Last UPDATE: August 29, 2014 at 7:33 pm

ਬਨੂੜ ਦੀ ਨਵੀਂ ਵਾਰਡਬੰਦੀ ਸਬੰਧੀ ਹੋਈ ਮੀਟਿੰਗ ਵਿਵਾਦਾਂ ਵਿੱਚ ਘਿਰੀ

ਬਨੂੜ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ ਸਬੰਧੀ ਨਗਰ ਕੌਂਸਲ ਦਫ਼ਤਰ ਵਿਖੇ ਹੋਈ ਮੀਟਿੰਗ ਦਾ ਦ੍ਰਿਸ਼।

ਕਰਮਜੀਤ ਸਿੰਘ ਚਿੱਲਾ
ਬਨੂੜ, 29 ਅਗਸਤ
ਬਨੂੜ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਨਵੀਂ ਵਾਰਡਬੰਦੀ ਕਰਨ ਲਈ ਕੌਂਸਲ ਦੇ ਦਫ਼ਤਰ ਵਿਖੇ ਹੋਈ ਪਲੇਠੀ ਮੀਟਿੰਗ ਵਿਵਾਦਾਂ ਵਿੱਚ ਘਿਰ ਗਈ ਹੈ। ਵਾਰਡਬੰਦੀ ਕਮੇਟੀ ਲਈ ਬਣਾਏ ਗਏ ਗੈਰਸਰਕਾਰੀ ਮੈਂਬਰਾਂ ਵਿੱਚ ਸਿਰਫ਼ ਅਕਾਲੀ-ਭਾਜਪਾ ਗੱਠਜੋੜ ਦੇ ਆਗੂਆਂ ਨੂੰ ਹੀ ਨੁਮਾਇੰਦਗੀ ਦਿੱਤੀ ਗਈ ਹੈ, ਜਿਸ ਦਾ ਦੂਜੀਆਂ ਸਿਆਸੀ ਪਾਰਟੀਆਂ ਨੇ ਤਿੱਖਾ ਵਿਰੋਧ ਕਰਦਿਆਂ ਵਾਰਡਬੰਦੀ ਕਮੇਟੀ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਧਿਰਾਂ ਨੇ ਚੇਤਾਵਨੀ ਦਿੱਤੀ ਕਿ ਜੇ ਹੁਕਮਰਾਨ ਧਿਰ ਨੂੰ ਫਾਇਦਾ ਪਹੁੰਚਾਉਣ ਲਈ ਵਾਰਡਬੰਦੀ ਵਿੱਚ ਬੇਨਿਯਮੀਆਂ ਕੀਤੀਆਂ ਗਈਆਂ ਤਾਂ ਉਹ ਇਸ ਦਾ ਵਿਰੋਧ ਤੇ ਸੰਘਰਸ਼ ਕਰਨਗੇ। ਹਲਕੇ ਦੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਜਿੱਥੇ ਸਾਰੀਆਂ ਧਿਰਾਂ ਨੂੰ ਵਾਰਡਬੰਦੀ ਕਮੇਟੀ ਵਿੱਚ ਸ਼ਾਮਲ ਕਰਨ ਦੀ ਮੰਗ ਦਾ ਸਮਰਥਨ ਕੀਤਾ, ਉਥੇ ਚੇਤਾਵਨੀ ਦਿੱਤੀ ਕਿ ਵਾਰਡਾਂ ਦੀ ਸਿਆਸੀ ਮਨੋਰਥ ਲਈ ਟੁੱਟ ਭੱਜ ਸਹਿਣ ਨਹੀਂ ਕੀਤੀ ਜਾਵੇਗੀ।
ਅੱਜ ਨਗਰ ਕੌਂਸਲ ਦਫਤਰ ਵਿੱਚ ਵਾਰਡਬੰਦੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਹਲਕਾ ਵਿਧਾਇਕ ਸ੍ਰੀ ਕੰਬੋਜ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਅਸ਼ੋਕ ਕੁਮਾਰ ਸਿੱਕਾ, ਐਸਡੀਐਮ ਮੁਹਾਲੀ ਲਖਮੀਰ ਸਿੰਘ, ਨਾਇਬ ਤਹਿਸੀਲਦਾਰ ਜਸਪਾਲ ਸਿੰਘ, ਕੌਂਸਲ ਦੇ ਕਾਰਜਸਾਧਕ ਅਫਸਰ ਦਲਜੀਤ ਸਿੰਘ ਸੰਧੂ ਸ਼ਾਮਲ ਹੋਏ। ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਵਜੋਂ ਗੈਰਸਰਕਾਰੀ ਮੈਂਬਰਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਬਨੂੜ ਦੇ ਪ੍ਰਧਾਨ ਸਾਧੂ ਸਿੰਘ ਖਲੌਰ ਤੇ ਭਾਜਪਾ ਦੇ ਬਨੂੜ ਮੰਡਲ ਦੇ ਪ੍ਰਧਾਨ ਬਲਬੀਰ ਸਿੰਘ ਮੰਗੀ ਵੀ ਮੀਟਿੰਗ ਵਿੱਚ ਹਾਜ਼ਰ ਸਨ।
ਇਸ ਮੌਕੇ ਐਸਡੀਐਮ ਨੇ ਕਮੇਟੀ ਮੈਂਬਰਾਂ ਨੂੰ ਵਾਰਡਬੰਦੀ ਦੇ ਤਜਵੀਜ਼ਸ਼ੁਦਾ ਨਕਸ਼ੇ ਬਾਰੇ ਜਾਣਕਾਰੀ ਦਿੱਤੀ ਤੇ ਮੈਂਬਰਾਂ ਦੀ ਸਲਾਹ ਨਾਲ ਇਸ ਦਾ ਖਰੜਾ ਤਿਆਰ ਕੀਤਾ। ਉਨ੍ਹਾਂ ਦੱਸਿਆ ਕਿ ਵਾਰਡਾਂ ਦੀ ਗਿਣਤੀ ਪਹਿਲਾਂ ਵਾਂਗ ਹੀ ਰਹੇਗੀ। ਵਾਰਡ ਨੰਬਰ ਤਿੰਨ, ਨੌਂ ਤੇ ਗਿਆਰਾਂ ਨੂੰ ਐਸਸੀ ਮਰਦ ਇੱਕ ਤੇ ਤੇਰਾਂ ਨੰਬਰ ਵਾਰਡ ਨੂੰ ਐਸਸੀ ਮਹਿਲਾ ਲਈ ਰਿਜ਼ਰਵ ਰੱਖਿਆ ਗਿਆ ਹੈ। ਬਾਰਾਂ ਨੰਬਰ ਵਾਰਡ ਬੀਸੀ ਸ਼ੇਣੀ ਲਈ ਰਾਖਵਾਂ ਹੋਵੇਗਾ। ਇਵੇਂ ਹੀ ਦੋ, ਪੰਜ, ਛੇ, ਅੱਠ ਤੇ ਦਸ ਨੰਬਰ ਵਾਰਡ ਜਨਰਲ ਹੋਣਗੇ। ਚਾਰ ਤੇ ਸੱਤ ਨੰਬਰ ਵਾਰਡ ਜਨਰਲ ਮਹਿਲਾਵਾਂ ਲਈ ਰਿਜ਼ਰਵ ਹੋਵੇਗਾ।
ਐਸਡੀਐਮ ਲਖਮੀਰ ਸਿੰਘ ਨੇ ਦੱਸਿਆ ਕਿ ਵਾਰਡਬੰਦੀ ਦੇ ਅੱਜ ਤਿਆਰ ਕੀਤੇ ਗਏ ਖਰੜੇ ਦਾ ਨਕਸ਼ਾ ਪੰਜਾਬ ਸਰਕਾਰ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਜਾਵੇਗਾ। ਉਚੇਰੀ ਪ੍ਰਵਾਨਗੀ ਮਗਰੋਂ ਵਾਰਡਬੰਦੀ ਦੇ ਨਵੇਂ ਤਜਵੀਜ਼ ਕੀਤੇ ਨਕਸ਼ੇ ਨੂੰ ਨਗਰ ਕੌਂਸਲ ਵਿਖੇ ਰੱਖਿਆ ਜਾਵੇਗਾ ਜਿਸ ਸਬੰਧੀ ਸ਼ਹਿਰ ਵਾਸੀ ਆਪਣੇ ਇਤਰਾਜ਼ ਤੇ ਸੁਝਾਅ ਦੇ ਸਕਣਗੇ। ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਲੇ ਵਾਰਡਬੰਦੀ ਦੀ ਤਜਵੀਜ਼ ਬਣਾਈ ਗਈ ਹੈ, ਜੇ ਨਕਸ਼ੇ ਵਿੱਚ ਕੋਈ ਫੇਰ ਬਦਲ ਕੀਤਾ ਗਿਆ ਤਾਂ ਉਹ ਇਸ ਦਾ ਵਿਰੋਧ ਕਰਨਗੇ। ਇਸੇ ਦੌਰਾਨ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਮਹਿੰਦਰ ਜੈਨ, ਅਵਤਾਰ ਸਿੰਘ ਬਬਲਾ, ਭਜਨ ਲਾਲ, ਲੱਖੀ ਭੰਗੂ, ਹਰਮਿੰਦਰ ਬਿੱਲਾ, ਚਰਨਜੀਤ ਸਿੰਘ ਨੇ ਵਾਰਡਬੰਦੀ ਕਮੇਟੀ ਵਿੱਚ ਸਿਰਫ਼ ਅਕਾਲੀ ਦਲ ਅੇ ਭਾਜਪਾ ਦਾ ਨੁਮਾਇੰਦਾ ਸ਼ਾਮਲ ਕਰਨ ਦੀ ਨਿਖ਼ੇਧੀ ਕੀਤੀ। ਸੀਪੀਐਮ ਦੇ ਜ਼ਿਲ੍ਹਾ ਪਟਿਆਲਾ ਦੇ ਸਕੱਤਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਤੇ ਚੌਧਰੀ ਮੁਹੰਮਦ ਸਦੀਕ ਨੇ ਵੀ ਵਾਰਡਬੰਦੀ ਕਮੇਟੀ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਸ਼ਾਮਲ ਨਾ ਕਰਨ ਉਤੇ ਰੋਸ ਪ੍ਰਗਟਾਇਆ।

Widgetized Section

Go to Admin » appearance » Widgets » and move a widget into Advertise Widget Zone