Last UPDATE: August 22, 2014 at 3:05 am

ਬਾਸਕਟਬਾਲ ਖਿਡਾਰੀ ਅਨਮੋਲ ਨਾਲ ਵਾਪਰੀ ਘਟਨਾ ਨਿੰਦਣਯੋਗ: ਬੀਐਫਆਈ

ਪਟਕਾ ਬੰਨ੍ਹ ਕੇ ਮੈਚ ਖੇਡਦੇ ਅਮਿਯੋਤ ਸਿੰਘ ਦੀ ਫਾਈਲ ਫੋਟੋ।

ਪਟਕਾ ਬੰਨ੍ਹ ਕੇ ਮੈਚ ਖੇਡਦੇ ਅਮਿਯੋਤ ਸਿੰਘ ਦੀ ਫਾਈਲ ਫੋਟੋ।

ਨਵੀਂ ਦਿੱਲੀ, 21 ਅਗਸਤ : ਭਾਰਤੀ ਬਾਸਕਟਬਾਲ ਫੈਡਰੇਸ਼ਨ (ਬੀਐਫਆਈ) ਨੇ ਸਿੱਖ ਖਿਡਾਰੀ ਅਨਮੋਲ ਸਿੰਘ ਨੂੰ ਦੋਹਾ ਵਿੱਚ ਅੰਡਰ-18 ਚੈਂਪੀਅਨਸ਼ਿਪ ਦੌਰਾਨ ਖੇਡੇ ਮੈਚ ਵਿੱਚ ਜਬਰੀ ‘ਪਟਕਾ’ ਉਤਾਰਨ ਲਈ ਮਜਬੂਰ ਕਰਨ ਬਦਲੇ ਕੌਮਾਂਤਰੀ ਬਾਸਕਟਬਾਲ ਐਸੋਸੀਏਸ਼ਨ (ਫੀਬਾ) ਏਸ਼ੀਆ ਦੀ ਨਿੰਦਾ ਕੀਤੀ ਹੈ। ਬੀਐਫਆਈ ਨੇ ਕਿਹਾ ਕਿ ਇਸ ਖਿਡਾਰੀ ਖ਼ਿਲਾਫ਼ ਇਹ ਅਨੁਚਿਤ ਕਾਰਵਾਈ ਵਿਤਕਰੇਪੂਰਨ ਤੇ ਅਪਮਾਨਜਨਕ ਹੈ।

ਭਾਰਤੀ ਬਾਸਕਟਬਾਲ ਫੈਡਰੇਸ਼ਨ ਨੇ ਇਕ ਬਿਆਨ ਵਿੱਚ ਕਿਹਾ, ‘‘ਫੈਡਰੇਸ਼ਨ ਫੀਬਾ ਏਸ਼ੀਆ ਦੇ ਤਕਨੀਕੀ ਕਮਿਸ਼ਨ ਦੀ ਸਿੱਖ ਖਿਡਾਰੀ ਅਨਮੋਲ ਸਿੰਘ ਖ਼ਿਲਾਫ਼ ਕੀਤੀ ਗਈ ਇਹ ਅਨੁਚਿਤ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਤੁਰੰਤ ਕੌਮਾਂਤਰੀ ਪੱਧਰ ’ਤੇ ਭਾਰਤੀ ਬਾਸਕਟਬਾਲ ਟੀਮਾਂ ਦੀ ਪ੍ਰਤੀਨਿਧਤਾ ਕਰ ਰਹੇ ਸਿੱਖ ਅਥਲੀਟਾਂ ਨਾਲ ਅਜਿਹੇ ਵਿਤਕਰੇ ਬੰਦ ਕਰਨ ਲਈ ਕਹਿੰਦਾ ਹੈ।’’ ਬੀਐਫਆਈ ਨੇ ਕਿਹਾ ਕਿ ਦੋਹਾ ਵਿੱਚ ਭਾਰਤੀ ਟੀਮ ਦੇ ਮੈਨੇਜਰ ਸਫ਼ੀਕ ਅਹਿਮਦ ਸ਼ੇਖ਼ ਨਾਲ ਸੰਪਰਕ ਸਾਧਿਆ ਗਿਆ ਹੈ ਤੇ ਉਨ੍ਹਾਂ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਹ ਮਾਮਲਾ ਉਠਾਇਆ ਹੈ। ਫੈਡਰੇਸ਼ਨ ਨੇ ਕਿਹਾ,‘‘ਉਨ੍ਹਾਂ ਨੇ ਫੀਬਾ ਏਸ਼ੀਆ ਦੇ ਤਕਨੀਕੀ ਨਿਰਦੇਸ਼ਕ ਕਮਿਸ਼ਨ ਨੂੰ ਸੂਚਿਤ ਕਰ ਦਿੱਤਾ ਹੈ ਕਿ ਇਸ ਮੁੱਦੇ ਨੂੰ ਸਪੇਨ ਦੇ ਸੇਵਿਲੇ ਵਿੱਚ 28 ਤੇ 29 ਅਗਸਤ ਨੂੰ ਹੋਣ ਵਾਲੀ ਚੈਂਪੀਅਨਸ਼ਿਪ ਮਗਰੋਂ ਫੀਬਾ ਕੇਂਦਰੀ ਬੋਰਡ ਦੀ ਮੀਟਿੰਗ ਦੌਰਾਨ ਚੁੱਕਿਆ ਜਾਵੇਗਾ। ਉਦੋਂ ਤੱਕ ਫੀਬਾ ਏਸ਼ੀਆ ਦੇ ਤਕਨੀਕੀ ਕਮਿਸ਼ਨ ਨੂੰ ਨੇਮਾਂ ਦੀ ਪਾਲਣਾ ਕਰਨੀ ਹੋਵੇਗੀ।’’

 

ਭਾਰਤੀ ਬਾਸਕਟਬਾਲ ਫੈਡਰੇਸ਼ਨ ਨੇ ਕਿਹਾ ਕਿ ਫੀਬਾ ਕਮਿਸ਼ਨ ਨੂੰ ਸ਼ੁਰੂ ਵਿੱਚ ਕੋਈ ਦਿੱਕਤ ਨਹੀਂ ਸੀ ਤੇ ਉਨ੍ਹਾਂ ਮੈਚ ਦੇ ਪਹਿਲੇ ਕੁਆਰਟਰ ਵਿੱਚ ਅਨਮੋਲ ਸਿੰਘ ਨੂੰ ‘ਪਟਕੇ’, ਜੋ ਸਿੱਖਾਂ ਦਾ ਧਾਰਮਿਕ ਅਧਿਕਾਰ ਤੇ ਚਿੰਨ੍ਹ ਹੈ, ਸਮੇਤ ਖੇਡਣ ਦੀ ਇਜਾਜ਼ਤ ਦੇ ਦਿੱਤੀ ਸੀ। ਪਰ ਜਦੋਂ ਇਕ ਖਿਡਾਰੀ ਦੂਜੇ ਕੁਆਰਟਰ ਵਿੱਚ ਕੋਰਟ ’ਤੇ ਉਤਰਿਆ ਤਾਂ ਉਸ ਨੂੰ ‘ਪਟਕਾ’ ਲਾਹੁਣ ਲਈ ਕਿਹਾ ਗਿਆ, ਜਿਸ ਨਾਲ ਖਿਡਾਰੀ ਦਾ ਅਪਮਾਨ ਹੋਇਆ ਤੇ ਇਸ  ਅਹਿਮ ਮੈਚ ਵਿੱਚ ਟੀਮ ਦੇ ਪ੍ਰਦਰਸ਼ਨ ’ਤੇ ਵੀ ਅਸਰ ਪਿਆ।
ਗੌਰਤਲਬ ਹੈ ਕਿ ਇਸੇ ਤਰ੍ਹਾਂ ਦੀ ਘਟਨਾ ਜੁਲਾਈ ਵਿੱਚ ਚੀਨ ਦੇ ਵੁਹਾਨ ਵਿੱਚ ਹੋਏ ਪੰਜਵੇਂ ਫੀਬਾ ਏਸ਼ੀਆ ਕੱਪ ਦੌਰਾਨ ਵੀ ਵਾਪਰੀ ਸੀ। ਉਦੋਂ ਇਸ ਮਸਲੇ ’ਤੇ ਚਰਚਾ ਕਰਨ ਤੇ ਇਸ ਨੂੰ ਨਿਬੇੜਨ ਲਈ ਫੈਡਰੇਸ਼ਨ ਦੇ ਪ੍ਰਧਾਨ ਆਰ.ਐਸ. ਗਿੱਲ ਨੇ ਉਪ ਪ੍ਰਧਾਨ ਗੋਵਿੰਦਰਾਜ ਨੂੰ ਦੋਹਾ ਵਿੱਚ 24 ਜੁਲਾਈ ਨੂੰ ਹੋਈ ਫੀਬਾ ਏਸ਼ੀਆ ਦੀ ਕਾਂਗਰਸ ਵਿੱਚ ਜਾ ਕੇ ਇਹ ਮੁੱਦਾ ਵਿਚਾਰਨ ਲਈ ਨਿਯੁਕਤ ਕੀਤਾ ਸੀ। ਇਸ ਮੀਟਿੰਗ ਦੌਰਾਨ ਉਪ ਪ੍ਰਧਾਨ ਨੂੰ ਇਹ ਯਕੀਨ ਦਿਵਾਇਆ ਗਿਆ ਸੀ ਕਿ ਇਹ ਮੁੱਦਾ ਸਪੇਨ ਵਿੱਚ ਹੋਣ ਵਾਲੀ ਕੇਂਦਰੀ ਬੋਰਡ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਉੱਧਰ ਫੈਡਰੇਸ਼ਨ ਦੀ ਸੀਈਓ ਹਰੀਸ਼ ਸ਼ਰਮਾ ਨੂੰ ਇਸ ਮਾਮਲੇ ਦੇ ਸਥਾਈ ਹੱਲ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਾ ਵਾਪਰਨ ਤੋਂ ਬਚਾਅ ਲਈ ਫੀਬਾ ਦੀ ਸਪੇਨ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਜਾਣ  ਲਈ ਨਾਮਜ਼ਦ ਕੀਤਾ ਹੈ।

ਪਟਕਾ ਬੰਨ੍ਹ ਕੇ ਖੇਡਣ ਵਿੱਚ ਕੁਝ ਵੀ ਗ਼ਲਤ ਨਹੀਂ: ਗੁਰਦਿੱਤ ਸਿੰਘ

ਫਰੀਦਕੋਟ:ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ ਦੀ ਕੌਮੀ ਟੀਮ ਵਿੱਚ ਸ਼ੁਮਾਰ ਫ਼ਰੀਦਕੋਟ ਦੇ ਖਿਡਾਰੀ ਅਨਮੋਲ ਸਿੰਘ ਸੇਖੋਂ ਦੇ ਪਿਤਾ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਟਕਾ ਬੰਨ੍ਹ ਕੇ ਖੇਡਣਾ ਕਿਸੇ ਵੀ ਤਰ੍ਹਾਂ ਗ਼ਲਤ ਨਹੀਂ ਅਤੇ ਨਾ ਹੀ ਇਹ ਖੇਡ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਪੈਦਾ ਕਰਦਾ ਹੈ, ਪਰ ਇਸ ਦੇ ਬਾਵਜੂਦ ਅਨਮੋਲ ਨੂੰ ਪਟਕਾ ਉਤਾਰਨ ਲਈ ਮਜਬੂਰ ਕੀਤਾ ਗਿਆ। ਇਸ ਘਟਨਾ ਦੀ ਅਮਰ ਸਿੰਘ ਧਾਲੀਵਾਲ, ਹਰਪਾਲ ਸਿੰਘ ਪਾਲੀ, ਕੈਪਟਨ ਧਰਮ ਸਿੰਘ ਗਿੱਲ, ਗੁਰਪ੍ਰੀਤ ਸਿੰਘ ਚੰਦਬਾਜਾ, ਦਲੇਰ ਸਿੰਘ ਡੋਡ, ਅਮਨਦੀਪ ਸਿੰਘ, ਸਵਰਨ ਸਿੰਘ, ਕਾਮਰੇਡ ਦਲੀਪ ਸਿੰਘ, ਲਾਲ ਸਿੰਘ ਗੋਲੇਵਾਲਾ ਆਦਿ ਨੇ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਤੇ ਕੇਂਦਰ ਸਰਕਾਰ, ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਸਿੱਖ ਖਿਡਾਰੀਆਂ ਨਾਲ ਕੀਤੇ ਜਾਂਦੇ ਇਸ ਵਿਤਕਰੇ ਸਬੰਧੀ  ਸਾਰੇ ਮੁਲਕਾਂ ਦੇ ਰਾਜਦੂਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਤਾਂ ਕਿ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

Widgetized Section

Go to Admin » appearance » Widgets » and move a widget into Advertise Widget Zone