Last UPDATE: August 27, 2014 at 7:56 pm

ਪਤਨੀ ਦੀ ਹੱਤਿਆ ਕਰਨ ਮਗਰੋਂ ਪਤੀ ਵੱਲੋਂ ਖ਼ੁਦਕੁਸ਼ੀ

* ਮੋਰਿੰਡਾ ਵਿੱਚ ਰੇਲ ਗੱਡੀ ਅੱਗੇ ਮਾਰੀ ਛਾਲ * ਔਰਤ ਦੀ ਲਾਸ਼ ਕੋਲੋਂ ਮਿਲਿਆ ਖ਼ੁਦਕੁਸ਼ੀ ਨੋਟ

ਮਨਜੀਤ ਸਿੰਘ ਤੇ ਉਸ ਦੀ ਪਤਨੀ ਪਰਮਜੀਤ ਕੌਰ ਦੀ ਫਾਈਲ ਫੋਟੋ।

ਸ਼ਸ਼ੀਪਾਲ ਜੈਨ
ਖਰੜ, 27 ਅਗਸਤ
ਖਰੜ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਮੁੰਡੀ ਖਰੜ ਦੇ ਮਨਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਕਤਲ ਕਰਕੇ ਮੋਰਿੰਡਾ ਨੇੜੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।
ਸਿਟੀ ਥਾਣੇ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਜੀਤ ਸਿੰਘ ਪਹਿਲਾਂ ਦੁਬਈ ਵਿੱਚ ਰਹਿੰਦਾ ਸੀ ਤੇ ਕੁਝ ਦੇਰ ਪਹਿਲਾਂ ਹੀ ਵਾਪਿਸ ਆਇਆ ਸੀ। ਉਹ ਪਿਛਲੇ ਇੱਕ ਮਹੀਨੇ ਤੋਂ ਪਿੰਡ ਮੁੰਡੀ ਖਰੜ ਦੇ ਘੁਮਾਰਾ ਵਾਲਾ ਮੁਹੱਲੇ ‘ਚ (ਇਸ ਸਮੇਂ ਇੱਕ ਬੰਦ ਪਏ ਮਕਾਨ ਜਿਸ ਦਾ ਪੁਰਾਣਾ ਨੰਬਰ 316 ਅਤੇ ਨਵਾਂ ਨੰਬਰ 768 ਹੈ) ਵਿੱਚ ਕਿਰਾਏ ਉੱਤੇ ਰਹਿ ਰਿਹਾ ਸੀ। ਇਸ ਕੋਠੀ ਦਾ ਮਾਲਕ ਪਰਿਵਾਰ ਪਹਿਲਾਂ ਹੀ ਆਸਟ੍ਰੇਲੀਆ ਰਹਿ ਰਿਹਾ ਸੀ ਤੇ ਬਾਕੀ ਦੇ ਪਰਿਵਾਰਿਕ ਮੈਂਬਰ ਵੀ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਚਲੇ ਗਏ ਸਨ। ਉਹ ਆਪਣੇ ਮਕਾਨ ਦਾ ਪਿਛਲਾ ਹਿੱਸਾ ਇਨ੍ਹਾਂ ਨੂੰ ਕਿਰਾਏ ‘ਤੇ ਦੇ ਗਏ ਸਨ। ਮਨਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਇੱਥੇ ਰਹਿੰਦੀ ਸੀ। ਉਨ੍ਹਾਂ ਦਾ ਇੱਕ ਲੜਕਾ ਨਰਸਰੀ ‘ਚ ਪੜ੍ਹਦਾ ਹੈ। ਪਰਮਜੀਤ ਕੌਰ ਦੀ ਇੱਕ ਭੈਣ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਲੜਕੀ ਵੀ ਇਨ੍ਹਾਂ ਕੋਲ ਹੀ ਰਹਿੰਦੀ ਸੀ। ਪਰਮਜੀਤ ਕੌਰ ਮੋਰਿੰਡਾ ਨੇੜੇ ਪਿੰਡ ਚਤਾਮਲਾ ਦੀ ਰਹਿਣ ਵਾਲੀ ਸੀ ਤੇ ਉਨ੍ਹਾਂ ਦੇ ਬੱਚੇ ਵੀ ਉਥੇ ਹੀ ਸਕੂਲ ਵਿੱਚ ਪੜ੍ਹਦੇ ਸਨ।
ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਨੇ ਇੱਕ ਖੁਦਕੁਸ਼ੀ ਨੋਟ ਵੀ ਪਤਨੀ ਦੀ ਲਾਸ਼ ਦੇ ਨੇੜੇ ਹੀ ਕੰਧ ਉੱਤੇ ਚਿਪਕਾ ਦਿੱਤਾ। ਉਨ੍ਹਾਂ ਕਿਹਾ ਕਿ 5 ਪੇਜਾਂ ਦੇ ਪੰਜਾਬੀ ‘ਚ ਲਿਖੇ ਇਸ ਨੋਟ ਵਿੱਚ ਮਨਜੀਤ ਸਿੰਘ ਨੇ ਕਿਹਾ ਹੈ ਕਿ ਉਸ ਦੀ ਪਤਨੀ ਦਾ ਚਾਲ ਚਲਣ ਠੀਕ ਨਹੀਂ ਸੀ ਇਸ ਲਈ ਉਸ ਨੇ ਇਸ ਦਾ ਕਤਲ ਕਰ ਦਿੱਤਾ ਹੈ ਅਤੇ ਉਸ ਨੂੰ ਇਸ ਦਾ ਕੋਈ ਦੁਖ ਵੀ ਨਹੀਂ ਹੈ ਤੇ ਹੁਣ ਉਹ ਖੁਦ ਮਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਕੱਲ੍ਹ ਦੁਪਹਿਰ ਵੇਲੇ ਦੀ ਲਗਦੀ ਹੈ ਕਿਉਂਕਿ ਉਸ ਤੋਂ ਬਾਅਦ ਮਨਜੀਤ ਸਿੰਘ ਖ਼ੁਦ ਮੋਰਿੰਡਾ ਚਲਾ ਗਿਆ ਅਤੇ ਉਸ ਨੇ ਮੋਰਿੰਡਾ ਦੇ ਨਵੇਂ ਰੇਲਵੇ ਸਟੇਸ਼ਨ ‘ਤੇ 4 ਵਜੇ ਦੇ ਕਰੀਬ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਕੱਲ੍ਹ ਇਨ੍ਹਾਂ ਦੇ ਬੱਚੇ ਵੀ ਇੱਥੇ ਆਏ ਹੋਏ ਸਨ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਹੀ ਆਪਣੇ ਨੇੜੇ ਹੀ ਰਹਿ ਰਹੇ ਰਿਸ਼ਤੇਦਾਰਾਂ ਦੇ ਘਰ ਭੇਜ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਇਸ ਕਤਲ ਦਾ ਪਤਾ ਉਦੋਂ ਲੱਗਿਆ ਜਦੋਂ ਸ਼ਾਮੀ ਬੱਚਿਆਂ ਨੂੰ ਘਰ ਛੱਡਣ ਲਈ ਰਿਸ਼ਤੇਦਾਰਾਂ ਨੇ ਮਨਜੀਤ ਸਿੰਘ ਦਾ ਮੋਬਾਈਲ ਫੋਨ ਮਿਲਾਇਆ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ‘ਤੇ ਉਸ ਦੇ ਪਰਿਵਾਰ ਦੇ ਕੁਝ ਮੈਂਬਰ ਉਨ੍ਹਾਂ ਦੇ ਮਕਾਨ ਵਿੱਚ ਆਏ ਅਤੇ ਅੰਦਰ ਉਨ੍ਹਾਂ ਪਰਮਜੀਤ ਕੌਰ ਦੀ ਲਾਸ਼ ਦੇਖੀ ਤੇ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮ੍ਰਿਤਕਾ ਦੇ ਪਤੀ ਮਨਜੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਤੇ ਲਾਸ਼ ਦਾ ਸਿਵਲ ਹਸਪਤਾਲ ਖਰੜ ਤੋਂ ਪੋਸਟਮਾਰਟਮ ਕਰਵਾਇਆ। ਮਨਜੀਤ ਸਿੰਘ ਦੇ ਸਬੰਧ ਵਿੱਚ ਕਾਰਵਾਈ ਰੇਲਵੇ ਪੁਲੀਸ ਮੋਰਿੰਡਾ ਵੱਲੋਂ ਕੀਤੀ ਜਾ ਰਹੀ ਹੈ।

Widgetized Section

Go to Admin » appearance » Widgets » and move a widget into Advertise Widget Zone