Last UPDATE: August 22, 2014 at 2:58 am

ਧਨੌਲਾ ਤੇ ਖੰਨਾ ਪੁਲੀਸ ਵਿਚਾਲੇ ਉਲਝੀ ਤਾਰੀ ਦੀ ਤਾਣੀ

ਤਾਰੀ ਦੀ ਰਿਹਾਈ ਲਈ ਨਾਅਰੇਬਾਜ਼ੀ * ਅੱਜ ਚੱਕਾ ਜਾਮ ਕਰਨ ਦਾ ਐਲਾਨ

ਜਗਤਾਰ ਸਿੰਘ ਤਾਰੀ

ਜਗਤਾਰ ਸਿੰਘ ਤਾਰੀ

ਧਨੌਲਾ, 21 ਅਗਸਤ : ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲ ਜੁੱਤੀ ਸੁੱਟਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀਆਂ ਵਿੱਚੋਂ ਇੱਕ ਅੰਗਹੀਣ ਨੌਜਵਾਨ ਜਗਤਾਰ ਸਿੰਘ ਤਾਰੀ ਦਾ ਅੱਜ ਤੱਕ ਪੁਲੀਸ ਵੱਲੋਂ ਉਸ ਦੇ ਪਰਿਵਾਰ ਨੂੰ ਕੋਈ ਥਹੂ ਪਤਾ ਨਾ ਦੱਸਣ ਦੇ ਰੋਸ ਵਜੋਂ ਅੱਜ ਮਾਨਪੱਤੀ ਦੇ ਲੋਕਾਂ ਨੇ ਪੁਲੀਸ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾ ਐਲਾਨ ਕੀਤਾ ਕਿ ਮਾਨਪੱਤੀ ਦੇ ਸਮੂਹ ਵਾਸੀ ਭਲਕੇ ਸ਼ੁੱਕਰਵਾਰ ਨੂੰ ਤਾਰੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਮੁੱਖ ਮਾਰਗ ’ਤੇ ਧਰਨਾ ਲਗਾ ਕੇ ਚੱਕਾ ਜਾਮ ਕਰਨਗੇ।
ਇਸ ਮੌਕੇ ਹਾਜ਼ਰ ਸੁਖਪਾਲ ਸਿੰਘ, ਗੁਰਮੀਤ ਸਿੰਘ, ਵਿੰਦਰ ਸਿੰਘ, ਹਰਬੰਸ ਸਿੰਘ, ਲਛਮਣ ਸਿੰਘ, ਗੋਰਾ ਸਿੰਘ, ਕਾਲਾ ਸਿੰਘ, ਉੱਤਮ ਸਿੰਘ, ਨਿਰਭੈ ਸਿੰਘ, ਸੁਰਜੀਤ ਕੌਰ, ਅਮਨਦੀਪ ਕੌਰ, ਸਿੰਦਰ ਕੌਰ, ਗੁਰਦੀਪ ਕੌਰ, ਮਹਿੰਦਰਪਾਲ ਕੌਰ, ਗੁਰਮੀਤ ਕੌਰ ਤੇ ਅੰਮ੍ਰਿਤਪਾਲ ਕੌਰ ਆਦਿ ਨੇ ਸੂਬਾ ਸਰਕਾਰ ’ਤੇ ਦੋਸ਼ ਲਾਇਆ ਕਿ ਜਦੋਂ 2009 ਵਿੱਚ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ’ਤੇ ਜੁੱਤੀ ਸੁੱਟੀ ਗਈ ਸੀ ਤਾਂ ਇਸੇ ਸੂਬਾ ਸਰਕਾਰ ਨੇ ਜੁੱਤੀ ਸੁੱਟਣ ਵਾਲੇ ਦਾ ਤਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕਰਵਾਇਆ ਸੀ ਪਰ ਅੱਜ ਜਦੋਂ ਅਜਿਹੀ ਘਟਨਾ ਖੁੱਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵਾਪਰੀ ਹੈ ਤਾਂ ਤਰੁੰਤ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ‘ਜਦੋਂ ਘਰੇ ਲੱਗੀ ਅੱਗ ਤਾਂ ਫਾਹੇ ਟੰਗਿਆ ਜੱਗ’ ਵਾਲੀ ਕਵਾਹਤ ਸੱਚ ਕਰ ਦਿੱਤੀ ਹੈ।
ਇਸ ਮੌਕੇ ਲੋਕਾਂ ਨੇ ਜਗਤਾਰ ਸਿੰਘ ਤਾਰੀ ਦੀ ਰਿਹਾਈ ਲਈ ਨਾਅਰੇਬਾਜ਼ੀ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ 15 ਅਗਸਤ ਵਾਲੇ ਦਿਨ ਸ਼ਾਮ ਨੂੰ ਧਨੌਲਾ ਪੁਲੀਸ ਵੱਲੋਂ ਜਗਤਾਰ ਸਿੰਘ ਤਾਰੀ ਨੂੰ ਘਰੋਂ ਚੁੱਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਗਲੀ ਸਵੇਰ ਥਾਣਾ ਧਨੌਲਾ ਵਿਖੇ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਜਗਤਾਰ ਸਿੰਘ ਤਾਰੀ ਨੂੰ ਖੰਨਾ ਭੇਜ ਦਿੱਤਾ ਗਿਆ ਹੈ ਪਰ ਪੁਲੀਸ ਉਨ੍ਹਾਂ ਨੂੰ ਅਜੇ ਤੱਕ ਅੰਗਹੀਣ ਤਾਰੀ ਦਾ ਕੋਈ ਥਹੁ ਪਤਾ ਨਹੀਂ ਦੱਸ ਰਹੀ ਹੈ। ਜਦੋਂ ਅੱਜ ਉਨ੍ਹਾਂ ਖੰਨਾ ਸਦਰ ਥਾਣੇ ਦੇ ਐਸ.ਐਚ.ਓ. ਨਾਲ ਉਨ੍ਹਾਂ ਦੇ ਮੁਬਾਈਲ ਫੋਨ ਨੰਬਰ 95929-14029 ’ਤੇ ਵਾਰ-ਵਾਰ ਸਪੰਰਕ ਕੀਤਾ ਤਾਂ ਐਸ.ਐਚ.ਓ., ਐਸ.ਐਸ.ਪੀ. ਖੰਨਾ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੀਟਿੰਗ ਵਿੱਚ ਹੋਣ ਦਾ ਬਹਾਨਾ ਲਗਾ ਕੇ ਫੋਨ ਕੱਟਦਾ ਰਿਹਾ। ਜਦੋਂ ਇਸ ਸਬੰਧੀ ਗੁਰਮੀਤ ਸਿੰਘ ਤੇ ਸੁਖਪਾਲ ਸਿੰਘ ਨਰਾਤਾ ਨੇ ਥਾਣਾ ਧਨੌਲਾ ਦੇ ਥਾਣੇਦਾਰ ਭੀਮ ਸੈਨ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਤਾਰੀ ਅੱਜ 10 ਵਜੇ ਦੇ ਕਰੀਬ ਉਨ੍ਹਾਂ ਕੋਲ ਹੋਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ ਉਹ ਉਨ੍ਹਾਂ ਨੂੰ ਤਾਰੀ ਨਾਲ ਮਿਲਵਾ ਕੇ ਲਿਆਉਣਗੇ।

ਖੰਨਾ ਪੁਲੀਸ ਦੀ ਹਿਰਾਸਤ ’ਚ ਨਹੀਂ ਹੈ ਤਾਰੀ: ਐਸ.ਐਸ.ਪੀ.

ਖੰਨਾ : ਖੰਨਾ ਦੇ ਐਸ.ਐਸ.ਪੀ. ਹਰਸ਼ ਕੁਮਾਰ ਬਾਂਸਲ ਨੇ ਕਿਹਾ ਕਿ ਜਗਤਾਰ ਸਿੰਘ ਤਾਰੀ ਨੂੰ 16 ਅਗਸਤ ਨੂੰ ਪੁੱਛਗਿਛ ਲਈ ਖੰਨਾ ਪੁਲੀਸ ਵੱਲੋਂ ਸੱਦਿਆ ਗਿਆ ਸੀ ਪਰ ਬਾਅਦ ’ਚ ਛੱਡ ਦਿੱਤਾ ਗਿਆ ਸੀ, ਕਿਉਂਕਿ ਉਸ ਸਮੇਂ ਉਸ ਖ਼ਿਲਾਫ਼ ਕੋਈ ਗਵਾਹ  ਨਹੀਂ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਤਾਰੀ ਜੁੱਤੀ ਸੁੱਟਣ ਦੇ ਮਾਮਲੇ ’ਚ ਮੁਲਜ਼ਮ ਹੈ ਪਰ ਉਹ ਉਨ੍ਹਾਂ ਦੀ ਹਿਰਾਸਤ ’ਚ ਨਹੀਂ ਹੈ। ਉਸ ਤੋਂ ਬਾਅਦ ਵਿਕਰਮ ਵੱਲੋਂ ਪੁੱਛਗਿਛ ਦੌਰਾਨ ਦਿੱਤੇ ਜੁੱਤੀ ਸੁੱਟਣ ਦੇ ਮਾਮਲੇ ’ਚ ਤਾਰੀ ਦੀ ਸ਼ਮੂਲੀਅਤ ਸਬੰਧੀ ਦਿੱਤੇ ਗਏ ਸਬੂਤਾਂ ਦੇ ਅਧਾਰ ’ਤੇ ਤਾਰੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਐਸ.ਐਸ.ਪੀ. ਨੇ ਕਿਹਾ ਕਿ ਤਾਰੀ ਖੰਨਾ ਪੁਲੀਸ ਨੂੰ ਲੋੜੀਂਦਾ ਹੈ ਤੇ ਉਹ ਗ੍ਰਿਫ਼ਤਾਰੀ ਦੇ ਡਰ ਤੋਂ ਕਿਧਰੇ ਛੁਪਿਆ ਹੋ ਸਕਦਾ ਹੈ।

 

Widgetized Section

Go to Admin » appearance » Widgets » and move a widget into Advertise Widget Zone