ਧਰਤ ਸੁਹਾਵੀ

ਅਸੀਂ ਜੋ ਵੀ ਹਾਂ ਧਰਤੀ ਦੀ ਬਦੌਲਤ ਹਾਂ। ਧਰਤੀ ਹੀ ਸਾਨੂੰ ਪੈਦਾਇਸ਼ ਉਪਰੰਤ ਜਿਊਂਦੇ ਰੱਖਣ ਲਈ ਪਹਿਨਣ, ਖਾਣ ਤੇ ਰਹਿਣ ਦੇ ਉਪਰਾਲੇ ਕਰਦੀ ਆਈ ਹੈ। ਇਹ ਵਰਤਾਰਾ ਹਜ਼ਾਰਾਂ ਲੱਖਾਂ ਸਾਲਾਂ ਤੋਂ ਹੁੰਦਾ ਆਇਆ ਹੈ। ਸੂਰਜ ਇਸ ਦਾ ਤਾਜ ਹੈ, ਜਿਸ ਦੀ ਛੱਤਰ ਛਾਇਆ ਹੇਠ ਸਾਰੀ ਬਨਸਪਤੀ ਹੋਂਦ ‘ਚ ਆਈ ਜੋ ਸਾਨੂੰ ਸਦੀਆਂ ਤੋਂ ਹਰਿਆਵਲ, ਠੰਢਕ ਤੇ ਸਾਫ਼ ਹਵਾ ਪ੍ਰਦਾਨ ਕਰਦੇ ਆਏ ਹਨ। ਹਰ ਤਰ੍ਹਾਂ ਦੀਆਂ ਨਸਲਾਂ ਦੇ ਪੀਣ ਲਈ ਸ਼ੱੁਧ ਨਿਰਮਲ ਪਾਣੀ ਧਰਤੀ ਨੇ ਆਪਣੀ ਕੁੱਖ ਵਿੱਚ ਇਕੱਠਾ ਕਰ ਰੱਖਿਆ। ਨਿਰਾ ਮਨੁੱਖ ਹੀ ਨਹੀਂ ਧਰਤੀ ਨਿੱਕੇ ਤੋਂ ਨਿੱਕੇ ਕੀਟਾਣੂ ਤੋਂ ਲੈ ਕੇ ਵੱਡੇ ਤੋਂ ਵੱਡੇ ਜੀਵ ਤਕ ਹਰ ਜੀਵ ਜੰਤੂ ਦੀ ਪਾਲਣਾ ਕਰਦੀ ਆਈ ਹੈ। ਇਸ ਦੇ ਪਹਾੜ ਤੇ ਸਮੁੰਦਰੀ ਛੱਲਾਂ ਦੇ ਸੁੰਦਰ ਨਜ਼ਾਰਿਆਂ ਨੂੰ ਦੇਖ ਕੇ ਹਰ ਕੋਈ ਸਕੂਨ ਤੇ ਅਨੰਦ ਮਹਿਸੂਸ ਕਰਦਾ ਹੈ।
ਅਫ਼ਸੋਸ ਦੀ ਗੱਲ ਇਹ ਹੈ ਕਿ ਇਨਸਾਨੀ ਗਤੀਵਿਧੀਆਂ ਕਾਰਨ ਪਿਛਲੇ ਕੁਝ ਦਹਾਕਿਆਂ ਤੋਂ ਇਸ ਧਰਤੀ ਦਾ ਸੰਤੁਲਨ ਵਿਗੜ ਰਿਹਾ ਹੈ। ਜਾਣੇ ਅਣਜਾਣੇ ਇਸ ਦਾ ਰੰਗ ਰੂਪ ਹੀ ਬਦਲ ਰਿਹਾ ਹੈ। ਮੌਸਮਾਂ ‘ਚ ਤਬਦੀਲੀ ਆ ਆ ਚੁੱਕੀ ਹੈ ਤੇ ਆ ਰਹੀ ਹੈ। ਇਸ ਦਾ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਮਨੁੱਖ ਹੈ ਜੋ ਆਪਣੀ ਸੁੱਖ ਸਹੂਲਤ ਤੇ ਲਾਲਚ ਕਰਕੇ ਧਰਤੀ ਦੀਆਂ ਦਾਤਾਂ ਨੂੰ ਵਰਤਦਾ ਰਿਹਾ ਹੈ। ਲਗਾਤਾਰ ਕਾਰਾਂ, ਬੱਸਾਂ, ਜਹਾਜ਼ਾਂ ਅਤੇ ਕਾਰਖਾਨਿਆਂ ਆਦਿ ਵਿੱਚ ਪੈਟਰੋਲ ਤੇ ਕੋਲੇ ਦੇ ਬਾਲਣ ਨਾਲ ਧੂੰਏਂ ਤੇ ਹੋਰ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਹਵਾ ਵਿੱਚ ਫੈਲਾ ਰਿਹਾ। ਨਤੀਜੇ ਵਜੋਂ ਹਵਾ ‘ਚ ਇੰਨਾ ਕਾਰਬਨ ਇਕੱਠਾ ਹੋ ਗਿਆ ਹੈ ਕਿ ਧਰਤੀ ਦਾ ਚੌਗਿਰਦਾ ਇੱਕ ਗਰੀਨ ਹਾਊਸ ਬਣ ਕੇ ਰਹਿ ਗਿਆ ਹੈ। ਇਹ ਇੱਕ ਐਸਾ ਉਛਾੜ ਬਣ ਜਾਂਦਾ ਹੈ ਜਿਸ ਤੋਂ ਧਰਤੀ ਦੀ ਗਰਮੀ ਬਾਹਰ ਨਹੀਂ ਜਾ ਸਕਦੀ। ਇਸ ਕਾਰਨ ਹੀ ਆਲਮੀ ਤਪਸ਼ ਹੋ ਰਹੀ ਹੈ ਅਤੇ ਧਰਤੀ ਦੁਆਲੇ ਉਛਾੜ ਦੀ ਆਖਰੀ ਪਰਤ ਸਟਰੈਟੋਸਫੀਅਰ ਓਜ਼ੋਨ ਵਿੱਚ ਸੁਰਾਖ ਹੋ ਰਹੇ ਹਨ। ਓਜ਼ੋਨ ਜੋ ਸੂਰਜ ਦੀਆਂ ਉੱਚ ਬੈਂਗਨੀ ਕਿਰਨਾਂ ਤੋਂ ਬਚਾਓ ਕਰਦੀ ਹੈ। ਇਸ ਵਿੱਚ ਸੁਰਾਖ ਹੋਣ ਕਰਕੇ ਹੀ ਮਨੁੱਖੀ ਨੁਕਸਾਨ ਹੀ ਨਹੀਂ ਬਲਕਿ ਜੋ ਵੀ ਖੁੱਲ੍ਹੀ ਥਾਂ ‘ਤੇ ਰਹਿਣ ਵਾਲੇ ਜੀਵ ਜੰਤੂ ਜਿਨ੍ਹਾਂ ਵਿੱਚ ਕਈ ਪ੍ਰਕਾਰ ਦੀਆਂ ਮੱਛੀਆਂ ਅਤੇ ਉਨ੍ਹਾਂ ਦੇ ਆਂਡੇ ਵੀ ਪ੍ਰਭਾਵਿਤ  ਹੁੰਦੇ ਹਨ।
ਫਿਰ ਫ਼ਸਲਾਂ ਦਾ ਜ਼ਿਆਦਾ ਝਾੜ ਲੈਣ ਲਈ ਮਨੁੱਖ ਜੋ ਰਸਾਇਣਕ ਖਾਦਾਂ ਤੇ ਕੀੜੇ ਮਾਰ ਜ਼ਹਿਰੀਲੀਆਂ ਦੁਆਈਆਂ ਦੀ ਵਰਤੋਂ ਕਰਦਾ ਆ ਰਿਹਾ ਹੈ। ਉਸ ਨਾਲ ਖਾਣ ਵਾਲੀਆਂ ਚੀਜ਼ਾਂ ‘ਤੇ ਅਸਰ ਤਾਂ ਪਿਆ ਹੀ ਹੈ ਨਾਲ ਜ਼ਮੀਨ ਵੀ ਪਲੀਤ ਹੋ ਰਹੀ ਹੈ। ਇਸ ਨਾਲ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ। ਗੰਧਲੀ ਹਵਾ ਕਰਕੇ ਤੇ ਪਲੀਤ ਹੋ ਰਹੇ ਪਾਣੀ ਕਾਰਨ ਧਰਤੀ ਦਾ ਸਾਰਾ ਤਾਣਾ ਬਾਣਾ ਹੀ ਵਿਗੜ ਕੇ ਰਹਿ ਗਿਆ ਹੈ।
ਘਰੇਲੂੁ ਵਰਤੋਂ, ਮ੍ਰਿਤਕ ਸਰੀਰ ਦੇ ਸਸਕਾਰ ਅਤੇ ਕਾਗਜ਼ ਆਦਿ ਬਣਾਉਣ ਤੋਂ ਇਲਾਵਾ ਸੜਕਾਂ ਬਣਾਉਣ ਲਈ ਜੰਗਲਾਂ ਦੇ ਜੰਗਲ ਕੱਟ ਦਿੱਤੇ ਗਏ ਹਨ, ਜੋ ਸਾਨੂੰ ਸ਼ੁੱਧ ਹਵਾ ਤੇ ਅਨੇਕਾਂ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕਰਦੇ ਸਨ।
ਕੁਦਰਤ ਨੇ ਮਨੁੱਖ ਨੂੰ ਚੇਤੰਨ ਬੁੱਧੀ ਦੇ ਕੇ ਨਿਵਾਜਿਆ ਹੈ ਅਤੇ ਉਸ ਨੇ ਇਸ ਦਾ ਭਰਪੂਰ ਇਸਤੇਮਾਲ ਵੀ ਕੀਤਾ। ਬ੍ਰਹਿਮੰਡ, ਸਮੁੰਦਰ ਅਤੇ ਪਹਾੜ ਗਾਹ ਮਾਰੇ, ਬੇਅੰਤ ਖੋਜਾਂ ਤੇ ਕਾਢਾਂ ਰਾਹੀਂ ਆਪਣੇ ਜੀਵਨ ਨੂੰ ਸੁਖਾਲਾ ਤੇ ਅਰਾਮਦਾਇਕ ਬਣਾਇਆ। ਦੂਰੀਆਂ ਮਿਟਾ ਲਈਆਂ। ਪੱਥਰ ਯੁੱਗ ਤੋਂ ਇਲੈਕ੍ਰਾਨਿਕ ਯੁੱਗ ‘ਚ ਆ ਦਾਖ਼ਲ ਹੋੋਇਆ ਪਰ ਉਸ ਆਪਣੀ ਧਰਤੀ ਤੇ ਬ੍ਰਹਿਮੰਡ ਬਾਰੇ ਨਾ ਸੋਚਿਆ ਕਿ ਉਸ ਦਾ ਵੀ ਨੁਕਸਾਨ ਹੋ ਰਿਹਾ ਹੈ। ਸਾਗਰਾਂ ‘ਚ ਡੁਲ੍ਹਦਾ ਕੱਚਾ ਤੇਲ , ਪਲਾਸਟਿਕ ਤੇ ਥਰਮੋਕੋਲ ਦੀ ਅੰਧਾਧੁੰਦ ਵਰਤੋਂ ਨੇ ਧਰਤੀ ਨੂੰ ਪਲੀਤ ਕਰ ਦਿੱਤਾ ਹੈ।
ਸਾਡੀ ਨਿੱਤ ਦਿਨ ਦੀ ਵਰਤੋਂ ਵਿਚਲੇ ਪਾਲੀਥੀਨ ਨੇ ਗਲੀਆਂ ਤੇ ਨਾਲੀਆਂ ਨੂੰ ਇੱਜ ਕੋਝਾ ਦ੍ਰਿਸ਼ ਬਣਾ ਦਿੱਤਾ ਹੈ। ਇਹ ਨਾ ਗਲਦੇ ਹਨ ਤੇ ਨਾ ਹੀ ਇਨ੍ਹਾਂ ਨੂੰ ਸਾੜ ਸਕਦੇ ਹਾਂ ਕਿਉਂਕਿ ਸਾੜਨ ਨਾਲ ਹਵਾ ਵਿੱਚ ਕਾਰਬਨ ਤੇ ਮੌਨੋਓਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਹਵਾ ਨੂੰ ਹੋਰ ਵੀ ਗੰਦਾ ਕਰ ਦਿੰਦੀਆਂ ਹਨ।
ਜੇ ਅੱਜ ਵੀ ਅਸੀਂ ਆਪਣੀ ਧਰਤੀ ਮਾਤਾ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣਾ ਹੈ ਤਾਂ ਹਵਾ ‘ਚ ਕਾਰਬਨ ਤੇ ਹੋਰ ਜ਼ਹਿਰੀਲੀਆਂ ਗੈਸਾਂ ਰਲਾਉਣੀਆਂ ਬੰਦ ਕਰਨੀਆਂ ਪੈਣਗੀਆਂ। ਖਾਣ-ਪੀਣ ਵਾਲੀਆਂ ਵਸਤਾਂ ‘ਚ ਮਿਲਾਵਟ ਮਿਲਾਉਣੀ ਛੱਡਣੀ ਪਵੇਗੀ। ਸਾਨੂੰ ਵੱਧ ਤੋਂ ਵੱਧ ਦਰੱਖਤ ਲਾਉਣੇ ਪੈਣਗੇ। ਦਰੱਖਤ ਹੀ ਇਸ ਧਰਤੀ ਦਾ ਬਚਾਓ ਕਰ ਸਕਦੇ ਹਨ। ਜਨਮ ਦਿਨ ਜਾਂ ਹੋਰ ਖ਼ੁਸ਼ੀ ਮੌਕੇ ‘ਤੇ ਹੋਰ ਤੋਹਫ਼ੇ ਦੇਣ ਦੇ ਬਜਾਇ ਰੁੱਖ ਹੀ ਭੇਟਾ ਕਰੀਏ। ਬਾਰਿਸ਼ ਦੇ ਪਾਣੀ ਦੀ ਸੁਚੱਜੀ ਸੰਕੋਚਵੀਂ ਵਰਤੋਂ ਕਰੀਏ ਤਾਂ ਕਿਸੇ ਹੱਦ ਤਕ ਸੁਧਾਰ ਹੋ ਸਕਦੇ ਹਨ।
ਧਰਤੀ, ਪਾਣੀ ਤੇ ਹਵਾ ਕੁਦਰਤ ਦੀ ਦੇਣ ਹੈ ਜੋ ਸਾਨੂੰ ਦੁਬਾਰਾ ਨਹੀਂ ਮਿਲ ਸਕਦੇ ਤੇ ਨਾ ਅਸੀਂ ਆਪ ਪੈਦਾ ਕਰ ਸਕਦੇ ਹਾਂ। ਇਹੀ ਸਾਡੀ ਜ਼ਿੰਦਗੀ ਦਾ ਆਧਾਰ ਹਨ। ਇਸ ਦੀ ਦੁਰਵਰਤੋਂ ਤੇ ਲਾਪਰਵਾਹੀ ਤੋਂ ਬਚਾਓ ਕਰਨਾ, ਇਸ ਦੀ ਰੱਖਿਆ ਕਰਨੀ ਸਾਡਾ ਸਭ ਦਾ ਧਰਮ ਹੋਣਾ ਚਾਹੀਦਾ ਹੈ। ਅਜਿਹਾ ਕਰਨ   ਨਾਲ ਹੀ ਇਸ ਧਰਤੀ ‘ਤੇ ਜੀਵਨ ਬਚ ਸਕਦਾ ਹੈ।

– ਜਸਬੀਰ ਕੌਰ

Widgetized Section

Go to Admin » appearance » Widgets » and move a widget into Advertise Widget Zone