ਬਿਸਤ ਦੋਆਬ ਨਹਿਰ ਦੇ ਕੰਢਿਆਂ ’ਤੇ ਉੱਗੀਆਂ ਝਾੜੀਆਂ ਕਾਰਨ ਲੋਕ ਪ੍ਰੇਸ਼ਾਨ

ਬਿਸਤ ਦੋਆਬ ਨਹਿਰ ਦੇ ਕਿਨਾਰਿਆਂ ’ਤੇ ਉੱਗੀਆਂ ਝਾੜੀਆਂ ।

ਪੱਤਰ ਪ੍ਰੇਰਕ
ਹੁਸ਼ਿਆਰਪੁਰ, 26 ਅਗਸਤ
ਸਮਾਜ ਸੇਵੀ ਅਤੇ ਐਂਟੀ ਡਰੱਗਜ਼ ਯੂਥ ਕਲੱਬ ਦੇ ਪ੍ਰਧਾਨ ਰਾਜਿੰਦਰ ਸਿੰਘ ਪਰਮਾਰ ਨੇ ਮੇਹਟੀਆਣਾ ਤੋਂ ਅਜਨੋਹਾ ਤੱਕ ਦੀ ਸੜਕ ਦੇ ਨਾਲ ਲੱਗਦੀ ਬਿਸਤ ਦੋਆਬ ਨਹਿਰ ਦੀ ਖ਼ਸਤਾ ਹਾਲਤ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਦੀ ਇਸ ਵੱਲ ਧਿਆਨ ਨਾ ਦੇਣ ਦੀ ਆਲੋਚਨਾ ਕੀਤੀ ਹੈ।
ਸ੍ਰੀ ਪਰਮਾਰ ਨੇ ਦੱਸਿਆ ਕਿ ਨਹਿਰ ਦੀ ਤਰਸਯੋਗ ਹਾਲਤ ਕਾਰਨ ਇਲਾਕਾ ਨਿਵਾਸੀ ਵੀ ਪ੍ਰੇਸ਼ਾਨ ਹਨ ਕਿਉਂਕਿ ਇਸ ਦੇ ਦੋਵਾਂ ਕਿਨਾਰਿਆਂ ’ਤੇ 6-7 ਫ਼ੁੱਟ ਉੱਚੀਆਂ ਝਾੜੀਆਂ ਕਾਰਨ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਝਾੜੀਆਂ ਨੇ ਇਸ ਨਹਿਰ ਦੀ ਦਿੱਖ ਨੂੰ ਵੀ ਪੂਰੀ ਤਰਾਂ ਢੱਕ ਲਿਆ ਹੈ। ਸ੍ਰੀ ਪਰਮਾਰ ਨੇ ਦੱਸਿਆ ਕਿ ਇਸ ਸੜਕ ਦੀਆਂ ਬਰਮਾਂ ’ਤੇ ਵੀ ਮਿੱਟੀ ਨਾ ਹੋਣ ਕਾਰਨ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਨਹਿਰ ਦੇ ਕਿਨਾਰਿਆਂ ’ਤੇ ਉੱਗੀਆਂ ਝਾੜੀਆਂ ਨੂੰ ਸਾਫ਼ ਕਰਵਾਇਆ ਜਾਵੇ ਅਤੇ ਸੜਕ ਦੇ ਬਰਮਾਂ ’ਤੇ ਮਿੱਟੀ ਪਾਉਣ ਦਾ ਕੰਮ ਕਰਵਾਇਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਰਾਹਤ ਮਿਲ ਸਕੇ।

Widgetized Section

Go to Admin » appearance » Widgets » and move a widget into Advertise Widget Zone