ਭਗਤਾ, ਹਰਜੀਤ ਸਿੰਘ ਸੈਣੀ, ਬਲਰਾਜ ਸਿੰਘ ਘਲੋਟੀ, ਜਸਵਿੰਦਰ ਬਰਗਾੜੀ ਫ਼ਰੀਦਕੋਟ, ਸੰਪੂਰਨ ਵਿਰਕ ਫ਼ਿਰੋਜ਼ਪੁਰ, ਬਲਜਿੰਦਰ ਵਿਰਕ ਨਵਾਂਸ਼ਹਿਰ, ਗੁਰਿੰਦਰ ਗੁਰਮ ਫ਼ਤਹਿਗੜ੍ਹ, ਜਗਪਾਲ ਚਾਹਲ ਪਟਿਆਲਾ, ਸ਼ਿਵ ਕੁਮਾਰ ਮੁਹਾਲੀ, ਰਾਜੇਸ਼ ਕੁਮਾਰ ਬੁਢਲਾਢਾ ਆਦਿ ਨੇ ਸੰਬੋਧਨ ਕੀਤਾ।

Widgetized Section

Go to Admin » appearance » Widgets » and move a widget into Advertise Widget Zone