ਨੌਜਵਾਨਾਂ ਦਾ ਹੱਕ ਦੇਣ ਸਰਕਾਰਾਂ

-ਸੁਖਦੀਪ ਸਿੰਘ ਸੱਚਦੇਵਾ

ਪੰਜਾਬ ਵਿੱਚ ਬੇਰੁਜ਼ਗਾਰੀ ਇੰਨੀ ਵੱਧ ਚੁੱਕੀ ਹੈ ਕਿ ਇਸ ਦੀ ਹਰ ਰੋਜ਼ ਮਿਸਾਲ ਅਖ਼ਬਾਰਾਂ, ਟੀ.ਵੀ. ਜਾਂ ਰੇਡੀਓ ਵਿੱਚ ਖ਼ਬਰਾਂ ਤੋਂ ਆਮ ਮਿਲ ਸਕਦੀ ਹੈ| ਨਿੱਤ ਧਰਨੇ, ਪ੍ਰਦਰਸ਼ਨ, ਭੁੱਖ-ਹੜਤਾਲ, ਮਰਨ ਵਰਤ, ਟੈਂਕੀਆਂ ’ਤੇ ਚੜਨਾ, ਲਾਠੀਚਾਰਜ ਆਦਿ ਵਰਗੇ ਸੰਘਰਸ਼ ਬੇਰੁਜ਼ਗਾਰੀ ਦਾ ਨਤੀਜਾ ਐਲਾਨ ਰਹੇ ਹਨ| ਬੇਰੁਜ਼ਗਾਰੀ ਲਈ ਇਹੋ ਜਿਹੇ ਕੀ ਕਾਰਨ ਹਨ, ਜਿੰਨਾਂ ਬਾਰੇ ਅਜੇ ਤੱਕ ਸਾਡੀਆਂ ਸਰਕਾਰਾਂ ਕੋਈ ਠੋਸ ਨੀਤੀ ਤਿਆਰ ਨਹੀਂ ਕਰ ਸਕੀਆਂ ਤੇ ਬੇਰੁਜ਼ਗਾਰੀ ਦਿਨ ਬਦਿਨ ਵੱਧਦੀ ਚਲੀ ਜਾ ਰਹੀ ਹੈ| ਸਰਕਾਰ ਇਸ ਮਸਲੇ ਪ੍ਰਤੀ ਵੱਡੇ-ਵੱਡੇ ਦਾਅਵੇ ਤਾਂ ਕਰਦੀ ਹੈ, ਪਰ ਕਿਉ ਨਹੀਂ ਇਨਾਂ ਦਾਅਵਿਆਂ ’ਤੇ ਖਰਾ ਉੱਤਰ ਰਹੀ| ਹੁਣ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਨੇ ਲੱਖਾਂ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਦਾਅਵੇ ਕੀਤੇ ਸਨ, ਪਰ ਉਹ ਦਾਅਵੇ ਕੇਵਲ ਉਨਾਂ ਇਸ਼ਤਿਹਾਰਾਂ ਤੱਕ ਹੀ ਸੀਮਤ ਹਨ, ਜੋ ਸਰਕਾਰ ਨੇ ਅਖ਼ਬਾਰਾਂ ਵਿੱਚ ਦਿੱਤੇ ਹਨ| ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਦੇ ਇਸ਼ਤਿਹਾਰ ਜਾਰੀ ਹੋਏ, ਪਰ ਕਿਸੇ ਉੱਪਰ ਰਿੱਟ ਦਾਇਰ ਹੋ ਗਈ ਤੇ ਕਿਸੇ ਬਾਰੇ ਅਜੇ ਤੱਕ ਅਮਲ  ਨਹੀਂ ਕੀਤਾ ਗਿਆ| ਜਿਸਦਾ ਕੁੱਲ ਜੋੜ ਮਿਲਾ ਕੇ ਸਰਕਾਰ ਨੇ ਇਹ ਦਾਅਵਾ ਕਰ ਦਿੱਤਾ ਕਿ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ| ਚਾਹੇ ਇੱਕ ਵਾਰ ਫੇਰ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਨੂੰ ਜਨਤਾ ਨੇ ਮੁੜ ਸਤਾ ਵਿੱਚ ਆਉਣ ਦਾ ਮੌਕਾ ਦਿੱਤਾ ਹੈ, ਪਰ ਸਰਕਾਰ ਲਈ ਇਹ ਸਮਾਂ ਚੁਣੌਤੀ ਭਰਪੂਰ ਹੈ ਕਿਉਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਨੂੰ ਇਸ ਵਾਰ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਆਸਾਨ ਨਹੀਂ ਹੋਵੇਗਾ| ਸਰਕਾਰ ਦਾਅਵੇ ਕਰਨ ਦੀ ਬਿਜਾਏ ਜੇਕਰ ਸਮੇਂ-ਸਮੇਂ ’ਤੇ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਕਰਦੀ ਤਾਂ ਸਰਕਾਰ ਉੱਪਰ ਵੀ ਬੇਰੁਜ਼ਗਾਰੀ ਦਾ ਇੰਨਾ ਬੋਝ ਨਹੀਂ ਪੈਣਾ ਸੀ| ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਇਹ ਗੱਲ ਆਪ ਮੰਨਦੇ ਹਨ ਕਿ ਬੇਰੁਜ਼ਗਾਰੀ ਸਾਡੇ ਸੂਬੇ ਵਿੱਚ ਬਹੁਤ ਜ਼ਿਆਦਾ ਹੋ ਗਈ ਹੈ ਤੇ ਸਰਕਾਰ ਇੰਨਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੇ ਅਸਮਰਥ ਹੈ| ਉਹ ਆਪ ਇਹ ਗੱਲ ਸਵੀਕਰਦੇ ਵੇਖੇ ਗਏ ਕਿ ਇੱਕ ਚਪੜਾਸੀ ਦੀ ਨੌਕਰੀ ਲੈਣ ਲਈ ਐਮ.ਏ. ਪੜੇ ਤੱਕ ਦੀਆਂ ਅਰਜ਼ੀਆਂ ਪਹੁੰਚ ਰਹੀਆਂ ਹਨ|  ਸਾਡੇ ਸੂਬੇ ਦੀ ਮਾਲੀ ਹਾਲਤ ਇੰਨੀ ਮਾੜੀ ਹੈ ਕਿ ਸਰਕਾਰਾਂ ਚਾਹੁਣ ਤਾਂ ਵੀ ਇੰਨੀ ਬੇਰੁਜ਼ਗਾਰੀ ਨੂੰ ਠੱਲ ਪਾਉਣਾ ਆਸਾਨ ਨਹੀਂ ਹੋਵੇਗਾ| ਸੂਬੇ ਦੀ ਅੱਧੀ  ਤਰੱਕੀ ਤਾਂ ਇਸ ਬੇਰੁਜ਼ਗਾਰੀ ਕਾਰਨ ਰੁਕੀ ਹੋਈ ਹੈ| ਸਰਕਾਰ ਕੋਲ ਨੌਜਵਾਨਾਂ ਨੂੰ ਦੇਣ ਲਈ ਤਨਖਾਹਾਂ ਨਹੀਂ ਹਨ| ਇੰਨਾਂ ਬੇਰੁਜ਼ਗਾਰਾਂ ਲਈ 15-15, 20-20 ਸਾਲ ਤੋਂ ਡਿਗਰੀਆਂ ਲੈ ਕੇ  ਖੂਹ ਵਿੱਚ ਪਾਉਣ ਵਾਲੀ ਗੱਲ ਹੀ ਹੈ|  ਜਿਸ ਕਾਰਨ ਬੇਰੁਜ਼ਗਾਰਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ| ਮਜ਼ਬੂਰ ਹੋਣ ਵੀ ਕਿਉ ਨਾ, ਆਖਰ ਜਾਣ ਕਿਥੇ ? ਕਈ ਥਾਵਾਂ ਇਹੋ ਜਿਹੀਆਂ ਵੀ ਹਨ, ਜਿਥੇ ਪ੍ਰਾਈਵੇਟ ਕੰਮ ਵੀ ਕਰਨ ਨੂੰ ਨਹੀਂ ਮਿਲਦਾ| ਜੇਕਰ ਇੱਕ ਪ੍ਰਾਈਵੇਟ ਸੰਸਥਾ ਕਿਸੇ ਨੂੰ ਨੌਕਰੀ ਦੇ ਵੀ ਦਿੰਦੀ ਹੈ ਤਾਂ ਤਨਖਾਹ ਆਪਣੇ ਇਕੱਲੇ ਦੇ ਗੁਜ਼ਾਰੇ ਜੋਗੀ ਵੀ ਨਹੀਂ ਮਿਲਦੀ| ਜਿਸ ਕਾਰਨ ਹੱਸਣ-ਖੇਡਣ ਦੇ ਦਿਨਾਂ ਵਿੱਚ ਸਿਰਾਂ ਉੱਪਰ ਬੋਝ ਪੈ ਜਾਂਦਾ ਹੈ ਤੇ ਮੁਫ਼ਤ ਦੀਆਂ ਬਿਮਾਰੀਆਂ, ਚਿੰਤਾਵਾਂ ਨੂੰ ਸਹੇੜਨਾ ਪੈਂਦਾ ਹੈ| ਬਹੁਤ ਸਾਰੇ ਨੌਜਵਾਨ ਮੰਤਰੀਆਂ ਦੇ ਘਰਾਂ ਅੱਗੇ ਸੰਘਰਸ਼ ਕਰਕੇ ਆਪਣੇ ਹੱਕ ਪ੍ਰਾਪਤ ਕਰਨਾ ਚਾਹੁੰਦੇ ਹਨ, ਪਰ ਬਦਲੇ ਵਿੱਚ ਡਾਂਗਾ ਮਿਲਦੀਆਂ ਹਨ| ਸਰਕਾਰਾਂ ਨੌਜਵਾਨਾਂ ਨਾਲ ਮਾੜਾ ਵਤੀਰਾ ਅਪਣਾ ਰਹੀਆਂ ਹਨ ਤੇ ਨੌਜਵਾਨ ਜਗਾ-ਜਗਾ ਸਰਕਾਰਾਂ ਦਾ ਪਿੱਟ ਸਿਆਪਾ ਕਰ ਰਹੇ ਹਨ| ਇਸ ਤਰਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੈ| ਬੇਰੁਜ਼ਗਾਰੀ ਦੀ ਸਭ ਤੋਂ ਵੱਡੀ ਮਿਸਾਲ ਸਿੱਖਿਆ ਵਿਭਾਗ ਤੋਂ ਲਈ ਜਾ ਸਕਦੀ ਹੈ| ਸਰਕਾਰ ਨੇ ਬੇਹਿਸਾਬੇ ਨਿੱਜੀ ਕਾਲਜਾਂ ਨੂੰ ਮਾਨਤਾ ਦੇ ਕੇ ਲੱਖਾਂ ਨੌਜਵਾਨਾਂ ਨੂੰ ਪਹਿਲਾਂ ਤਾਂ ਭਾਰੀ ਫੀਸਾਂ ਭਰਨ ਲਈ ਮਜ਼ਬੂਰ ਕਰ ਦਿੱਤਾ| ਉਸ ਤੋਂ ਬਾਅਦ ਇਹ ਗੱਲ ਦੇਖਣ ਵਿੱਚ ਆਈ ਕਿ ਪਿਛਲੀਆਂ ਸਰਕਾਰਾਂ ਦੇ ਸਾਰੇ ਹੀ ਸਿੱਖਿਆ ਮੰਤਰੀ ਚੋਣਾਂ ਵਿੱਚ ਹਾਰੇ| ਕਾਰਨ ਇਹ ਸੀ ਕਿ ਸੂਬੇ ਵਿੱਚ ਬਹੁਤ ਸਾਰੇ ਬੇਰੁਜ਼ਗਾਰ ਅਧਿਆਪਕ  ਹਨ ਤੇ ਉਨਾਂ ਸਿੱਖਿਆ ਮੰਤਰੀਆਂ ਦੇ ਹਲਕਿਆਂ ਵਿੱਚ ਹੀ ਸਭ ਤੋਂ ਵੱਧ ਪ੍ਰਦਰਸ਼ਨ ਕੀਤੇ| ਸਿੱਟਾ ਇਹ ਨਿਕਲਿਆ ਕਿ ਸਿੱਖਿਆ ਮੰਤਰੀਆਂ ਦੇ ਹਲਕਿਆਂ ਦੇ ਲੋਕਾਂ ’ਤੇ ਇਨਾਂ ਨੌਜਵਾਨਾਂ ਉੱਪਰ ਕਰਵਾਏ ਤਸ਼ੱਦਦ ਦਾ ਕਾਫ਼ੀ ਬੁਰਾ ਅਸਰ ਪਿਆ ਤੇ ਉਨਾਂ ਆਪਣੇ ਹਲਕੇ ਦੇ ਵਿਧਾਇਕਾਂ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ|  ਹੁਣ ਵੀ ਜੇਕਰ ਸਰਕਾਰ ਨੇ ਇਸ ਪਾਸੇ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਇਸ ਦੇ ਗੰਭੀਰ ਸਿੱਟਾ ਭੁੱਗਤਣੇ ਪੈਣਗੇ| ਬੇਰੁਜ਼ਗਾਰੀ ਘਟਨ ਦੀ ਬਿਜਾਏ ਵਧਣੀ ਹੀ ਹੈ| ਸਰਕਾਰਾਂ ਆਪਣੇ ਬੇਫਜ਼ੂਲੇ ਭਾਸ਼ਣਾ ਲਈ ਵੱਡੇ-ਵੱਡੇ ਇਕੱਠ ਕਰਕੇ ਇੱਕ ਦਿਨ ਦੇ ਕਰੋੜਾਂ ਰੁਪਏ ਖਰਚ ਕਰ ਸਕਦੀਆਂ ਹਨ| ਜੇਕਰ ਇਹ ਸਭ ਕਰਨ ਦੀ ਬਿਜਾਏ ਇਹੀ ਪੈਸਾ ਬੇਰੁਜ਼ਗਾਰਾਂ ਦੇ ਲੇਖੇ ਲਾਇਆ ਜਾਵੇ ਤਾਂ ਕੀ ਮਾੜਾ ? ਲੋਕ ਭਾਸ਼ਣ ਤੋਂ ਨਹੀਂ ਬਲਕਿ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜਾਂ ਤੋਂ ਖੁਸ਼ ਹੁੰਦੇ ਹਨ| ਦੇਸ਼ ਦੀ ਜਨਤਾ ਪੜ-ਲਿੱਖ ਚੁੱਕੀ ਹੈ, ਸਿਆਣੀ ਬਣ ਗਈ ਹੈ, ਪਰ ਸਾਡੀਆਂ ਸਰਕਾਰਾਂ ਨੂੰ ਵੀ ਦੇਸ਼ ਦੀ ਪੜੀ-ਲਿਖੀ ਜਨਤਾ ਦੇ ਬਰਾਬਰ ਸੋਚਣਾ ਪਵੇਗਾ| ਇਸ ਬੇਰੁਜ਼ਗਾਰੀ ਦੇ ਚੱਕਰ ਵਿੱਚ ਬਹੁਤ ਸਾਰੀਆਂ ਧੀਆਂ-ਭੈਣਾਂ ਦੇ ਨਾ ਵਿਆਹ ਹੋ ਸਕੇ| ਮਾਤਾ-ਪਿਤਾ ਨੂੰ ਹੁੰਦਾ ਹੈ ਕਿ ਉਨਾਂ ਦੀ ਔਲਾਦ ਹਮੇਸ਼ਾ ਖੁਸ਼ ਰਹੇ, ਪਰ ਇਹ ਅਰਮਾਨ ਬੇਰੁਜ਼ਗਾਰੀ ਨੇ ਖੁੰਜੇ ਲਾ ਦਿੱਤੇ| ਇਹ ਮਿਸਾਲਾਂ ਮੈਂ ਇਕੱਲਾ ਨਹੀਂ  ਬਲਕਿ ਉਹ ਸਾਰੇ ਲੋਕ ਜਾਣਦੇ ਹਨ, ਜੋ ਸੜਕਾਂ ’ਤੇ ਧੱਕੇ ਖਾ ਰਹੇ ਹਨ, ਜਿੰਨਾਂ ਬੱਚਿਆਂ ਦੇ ਮਾਤਾ-ਪਿਤਾ ਚਿੰਤਾ ’ਚ ਹਨ| ਇੱਕ ਪਿਤਾ ਰੋਂਦਾ ਹੋਇਆ ਆਪਣਾ ਦੁੱਖ ਦੱਸ ਰਿਹਾ ਸੀ ਕਿ ਉਸ ਦੀਆਂ ਤਿੰਨ ਧੀਆਂ ਹਨ, ਵਿਆਹ ਦੀ ਉਮਰ ਹੈ, ਪਰ ਨੌਕਰੀ ਉਨਾਂ ਨੂੰ ਨਹੀਂ ਮਿਲ ਰਹੀ| ਸਾਰੀਆਂ ਕੁੜੀਆਂ ਨੇ ਪਹਿਲੇ ਦਰਜੇ ਵਿੱਚ ਡਿਗਰੀਆਂ ਹਾਸਲ ਕੀਤੀਆਂ ਹਨ| ਵਿਆਹ ਦੀ ਗੱਲ ਤੁਰਦੀ ਹੈ ਤਾਂ ਅੱਗੋਂ ਨੌਕਰੀ ਕਾਰਨ ਅੜਿੱਕਾ ਪੈਦਾ ਹੋ ਜਾਂਦਾ ਹੈ| ਇੱਕ ਹੋਰ ਲੜਕੀ ਦੇ ਪਿਤਾ, ਜੋ ਕਿ ਗਰੀਬ ਅਤੇ ਅਨਪੜ ਪਰਿਵਾਰ ਨਾਲ ਸਬੰਧਤ ਸੀ ਤੇ ਆਪਣੀ ਇੱਕ ਲੜਕੀ ਨੂੰ ਐਮ.ਏ., ਬੀ.ਐਡ ਕਰਵਾ ਦਿੱਤੀ ਅਤੇ ਉਸਦੀ ਦੂਸਰੀ ਲੜਕੀ 8ਵੀਂ ਤੱਕ ਹੀ ਪੜੀ| ਪਰ ਨੌਕਰੀ ਨਾ ਮਿਲਣ ਕਾਰਨ, ਉਸ ਪੜੀ ਲਿਖੀ ਧੀ ਨੂੰ ਮਜ਼ਬੂਰਨ ਪੈਲੇਸਾਂ ਵਿੱਚ ਵਿਆਹਾਂ ’ਤੇ ਆਪਣੀ ਮਾਂ ਨਾਲ ਜਾ ਕੇ ਰੋਟੀਆਂ ਪਕੌਣੀਆਂ ਪੈਂਦੀਆਂ ਹਨ ਅਤੇ ਜੋ 8ਵੀਂ ਪਾਸ ਸੀ, ਉਸਦਾ ਕਦੋਂ ਦਾ ਵਿਆਹ ਹੋ ਗਿਆ, ਪਰ ਪੜੀ-ਲਿਖੀ ਬੇਰੁਜ਼ਗਾਰ ਹੋਣ ਕਾਰਨ ਵਿਆਹ ਨਹੀਂ ਕਰਵਾ ਸਕੀ|  ਹੁਣ ਦੱਸੋ ਕਿ ਦੋਸ਼ ਇੰਨਾਂ ਬੇਰੁਜ਼ਗਾਰਾਂ ਦਾ ਹੈ ਜਾਂ ਸਾਡੀਆਂ ਸਰਕਾਰਾਂ ਦਾ| ਬੱਚੇ ਤਾਂ ਪੜ-ਲਿੱਖ ਗਏ, ਪਰ ਸਾਡੀਆਂ ਸਰਕਾਰਾਂ ਨਹੀਂ ਪੜੀਆਂ|

ਬੇਰੁਜ਼ਗਾਰੀ ਦੀ ਵੱਖਰੀ ਮਿਸਾਲ ਅੱਜ-ਕੱਲ ਦੇ ਠੇਕੇਦਾਰੀ ਸਿਸਟਮ ਤੋਂ ਵੀ ਲਈ ਜਾ ਸਕਦੀ ਹੈ| ਕੋਈ ਪਤਾ ਨਹੀਂ ਕਿ ਕਿਸ ਵੇਲੇ ਠੇਕੇਦਾਰੀ ਸਿਸਟਮ ਕਾਰਨ ਸਰਕਾਰੀ ਨੌਕਰੀ ਤੋਂ ਪੱਕੀ ਛੁੱਟੀ ਮਿਲ ਜਾਵੇ| ਇਥੇ ਕੰਮ ਹੀ ਪੁੱਠਾ ਹੋ ਜਾਂਦਾ ਹੈ, ਲੋਕ ਸਰਕਾਰਾਂ ਕੋਲੋਂ ਹੱਕ ਮੰਗਦੇ ਹਨ, ਉਥੇ ਸਾਡੀਆਂ ਸਾਡੀਆਂ ਸਰਕਾਰਾਂ ਦਿੱਤੇ ਹੋਏ ਹੱਕ ਖੋਹ ਰਹੀਆਂ ਹਨ| ਤਨਖਾਹ ਵੀ ਮਾੜੀ-ਮੋਟੀ ਧੱਕੇ ਨਾਲ ਹੀ ਦਿੱਤੀ ਜਾਂਦੀ ਹੈ| ਬਹੁਤੀ ਵਾਰ ਇਹ ਸਭ ਕੁੱਝ ਵੀ ਦੇਖਣ ਵਿੱਚ ਆ ਰਿਹਾ ਹੈ ਕਿ ਸਰਕਾਰੀ ਵਿਭਾਗਾਂ ਵੱਲੋਂ ਨੌਜਵਾਨਾਂ ਨੂੰ ਘਰ ਬੈਠਣ ਦਾ ਫੁਰਮਾਨ ਜਾਰੀ ਕਰਕੇ ਬੇਰੁਜ਼ਗਾਰ ਕਰ ਦਿੱਤਾ ਜਾਂਦਾ ਹੈ| ਦਰਅਸਲ ਵਿੱਚ ਸਰਕਾਰੀ ਢਾਂਚੇ ਦਾ ਹਾਲ ਇੰਨਾ ਮਾੜਾ ਹੋ ਚੁੱਕਾ ਹੈ ਕਿ ਇਸਨੂੰ ਰਸਤੇ ’ਤੇ ਲਿਆਉਣਾ ਹੁਣ ਸੌਖਾ ਨਹੀਂ| ਲੱਖਾਂ ਬੇਰੁਜ਼ਗਾਰਾਂ  ਨੂੰ ਨੌਕਰੀਆਂ ਦੇਣਾ ਸਰਕਾਰ ਲਈ ਇੱਕ ਵੱਡੀ ਸਿਰਦਰਦੀ ਬਣ ਚੁੱਕੀ ਹੈ| ਜਿਸ ਪ੍ਰਤੀ ਸਰਕਾਰਾਂ ਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ| ਸਰਕਾਰਾਂ ਦਾ ਫਰਜ਼ ਹੈ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਨਾ ਕਿ ਉਨਾਂ ਦਾ ਮਾਨਸਿਕ ਤੌਰ ’ਤੇ ਸ਼ੋਸ਼ਣ ਕੀਤਾ ਜਾਵੇ| ਬੇਰੁਜ਼ਗਾਰੀ ਕਾਰਨ  ਨੌਜਵਾਨਾਂ ਦਾ ਨਸ਼ਿਆਂ, ਚੋਰੀਆਂ, ਡਾਕੇ, ਜੂਆ ਜਾਂ ਹੋਰ ਬੁਰਾਈਆਂ ਕਾਰਨ ਮੌਤ ਦੇ ਮੂੰਹ ਵਿੱਚ ਪੈਣਾ ਸਰਕਾਰ ਲਈ ਬੜੀ ਸ਼ਰਮ ਵਾਲੀ ਗੱਲ ਹੈ| ਲੋਕਾਂ ਦੇ ਦੁੱਖ ਘਟਨਾਉਣ ਦੀ ਬਿਜਾਏ ਵਧਾਏ ਜਾ ਰਹੇ ਹਨ| ਸਰਕਾਰਾਂ ਜੇਕਰ ਇਸ ਮਸਲੇ ਪ੍ਰਤੀ ਗੰਭੀਰ ਨਾ ਹੋਈਆਂ ਤਾਂ ਆਉਣ ਵਾਲੇ ਸਮੇਂ ’ਚ ਨੌਜਵਾਨ ਪੂਰੀ ਤਰਾਂ ਸਰਕਾਰ ਦੇ ਗੱਲ ਘੁੱਟਣਗੇ|

Widgetized Section

Go to Admin » appearance » Widgets » and move a widget into Advertise Widget Zone