Last UPDATE: August 22, 2014 at 3:01 am

ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਐਮਡੀ ’ਤੇ ਛੇੜਛਾੜ ਦੇ ਦੋਸ਼

ਪੀੜਤ ਵਿਦਿਆਰਥਣਾਂ ਨਾਲ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਈਆਂ ਕਾਲਜ ਦੀਆਂ ਵਿਦਿਆਰਥਣਾਂ। 

ਪੀੜਤ ਵਿਦਿਆਰਥਣਾਂ ਨਾਲ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਈਆਂ ਕਾਲਜ ਦੀਆਂ ਵਿਦਿਆਰਥਣਾਂ।

ਜਲੰਧਰ, 21 ਅਗਸਤ : ਭਾਈ ਮਤੀ ਦਾਸ ਕਾਲਜ ਆਫ ਨਰਸਿੰਗ ਗੁਰਾਇਆ ਦੀਆਂ ਕੁਝ ਵਿਦਿਆਰਥਣਾਂ ਨੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਮਦਨਜੀਤ ਸਿੰਘ ’ਤੇ ਸਰੀਰਕ ਛੇੜਛਾੜ ਕਰਨ ਦੇ ਦੋਸ਼ ਲਾਏ ਹਨ।

ਪੀੜਤ ਲੜਕੀਆਂ ਤੇ ਇਕ ਟੀਚਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਲਜ ਦਾ ਐਮ.ਡੀ. ਉਨ੍ਹਾਂ ਨਾਲ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਕਥਿਤ ਤੌਰ ’ਤੇ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਹੈ। ਪੀੜਤ ਕੁੜੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਪੁਲੀਸ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਕਾਲਜ ਦੇ ਪ੍ਰਬੰਧਕਾਂ ਦੇ ਸਬੰਧ ਸੱਤਾਧਾਰੀ ਧਿਰ ਭਾਜਪਾ ਦੇ ਕੁਝ ਆਗੂਆਂ ਨਾਲ ਹਨ, ਜਿਸ ਕਾਰਨ ਉਨ੍ਹਾਂ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਹੋਈ।
ਪੀੜਤ ਲੜਕੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਾਲਜ ਦਾ ਐਮਡੀ ਮਦਨਜੀਤ ਸਿੰਘ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਆਪਣੇ ਦਫਤਰ ਸੱਦ ਕੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਕੋਝੀਆਂ ਹਰਕਤਾਂ ਕਰਦਾ ਆ ਰਿਹਾ ਹੈ। ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਦੋ-ਤਿੰਨ ਮਹੀਨੇ ਪਹਿਲਾਂ ਵੀ ਕਾਲਜ ਦੇ ਐਮਡੀ ਦੇ ਅਜਿਹੀਆਂ ਹਰਕਤਾਂ ਕੀਤੀਆਂ ਸਨ, ਉਦੋਂ ਉਸ ਨੇ ਲਿਖਤੀ ਮੁਆਫ਼ੀ ਮੰਗ ਲਈ ਸੀ। ਮੁਆਫ਼ੀ ਮੰਗਣ ਤੋਂ ਬਾਅਦ ਥੋੜ੍ਹਾ ਹੀ ਸਮਾਂ ਬੀਤਣ ਮਗਰੋਂ ਐਮਡੀ ਆਪਣੀਆਂ ਹਰਕਤਾਂ ’ਤੇ ਮੁੜ ਉਤਰ ਆਇਆ। ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਥਾਣਾ ਗੁਰਾਇਆ ’ਚ ਮਦਨਜੀਤ ਸਿੰਘ ਸਮੇਤ ਚਾਰ ਹੋਰ ਜਣਿਆਂ ਵਿਰੁੱਧ ਵੀ ਸ਼ਿਕਾਇਤ ਕੀਤੀ ਸੀ, ਜਿਹੜੇ ਇਸ ਮਾੜੇ ਕੰਮ ਵਿੱਚ ਐਮ.ਡੀ. ਦਾ ਸਾਥ ਦੇ ਰਹੇ ਸਨ। ਇਨ੍ਹਾਂ ਲੜਕੀਆਂ ਦਾ ਕਹਿਣਾ ਸੀ ਕਿ ਥਾਣੇ ਵਿੱਚ ਉਨ੍ਹਾਂ ਨੂੰ ਤਾਂ ਸੱਦ ਲਿਆ ਗਿਆ ਪਰ ਮੁਲਜ਼ਮ ਉਥੇ ਨਹੀਂ ਪਹੁੰਚਿਆ ਤੇ ਨਾ ਹੀ ਪੁਲੀਸ ਨੇ ਉਸ ਵਿਰੁੱਧ ਕੋਈ ਕਾਰਵਾਈ ਕੀਤੀ। ਕਾਲਜ ਦੀ ਟੀਚਰ ਦਾ ਕਹਿਣਾ ਸੀ ਕਿ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਦੇ ਸਬੰਧ ਭਾਜਪਾ ਦੇ ਇਕ ਮੈਂਬਰ ਪਾਰਲੀਮੈਂਟ ਤੇ ਵਿਧਾਇਕ ਨਾਲ ਹਨ, ਜਿਹੜੇ ਕਿ ਕਿਸੇ ਤਰ੍ਹਾਂ ਦੀ ਪੁਲੀਸ ਕਾਰਵਾਈ ਨਹੀਂ ਹੋਣ ਦਿੰਦੇ।
ਥਾਣਾ ਗੁਰਾਇਆ ਦੇ ਐਸਐਚਓ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਲੜਕੀਆਂ ਦੀ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਜਿਸ ਵਿੱਚ ਉਨ੍ਹਾਂ ਨੇ ਸਰੀਰਕ ਛੇੜਛਾੜ ਦਾ ਦੋਸ਼ ਲਾਇਆ ਹੋਵੇ। ਉਨ੍ਹਾਂ ਕਿਹਾ ਕਿ ਇਕ ਟੀਚਰ ਵਿਰੁੱਧ ਸ਼ਿਕਾਇਤ ਆਈ ਹੋਈ ਹੈ, ਜਿਸ ਬਾਰੇ ਉਹ ਪੜਤਾਲ ਕਰ ਰਹੇ ਹਨ।
ਸਾਰੇ ਦੋਸ਼ ਬੇਬੁਨਿਆਦ: ਐਮ.ਡੀ.
ਕਾਲਜ ਦੇ ਮੈਨੇਜਿੰਗ ਡਾਇਰੈਕਟਰ ਮਦਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪਣੇ ’ਤੇ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਮਦਨਜੀਤ ਨੇ ਦੱਸਿਆ ਕਿ ਅਸਲ ਮਾਮਲਾ ਉਸ ਦੇ ਸਾਲੇ ਦਾ ਹੈ, ਜਿਸ ਨੂੰ ਉਨ੍ਹਾਂ ਨੇ ਕਾਲਜ ਵਿੱਚੋਂ ਦੋ ਅਗਸਤ ਨੂੰ ਕੱਢ ਦਿੱਤਾ ਸੀ। ਕਿਉਂਕਿ ਉਹ ਆਪ ਹੀ ਜਿੱਥੇ ਐਮਡੀ ਬਣਨ ਦੇ ਸੁਪਨੇ ਲੈਣ ਲੱਗ ਪਿਆ ਸੀ ਉਥੇ ਉਹ ਬਿਨਾਂ ਦੱਸੇ ਕੁੜੀਆਂ ਦੇ ਹੋਸਟਲ ਵਿੱਚ ਵੀ ਜਾਣ ਲੱਗ ਪਿਆ ਸੀ। ਹੁਣ ਜਦੋਂ ਉਸ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ ਹੈ ਤਾਂ ਉਸ ਨੇ ਕੁਝ ਲੜਕੀਆਂ ਨੂੰ ਅੱਗੇ ਕਰਕੇ ਇਹ ਸਾਰਾ ਨਾਟਕ ਰਚਿਆ ਹੈ।

Widgetized Section

Go to Admin » appearance » Widgets » and move a widget into Advertise Widget Zone