ਦਾਤੀਆਂ ਨੂੰ ਮਸ਼ੀਨੀ ਯੁੱਗ ਦੀ ਮਾਰ

ਭਾਰਤ ਵਿੱਚ ਸਦੀਆਂ ਤੋਂ ਹੀ ਖੇਤੀ ਦਾ ਧੰਦਾ ਕਾਮਯਾਬ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਉਥੋਂ ਦੀ ਮਿੱਟੀ, ਮੌਸਮ ਅਤੇ ਲੋਕਾਂ ਦੀ ਮੰਗ ਅਨੁਸਾਰ ਫ਼ਸਲਾਂ ਬੀਜੀਆਂ ਜਾਂਦੀਆਂ ਹਨ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇੱਥੋਂ ਦੇ ਮਿਹਨਤੀ ਕਿਸਾਨਾਂ ਦੁਆਰਾ ਤਿਆਰ ਕੀਤੀਆਂ ਫ਼ਸਲਾਂ ਕਾਰਨ ਦੇਸ਼ ਦੇ ਲੋਕਾਂ ਨੂੰ ਅੰਨ ਮਿਲਦਾ ਹੈ। ਹਰੀ ´ਾਂਤੀ ਕਾਰਨ ਦੇਸ਼ ਦੇ ਕਿਸਾਨਾਂ ਨੇ ਖੇਤੀ ਦੇ ਨਵੇਂ-ਨਵੇਂ ਢੰਗ ਅਪਣਾ ਕੇ ਖੇਤੀ ਨੂੰ ਲਾਹੇਵੰਦ ਧੰਦਾ ਸਾਬਤ ਕੀਤਾ ਹੈ। ਪੰਜਾਬ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਕਣਕ ਅਤੇ ਝੋਨੇ ਦੀ ਖੇਤੀ ਨੇ ਅਪਣੀ ਵਿਸ਼ੇਸ਼ ਥਾਂ ਬਣਾਈ ਹੋਈ ਹੈ। ਇਨ੍ਹਾਂ ਫ਼ਸਲਾਂ ਦੀ ਬਿਜਾਈ ਤੋਂ ਲੈ ਕੇ ਕਟਾਈ ਤਕ ਕਿਸੇ ਵੇਲੇ ਮਜ਼ਦੂਰਾਂ ਦੀ ਅਹਿਮ ਭੂਮਿਕਾ ਹੁੰਦੀ ਸੀ। ਕਣਕ ਦੀ ਕਟਾਈ ਦਾ ਪੰਜਾਬ ਸਮੇਤ ਦੂਜੇ ਕਈ ਰਾਜਾਂ ਵਿੱਚ ਵਿਸ਼ੇਸ਼ ਮਹੱਤਵ ਸੀ। ਪÇ੍ਰਸੱਧ ਤਿਉਹਾਰ ਵਿਸਾਖੀ ਦਾ ਵੀ ਕਣਕ ਦੀ ਕਟਾਈ ਨਾਲ ਸਿੱਧਾ ਸਬੰਧ ਸੀ। ਅਕਸਰ ਵਿਸਾਖੀ ਨੂੰ ਕਿਸਾਨ ਕਣਕ ਦੀ ਕਟਾਈ ਸ਼ੁਰੂ ਕਰ ਦਿੰਦੇ ਸਨ। ਪਿੰਡਾਂ ਵਿੱਚ ਰਹਿੰਦੇ ਤਰਖਾਣ ਅਤੇ ਲੁਹਾਰ ਵੀ ਇਸ ਦਿਨ ਲਈ ਵਿਸ਼ੇਸ਼ ਤੌਰ ‘ਤੇ ਦਾਤੀਆਂ ਤਿਆਰ ਕਰਦੇ ਸਨ। ਪੰਜਾਬ ਦੇ ਕਿਸਾਨ ਇਸ ਦਿਨ ਲਈ ਵਿਸ਼ੇਸ਼ ਮਜ਼ਦੂਰਾਂ ਦਾ ਪ੍ਰਬੰਧ ਕਰਦੇ ਸਨ। ਪਿੰਡਾਂ ਵਿੱਚ ਪਹਿਲਾਂ ਇਹ ਕਣਕ ਦੀ ਵਢਾਈ ਦਾ ਕੰਮ ਹਿੱਸੇ ‘ਤੇ ਕੀਤਾ ਜਾਂਦਾ ਸੀ ਪਰ ਪਰਵਾਸੀ ਮਜ਼ਦੂਰਾਂ ਨੇ ਇਹ ਕੰਮ ਠੇਕੇ ‘ਤੇ ਸ਼ੁਰੂ ਕਰ ਦਿੱਤਾ। ਪਿਛਲੇ ਕੁਝ ਸਾਲਾਂ ਤੋਂ ਮਜ਼ਦੂਰਾਂ ਦੀ ਆ ਰਹੀ ਘਾਟ ਅਤੇ ਅਕਸਰ ਮੌਸਮ ਦੀ ਹੁੰਦੀ ਮਾਰ ਕਾਰਨ ਕਿਸਾਨਾਂ ਨੇ ਕਣਕ ਦੀ ਵਾਢੀ ਦਾ ਕੰਮ ਵੀ ਮਸ਼ੀਨਾਂ ਦੇ ਸਹਾਰੇ ਛੱਡ ਦਿਤਾ ਹੈ। ਪਹਿਲਾਂ ਸਿਰਫ਼ ਵੱਡੇ ਕਿਸਾਨ ਹੀ ਮਸ਼ੀਨਾਂ ਦਾ ਸਹਾਰਾ ਲੈਂਦੇ ਸਨ ਪਰ ਹੁਣ ਛੋਟੇ ਕਿਸਾਨ ਵੀ ਖੇਤੀ ਲਈ ਮਸ਼ੀਨਾਂ ‘ਤੇ ਨਿਰਭਰ ਹੋ ਰਹੇ ਹਨ। ਪਹਿਲਾਂ ਘਰ ਪਰਿਵਾਰ ਦੇ ਸਾਰੇ ਜੀਅ ਮਿਲ ਕੇ ਕਣਕ ਦੀ ਵਾਢੀ ਕਰਦੇ ਸਨ ਪਰ ਹੁਣ ਇਹ ਕੰਮ ਕਰਨਾ ਘਰ ਪਰਿਵਾਰ ਦੇ ਮੈਂਬਰ ਚੰਗਾ ਨਹੀਂ ਸਮਝਦੇ ਅਤੇ ਜੇ ਕਿਸੇ ਪਰਿਵਾਰ ਦੇ ਮੈਂਬਰ ਖ਼ਾਸ ਤੌਰ ‘ਤੇ ਨੌਜਵਾਨ ਪੀੜ੍ਹੀ ਕਣਕ ਦੀ ਵਾਢੀ ਹੱਥੀਂ ਕਰਦੀ ਹੈ ਤਾਂ ਉਸ ਦਾ ਮਖੌਲ ਉਡਾਇਆ ਜਾਂਦਾ ਹੈ। ਕਣਕ ਦੀ ਵਾਢੀ ਮਸ਼ੀਨਾਂ ਦੇ ਸਹਾਰੇ ਹੋਣ ਕਾਰਨ ਹੁਣ ਵਾਢੀ ਲਈ ਵਰਤੀਆਂ ਜਾਣ ਵਾਲੀਆਂ ਦਾਤੀਆਂ ਦੀ ਵੀ ਕਦਰ ਘਟ ਰਹੀ ਹੈ। ਲੁਹਾਰ ਦਾ ਕੰਮ ਕਰਨ ਵਾਲੇ ਬਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਦਾਤੀਆਂ ਦੀ ਵਿਕਰੀ ਲਗਾਤਾਰ ਘਟ ਰਹੀ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਹ ਆਪ ਅਪਣੇ ਹੱਥੀਂ ਦਾਤੀਆਂ ਤਿਆਰ ਕਰਦੇ ਸਨ ਅਤੇ ਦਿਨ ਰਾਤ ਕੰਮ ਕਰ ਕੇ ਵੀ ਕਈ ਵਾਰ ਦਾਤੀਆਂ ਪੂਰੀਆਂ ਨਹੀਂ ਹੁੰਦੀਆਂ ਸਨ ਪਰ ਹੁਣ ਦਾਤੀਆਂ ਵੀ ਫੈਕਟਰੀਆਂ ਵਿੱਚ ਬਣਨ ਲੱਗ ਪਈਆਂ ਹਨ। ਉਸ ਨੇ ਦੱਸਿਆ ਕਿ ਹੁਣ ਗਿਣਤੀ ਦੀਆਂ ਦਾਤੀਆਂ ਹੀ ਵਿਕਦੀਆਂ ਹਨ ਜਦੋਂਕਿ ਪਹਿਲਾਂ ਹਜ਼ਾਰਾਂ ਦਾਤੀਆਂ ਵਿਕਦੀਆਂ ਸਨ। ਉਸ ਨੇ ਦੱਸਿਆ ਕਿ ਹੁਣ ਬਹੁਤੀਆਂ ਦਾਤੀਆਂ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰ ਦੇ ਕਿਸਾਨ ਹੀ ਵਰਤਦੇ ਹਨ ਕਿਉਂਕਿ ਖੇਤ ਉੱਚੇ ਨੀਵੇਂ ਹੋਣ ਕਾਰਨ ਵਾਢੀ ਹੱਥੀਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਣਕ ਦੀ ਵਾਢੀ ‘ਤੇ ਜੋ ਇੱਕ ਖ਼ੁਸ਼ੀ ਅਤੇ ਚਾਅ ਭਰਿਆ ਮਾਹੌਲ ਹੁੰਦਾ ਸੀ ਹੁਣ ਖ਼ਤਮ ਹੋ ਗਿਆ ਹੈ ਅਤੇ ਕੰਬਾਈਨਾਂ ਨਾਲ ਵਢਾਈ ਹੋਣ ਕਰਕੇ ਦਾਤੀਆਂ ਦੀ ਕਦਰ ਨਹੀਂ ਰਹੀ ਅਤੇ ਦਾਤੀਆਂ ਤਿਆਰ ਕਰਨ ਵਾਲੇ ਲੋਕ ਵੀ ਵਿਹਲੇ ਹੋ ਗਏ ਹਨ। ਉਹ ਦਿਨ ਦੂਰ ਨਹੀਂ ਜਿਸ ਦਿਨ ਖੇਤੀਬਾੜੀ ਨਾਲ ਜੁੜੇ ਹੋਏ ਬਾਕੀ ਸੰਦਾਂ ਵਾਂਗ ਦਾਤੀ ਵੀ ਲੋਪ ਹੋ ਜਾਵੇਗੀ ਅਤੇ ਸ਼ਾਇਦ ਸਾਡੇ ਖੇਤੀ ਮਿਊਜ਼ੀਅਮ ਦਾ ਹਿੱਸਾ ਹੀ ਬਣ ਕੇ ਰਹਿ ਜਾਵੇਗੀ।

-ਕੁਲਦੀਪ  ਚੰਦ

Widgetized Section

Go to Admin » appearance » Widgets » and move a widget into Advertise Widget Zone