ਪਾਕਿਸਤਾਨ ਤੋਂ ਆਈ ਕੁਲਸੁਮ ਅਖ਼ਤਰ ਨੇ ਮੁਹਾਲੀ ‘ਚ ਕਰਾਇਆ ਇਲਾਜ

ਪਾਕਿਸਤਾਨੀ ਪੰਜਾਬ ਤੋਂ ਇਲਾਜ ਲਈ ਆਪਣੇ ਪਤੀ ਮੁਹੰਮਦ ਯੂਸਫ਼ ਜਮਾਲੀ ਨਾਲ ਆਈ ਬੀਬੀ ਕੁਲਸੁਮ ਅਖ਼ਤਰ ਮੁਹਾਲੀ ਦੇ ਡਾ. ਬੀਐਸ ਚੰਢੋਕ ਨੂੰ ਫੁਲਵਹਿਰੀ ਦੇ ਨਿਸ਼ਾਨ ਦਿਖਾਉਂਦੀ ਹੋਈ। -ਫੋਟੋ: ਵਿੱਕੀ ਘਾਰੂ

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 27 ਅਗਸਤ
ਪਾਕਿਸਤਾਨ ਤੇ ਭਾਰਤ ਦਰਮਿਆਨ ਬਣੀਆਂ ਸਰਹੱਦਾਂ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ ਤਾਂ ਜੋ ਇਸ ਖ਼ਿੱਤੇ ਦੇ ਲੋਕ ਆਪਣੀ ਸਦੀਆਂ ਪੁਰਾਣੀ ਸਾਂਝ ਨੂੰ ਫਿਰ ਤੋਂ ਮਜ਼ਬੂਤ ਕਰ ਸਕਣ। ਇਨ੍ਹਾਂ ਦੋਹਾਂ ਮੁਲਕਾਂ ਦੇ ਲੋਕ ਆਪਸੀ ਪਿਆਰ ਅਤੇ ਮੁਹੱਬਤ ਨਾਲ ਰਹਿਣਾ ਚਾਹੁੰਦੇ ਹਨ। ਇਨ੍ਹਾਂ ਗੱਲ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਤੋਂ ਅੱਜ ਇੱਥੇ 3ਬੀ1 ਵਿਖੇ ਇਲਾਜ ਕਰਾਉਣ ਪੁੱਜੀ ਪਾਕਿਸਤਾਨੀ ਨਾਗਰਿਕ ਕੁਲਸੁਮ ਅਖ਼ਤਰ ਨੇ ਕਹੀ। ਕੁਲਸੁਮ ਅਖ਼ਤਰ ਦੇ ਦੋਹਾਂ ਹੱਥਾਂ ‘ਤੇ ਫੁਲਵਹਿਰੀ ਹੈ ਤੇ ਉਹ ਆਪਣੇ ਪਤੀ ਮੁਹੰਮਦ ਯੂਨਸ ਜਮਾਲੀ ਨਾਲ ਇੱਥੇ ਹੋਮਿਉਪੈਥੀ ਡਾਕਟਰ ਬੀਐਸ ਚੰਦੋਕ ਕੋਲੋਂ ਦਵਾਈ ਲੈਣ ਲਈ ਆਈ ਹੈ।
ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਪਿੰਡ ਸਾਦੀਵਾਲ ਦੀ 45 ਸਾਲਾ ਕੁਲਸੁਮ ਅਖ਼ਤਰ ਨੇ ਦੱਸਿਆ ਕਿ ਉਹ ਪਾਕਿਸਤਾਨ ‘ਚ ਲੰਮੇ ਸਮੇਂ ਤੋਂ ਫੁਲਵਹਿਰੀ ਦਾ ਇਲਾਜ ਕਰਵਾ ਰਹੀ ਹੈ ਪਰ ਜਦ ਪਾਕਿਸਤਾਨ ਦੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਤਾਂ ਕਿਸੇ ਨੇ ਮੁਹਾਲੀ ਦੇ ਡਾ. ਬੀ ਐਸ ਚੰਦੋਕ ਬਾਰੇ ਜਾਣਕਾਰੀ ਦਿੱਤੀ ਸੀ। ਅੱਜ ਡਾਕਟਰ ਨੇ ਇਲਾਜ ਸ਼ੁਰੂ ਕਰ ਦਿੱਤਾ ਹੈ ਅਤੇ ਤਿੰਨ ਮਹੀਨਿਆਂ ਬਾਅਦ ਮੁੜ ਆਉਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀਜ਼ਾ ਲਗਵਾਉਣ ਵਿਚ ਕੋਈ ਮੁਸ਼ਕਿਲ ਨਹੀਂ ਆਈ ਤੇ ਉਹ ਪਿਛਲੇ ਤਿੰਨ ਦਿਨਾਂ ਤੋਂ ਮਲੋਆ ਪਿੰਡ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਠਹਿਰੇ ਹੋਏ ਹਨ। ਬੀਬੀ ਅਖ਼ਤਰ ਨੇ ਆਖਿਆ ਕਿ ਜੋ ਸਕੂਨ ਉਸ ਨੂੰ ਪੰਜਾਬ ਤੇ ਚੰਡੀਗੜ੍ਹ ਵਿੱਚ ਮਿਲਿਆ ਹੈ, ਉਹ ਹੋਰ ਕਿਤੇ ਨਹੀਂ ਮਿਲਿਆ।

Widgetized Section

Go to Admin » appearance » Widgets » and move a widget into Advertise Widget Zone