Last UPDATE: August 29, 2014 at 7:36 pm

ਨਹਿਰੀ ਪਾਣੀ ਦੀ ਚੋਰੀ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਪ੍ਰਦਰਸ਼ਨ

* ਸੜਕਾਂ ‘ਤੇ ਉਤਰਨ ਦੀ ਚੇਤਾਵਨੀ * ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਫਲੈਗ ਮਾਰਚ ਪਹਿਲੀ ਤੋਂ

ਨਹਿਰੀ ਪਾਣੀ ਦੀ ਚੋਰੀ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਕਿਸਾਨ।

ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਅਗਸਤ
ਪਟਿਆਲਾ ਜ਼ਿਲ੍ਹੇ ਵਿੱਚ ਨਹਿਰੀ ਪਾਣੀ ਦੀ ਚੋਰੀ ਦੇ ਮਾਮਲੇ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਭਖ਼ਦਾ ਜਾ ਰਿਹਾ ਹੈ। ਪਾਣੀ ਚੋਰੀ ਕਾਰਨ ਜਿੱਥੇ ਪਾਣੀ ਤੋਂ ਵਾਂਝੇ ਰਹਿ ਜਾਂਦੇ ਕਿਸਾਨ ਹੀ ਪ੍ਰੇਸ਼ਾਨ ਹਨ, ਉੱਥੇ ਹੀ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਤੰਗ ਹਨ। ਅਧਿਕਾਰੀਆਂ ਅਨੁਸਾਰ ਘਨੌਰ ਤੇ ਸਨੌਰ ਹਲਕਿਆਂ ਵਿੱਚ ਪਾਣੀ ਦੀ ਸਭ ਤੋਂ ਵੱਧ ਚੋਰੀ ਹੁੰਦੀ ਹੈ। ਪਾਣੀ ਦੀ ਚੋਰੀ ਤੋਂ ਪ੍ਰੇਸ਼ਾਨ ਕਈ ਪਿੰਡਾਂ ਦੇ ਕਿਸਾਨਾਂ ਨੇ ਅੱਜ ਰੋਸ ਪ੍ਰਦਰਸ਼ਨ ਵੀ ਕੀਤਾ।
ਨਹਿਰੀ ਵਿਭਾਗ(ਭਾਖੜਾ ਮੁੱਖ ਲਾਈਨ) ਦੇ ਐਸ.ਈ. ਐਮ.ਐਲ. ਗਰਗ ਨੇ ਦੱਸਿਆ ਕਿ ਅੱਧੀ ਦਰਜਨ ਜ਼ਿਲਿ੍ਹਆਂ ਵਿੱਚੋਂ ਪਾਣੀ ਦੀ ਸਭ ਤੋਂ ਵੱਧ ਚੋਰੀ  ਘਨੌਰ ਤੇ ਸਨੌਰ ਹਲਕਿਆਂ ਵਿੱਚ ਹੁੰਦੀ ਹੈ। ਹਾਲ ਹੀ ਵਿੱਚ ਇਸ ਸਬੰਧੀ ਕਈ ਕੇਸ ਦਰਜ ਕਰਵਾਏ ਗਏ ਹਨ। ਇਸ ਸਬੰਧੀ ਐਸ.ਐਸ.ਪੀ. ਪਟਿਆਲਾ ਹਰਦਿਆਲ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਪੁਲੀਸ ਦੀ ਮਦਦ ਵੀ ਮੰਗੀ ਗਈ ਹੈ, ਕਿਉਂਕਿ ਗਸ਼ਤ ਮੌਕੇ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੀ ਚੋਰੀ ਰੋਕਦੇ ਇੱਕ ਜੇ.ਈ. ਦੇ ਗਲੇ ਪੈਣ ਕਾਰਨ ਇੱੱਕ ਸਰਪੰਚ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾਇਆ ਗਿਆ ਹੈ। ਸ੍ਰੀ ਗਰਗ ਨੇ ਦੱਸਿਆ ਕਿ ਪਾਣੀ ਦੀ ਚੋਰੀ ਰੋਕਣ ਲਈ ਵਿਭਾਗ ਨੇ ਵਿਸ਼ੇਸ਼ ਮੁਹਿੰਮ ਵਿੱਢੀ ਹੈ ਤੇ ਇਸ ਸਬੰਧੀ ਪਹਿਲੀ ਸਤੰਬਰ ਤੋਂ ਫਲੈਗ ਮਾਰਚ ਕੀਤਾ ਜਾਵੇਗਾ।
ਇਸੇ ਦੌਰਾਨ ਹਲਕਾ ਘਨੌਰ ਦੇ ਕਈ ਪਿੰਡਾਂ ਵਿੱਚ ਹੁੰਦੀ ਪਾਣੀ ਦੀ ਕਥਿਤ ਚੋਰੀ ਕਾਰਨ ਪਾਣੀ ਤੋਂ ਵਾਂਝੇ ਰਹਿ ਜਾਂਦੇ ਹਲਕਾ ਸਨੌਰ ਨੇੜਲੇ ਪੁਰ, ਕਰਨਪੁਰ, ਬੱਤਾ, ਮਲਕਪੁਰ, ਕੋਟਲਾ, ਬੱਤੀ, ਮੰਡੀ, ਭਾਂਖਰ, ਦੀਵਾਨ ਵਾਲਾ, ਪਲਾਖਾ, ਖੇੜੀ ਰਾਣਵਾਂ, ਸਰੁਸਤੀਗੜ, ਬਹਿਰੂ, ਨਜਾਮਪੁਰ ਤੇ ਕੋਹਲੇ ਮਾਜਰਾ ਆਦਿ ਪਿੰਡਾਂ ਦੇ ਕਿਸਾਨ ਅੱਜ ਪਿੰਡ ਪੁਰ ਵਿੱਚ ਇਕੱਠੇ ਹੋਏ ਤੇ ਉਨ੍ਹਾਂ ਇੱਥੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਵਾਲਿਆਂ ‘ਚ ਅਵਤਾਰ ਸਿੰਘ, ਐਡਵੋਕੇਟ ਗੁਰਨਾਮ ਸਿੰਘ ਪੁਰ, ਦੇਵੀ ਦਿਆਲ, ਬਚਿੱਤਰ ਸਿੰਘ, ਤੇਜਿੰਦਰ ਸਿੰਘ, ਨਪਿੰਦਰ ਸਿੰਘ, ਰਣਧੀਰ ਸਿੰਘ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਪ੍ਰਕਾਸ਼ ਸਿੰਘ, ਕਰਨੈਲ ਸਿੰਘ, ਇੰਦਰ ਸਿੰਘ ਤੇ ਬਲਕਾਰ ਸਿੰਘ ਆਦਿ ਸਮੇਤ ਵੱਡੀ ਗਿਣਤੀ ‘ਚ ਕਿਸਾਨ ਮੌਜੂਦ ਸਨ।
ਇਸ ਸਬੰਧੀ ਐਡਵੋਕੇਟ ਗੁਰਨਾਮ ਸਿੰਘ ਪੁਰ ਨੇ ਆਖਿਆ ਕਿ ਘਨੌਰ ਹਲਕੇ ਦੇ ਅੱਧਾ ਦਰਜਨ ਪਿੰਡਾਂ ਕਰਕੇ ਸਨੌਰ ਦੇ ਦੋ ਦਰਜਨ ਪਿੰਡਾਂ ਦੇ ਕਿਸਾਨਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕੁਝ ਅਕਾਲੀ ਆਗੂਆਂ ਨੇ ਅਜਿਹੇ ਗੈਰ ਕਾਨੂੰਨੀ ਕੰਮ ਤੋਂ ਆਪਣੀ ਸਰਪ੍ਰਸਤੀ ਨਾ ਹਟਾਈ, ਤਾਂ ਉਹ ਅਗਲੇ ਦਿਨਾਂ ਵਿੱਚ ਸੜਕਾਂ ‘ਤੇ ਆਉਣ ਲਈ ਮਜਬੂਰ ਹੋਣਗੇ।

Widgetized Section

Go to Admin » appearance » Widgets » and move a widget into Advertise Widget Zone