Last UPDATE: May 30, 2017 at 11:47 pm

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਸੰਦੌੜ, 30 ਮਈ (ਜਗਪਾਲ ਸਿੰਘ ਸੰਧੂ) – ਲਗਭਗ ਪਿਛਲੇ ਤਿੰਨ ਚਾਰ ਸਾਲਾਂ ਤੋਂ ਪਿੰਡ ਸ਼ੇਰਗੜ੍ਹ ਚੀਮਾ ਤੋਂ ਮਲੇਰਕੋਟਲਾ ਨੂੰ ਜਾਂਦਿਆਂ ਮਲੇਰਕੋਟਲਾ ਰਾਏਕੋਟ ਮੁੱਖ ਮਾਰਗ ਦੇ ਦੋਵੇਂ ਪਾਸੇ ਖੜ੍ਹੇ ਦਰਖਤਾਂ ਤੋਂ ਕਾਫ਼ੀ ਤਾਦਾਦ ‘ਚ ਡਿਗਦੇ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਸੜਕ ਤੋਂ ਲੰਘਣ ਵਾਲੇ ਲੋਕ ਹੁਣ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਣ ਲੱਗ ਪਏ ਸਨ ਪਰੰਤੂ ਹੌਲੀ ਹੌਲੀ ਕਈ ਪਿੰਡਾਂ ਵਿਚ ਕਿਸੇ ਭੂਤ ਪ੍ਰੇਤ ਜਾਂ ਕੋਈ ਹੋਰ ‘ਚੀਜ਼’ਹੋਣ ਦੀ ਵਿਸ਼ੇਸ਼ ਚਰਚਾ ਪਿੰਡ-ਪਿੰਡ ਹੋਣ ਲੱਗ ਪਈ ਸੀ | ਇਸ ਮਸਲੇ ਨੂੰ ਵੈਟਰਨਰੀ ਇੰਸਪੈਕਟਰ ਅਤੇ ਕਹਾਣੀਕਾਰ ਕੁਲਵਿੰਦਰ ਕੌਸ਼ਲ ਪੰਜਗਰਾਈਆਂ ਜੋ ਇਸ ਸੜਕ ਤੋਂ ਦੀ ਰੋਜ਼ਾਨਾ ਲੰਘਦੇ ਹਨ, ਨੇ ਇਸ ਪੂਰੇ ਮਾਮਲੇ ਨੂੰ ਉਜਾਗਰ ਕਰ ਕੇ ਲੋਕਾਂ ਦੇ ਮਨਾਂ ਅੰਦਰ ਪਾਈ ਜਾਣ ਵਾਲੀ ਦਹਿਸ਼ਤ ਨੂੰ ਦੂਰ ਕਰਨ ਲਈ ਤਰਕਸ਼ੀਲ ਸੁਸਾਇਟੀ ਜ਼ੋਨ ਲੁਧਿਆਣਾ ਦੇ ਆਗੂ ਡਾ. ਅਬਦਲ ਮਜੀਦ ਤੱਕ ਪਹੁੰਚ ਕਰ ਕੇ ਮਾਮਲੇ ਦੀ ਤਹਿ ਤੱਕ ਜਾਣ ਦੀ ਬੇਨਤੀ ਕੀਤੀ | ਤਰਕਸ਼ੀਲ ਸੁਸਾਇਟੀ ਜ਼ੋਨ ਲੁਧਿਆਣਾ ਦੇ ਆਗੂ ਡਾ. ਅਬਦਲ ਮਜੀਦ, ਕਹਾਣੀਕਾਰ ਕੁਲਵਿੰਦਰ ਕੌਸ਼ਲ ਪੰਜਗਰਾਈਆਂ ਨੇ ਇਸ ਘਟਨਾ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੀ ਟੀਮ ਸਮੇਤ ਕੁੱਝ ਲੋਕਾਂ ਨੂੰ ਨਾਲ ਲੈ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮਾਮਲੇ ਨੂੰ ਬਾਰੀਕੀ ਨਾਲ ਵੇਖਿਆ ਜਿਸ ਤੋਂ ਇਹ ਗੱਲ ਸਪਸ਼ਟ ਹੋ ਗਿਆ ਕਿ ਇਹ ਡਿੱਗ ਰਹੀਆਂ ਪਾਣੀਆਂ ਦੀਆਂ ਬੂੰਦਾਂ ਕੋਈ ਕੌਤਕ ਜਾਂ ਕੋਈ ਅਨੋਖੀ ਅਣਹੋਣੀ ਨਹੀਂ ਹੈ | ਇਸ ਮੌਕੇ ਡਾ. ਮਜੀਦ ਨੇ ਇਹਨਾਂ ਬੂੰਦਾਂ ਬਾਰੇ ਦੱਸਿਆ ਕਿ ਇਹ ਵਰਤਾਰਾ ਸ਼ਰੀਹ ਅਤੇ ਟਾਹਲੀ ਦੇ ਦਰਖ਼ਤ ‘ਤੇ ਜ਼ਿਆਦਾ ਹੁੰਦਾ ਹੈ ਜਿੱਥੇ ਇਕ ਖ਼ਾਸ ਕਿਸਮ ਦਾ ਜੀਵ ਬੀਟਾ (ਟਿੱਡਾ) ਰਹਿੰਦਾ ਹੈ ਜੋ ਆਪਣੇ ਸਰੀਰ ‘ਚੋਂ ਪਾਣੀ ਇਕ ਪਿਚਕਾਰੀ ਦੇ ਰੂਪ ‘ਚ ਬਾਹਰ ਸੁੱਟਦਾ ਹੈ ਜੋ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਛਿੱਟਿਆਂ ਦੇ ਰੂਪ ‘ਚ ਮੀਂਹ ਵਾਂਗ ਲੱਗਦਾ ਹੈ | ਇਸ ਮੌਕੇ ਘਟਨਾ ਸਥਾਨ ‘ਤੇ ਬਿੱਕਰ ਸਿੰਘ, ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਤੇ ਲੇਖਕ ਰਾਜੇਸ਼ ਰਿਖੀ, ਹਰਵੀਰ ਸਿੰਘ ਕਾਲਾ, ਮਾ. ਹਰੀ ਸਿੰਘ ਰੋਹੀੜਾ, ਜਗਦੀਪ ਸਿੰਘ ਕਾਲਾ, ਖੁਸ਼ਪ੍ਰੀਤ ਸਿੰਘ ਮਨੀ, ਜਸਵੀਰ ਸਿੰਘ ਜੱਸੀ ਅਤੇ ਸਰਾਜ ਅਨਵਰ ਸਮੇਤ ਹਾਜ਼ਰ ਲੋਕਾਂ ਨੂੰ ਇਸ ‘ਟਿੱਡੇ’ ਨੂੰ ਫੜ ਕੇ ਇਕ ਰੁਮਾਲ ‘ਚ ਕੈਦ ਕਰਨ ਉਪਰੰਤ ਵਿਖਾਇਆ ਕਿ ਇਹ ਜੀਵ ਕਿਵੇਂ ਆਪਣੇ ਅੰਦਰੋਂ ਪਾਣੀ ਬਾਹਰ ਕੱਢਦਾ ਹੈ | ਇਹ ਤਰਕਸ਼ੀਲ ਆਗੂ ਇਸ ਜੀਵ ਨੂੰ ਵੀ ਆਪਣੇ ਨਾਲ ਲੈ ਕੇ ਗਏ ਹਨ ਕਿ ਇਸ ਪ੍ਰਤੀ ਹੋਰ ਵੀ ਡੂੰਘਾਈ ਨਾਲ ਜਾਂਚ ਪੜਤਾਲ ਲਈ ਜੀਵ ਮਾਹਿਰਾਂ ਕੋਲ ਭੇਜਿਆ ਜਾਵੇਗਾ |

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone