ਛੇਤੀ ਛਟ ਜਾਣਗੇ ਸੰਕਟ ਦੇ ਬੱਦਲ: ਨਵਾਜ਼ ਸ਼ਰੀਫ਼

ਪ੍ਰਧਾਨ ਮੰਤਰੀਬੁੱਧਵਾਰ ਨੂੰ ਕੌਮੀ ਅਸੈਂਬਲੀ ਨੂੰ ਸੰਬੋਧਨ ਕਰਦੇ ਹੋਏ।

ਪ੍ਰਧਾਨ ਮੰਤਰੀਬੁੱਧਵਾਰ ਨੂੰ ਕੌਮੀ ਅਸੈਂਬਲੀ ਨੂੰ ਸੰਬੋਧਨ ਕਰਦੇ ਹੋਏ।

ਇਸਲਾਮਾਬਾਦ, 27 ਅਗਸਤ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਪੂਰੀ ਆਕੀ ਸੁਰ ਅਪਣਾਉਂਦਿਆਂ ਪ੍ਰਦਰਸ਼ਨਕਾਰੀਆਂ ਦੀ ਅਹੁਦਾ ਛੱਡਣ ਦੀ ਮੰਗ ‘ਹੋਊ ਪਰੇ’ ਕਰ ਦਿੱਤੀ ਹੈ ਤੇ ਕਿਹਾ ਹੈ ਕਿ ਦੇਸ਼ ’ਤੇ ਪਹਿਲਾਂ ਵੀ ਬੜੇ ਵੱਡੇ ਸੰਕਟ ਆਏ ਹਨ, ਤੇ ਚਲੇ ਜਾਂਦੇ ਰਹੇ ਹਨ ਤੇ ਵਰਤਮਾਨ ਸਿਆਸੀ ਸੰਕਟ ਵੀ ਲੰਘ ਜਾਏਗਾ। ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਮਗਰੋਂ ਸ੍ਰੀ ਸ਼ਰੀਫ਼ ਲਈ ਇਹ ਸਭ ਤੋਂ ਕਸੂਤੀਆਂ ਤੇ ਔਖੀਆਂ ਘੜੀਆਂ ਹਨ। ਇਸੇ ਦੌਰਾਨ ਸੁਪਰੀਮ ਕੋਰਟ ਨੇ ਭਲਕ ਤੱਕ ਪ੍ਰਦਰਸ਼ਨਕਾਰੀਆਂ ਨੂੰ ਹਟਣ ਲਈ ਕਿਹਾ ਹੈ।

ਇਮਰਾਨ ਖਾਨ ਦੀ ਅਗਵਾਈ ਵਾਲੀ ਤਹਿਰੀਕ-ਇ-ਇਨਸਾਫ਼ (ਪੀਟੀਆਈ) ਤੇ ਕਾਦਰੀ ਦੀ ਪਾਕਿਸਤਾਨ ਅਵਾਮੀ ਤਹਿਰੀਕ (ਪੀਏਟੀ) ਵੱਲੋਂ ਪਿਛਲੇ ਸਾਲ ਹੋਈਆਂ ਆਮ ਚੋਣਾਂ ਦੌਰਾਨ ਹੋਈ ਧਾਂਦਲੀ ਤੇ 17 ਜੂਨ ਨੂੰ ਲਾਹੌਰ ਵਿੱਚ ਪੀਏਟੀ ਦੇ 17 ਸਮਰਥਕਾਂ ਦੀ ਹੱਤਿਆ ਦੇ ਦੋਸ਼ਾਂ ਤਹਿਤ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਤੋਂ ਉਰ੍ਹਾਂ ਨਾ ਰੁਕਣ ਕਾਰਨ ਪਿਛਲੇ ਦੋ ਹਫਤਿਆਂ ਤੋਂ ਸਿਆਸੀ ਜਮੂਦ ਬਣਿਆ ਹੋਇਆ ਹੈ। ਸੰਕਟ ਸ਼ੁਰੂ ਹੋਣ ਮਗਰੋਂ ਪਹਿਲੀ ਵਾਰ ਪ੍ਰਮੁੱਖਤਾ ਨਾਲ ਸਪਸ਼ਟੀਕਰਨ ਦਿੰਦਿਆਂ, ਸ਼ਰੀਫ਼ ਨੇ ਕੌਮੀ ਅਸੈਂਬਲੀ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਪਿਛਲੇ ਸਮਿਆਂ ਵਾਂਗ ਔਖ ਦਾ ਇਹ ਸਮਾਂ ਵੀ ਲੰਘ ਜਾਏਗਾ ਤੇ ਪਾਕਿਸਤਾਨ ਖੁਸ਼ਹਾਲੀ ਦੀ ਰਾਹ ’ਤੇ ਅੱਗੇ ਵਧੇਗਾ।
ਪ੍ਰਧਾਨ ਮੰਤਰੀ ਨੇ ਸਪਸ਼ਟ ਕਿਹਾ ਕਿ ਪਿਛਲੇ ਸਾਲ ਜੂਨ ’ਚ ਬਣੀ ਉਨ੍ਹਾਂ ਦੀ ਸਰਕਾਰ ਤੇ ਵਰਤਮਾਨ ਸੰਸਦ ਸੱਤਾ ’ਚ ਰਹਿਣਗੀਆਂ। ਪਾਕਿਸਤਾਨ ’ਚ ਸੰਵਿਧਾਨ ਤੇ ਕਾਨੂੰਨ ਦੀ ਪ੍ਰਭੂਸੱਤਾ ਬਣੀ ਰਹੇਗੀ। ਇਸੇ ਦੌਰਾਨ ਸੁਪਰੀਮ ਕੋਰਟ ਨੇ ਅੱਜ ਪੀਟੀਆਈ ਤੇ ਪੀਏਟੀ ਦੇ ਪ੍ਰਦਰਸ਼ਨਕਾਰੀਆ ਨੂੰ ਕਾਂਸਟੀਚਿਊੂਸ਼ਨ ਐਵੇਨਿਊੂ ਤੇ ਸੁਪਰੀਮ ਕੋਰਟ ਅਤੇ  ਅਸੈਂਬਲੀ ਦੇ ਸਾਹਮਣੇ ਦੀ ਸੜਕ ਭਲਕ ਤੱਕ ਖਾਲੀ ਕਰਨ ਲਈ ਕਿਹਾ ਹੈ। ਚੀਫ਼ ਜਸਟਿਸ ਨਸੀਰ-ਉਲ-ਮੁਲਕ ਦੀ ਅਗਵਾਈ ਵਾਲੇ ਪੰਜ ਮੈਂਬਰੀ ਬੈਂਚ ਨੇ ਦੇਸ਼ ਭਰ ਦੀਆਂ ਬਾਰ ਐਸੋਸੀਏਸ਼ਨਾਂ ਵੱਲੋਂ ਪੀਏਟੀ ਤੇ ਪੀਟੀਆਈ ਦੇ ਇਨ੍ਹਾਂ ਧਰਨਿਆਂ ਵਿਰੁੱਧ ਦਾਇਰ ਪਟੀਸ਼ਨਾਂ ’ਤੇ ਅਦਾਲਤ ਨੇ ਇਹ ਹੁਕਮ ਦਿੱਤਾ।
ਪਟੀਸ਼ਨਰਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਆਮ ਲੋਕਾਂ ਦੇ ਹੱਕਾਂ ਦੀ ਉਲੰਘਣਾ ਕਰ ਰਹੇ ਹਨ। ਕੌਮੀ ਅਸੈਂਬਲੀ ਵਿੱਚੋਂ ਅਸਤੀਫਿਆਂ ਮਗਰੋਂ ਅੱਜ ਪੀਟੀਆਈ ਦੇ ਪੰਜਾਬ ਅਸੈਂਬਲੀ ਦੇ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ। ਪੰਜਾਬ ਅਸੈਂਬਲੀ ’ਚ ਵਿਰੋਧੀ ਧਿਰ ਦੇ ਆਗੂ ਤੇ ਪੀਟੀਆਈ ਮੈਂਬਰ ਮਹਿਮੂਦ-ਉਰ-ਰਾਸ਼ਿਦ ਤੇ 28 ਹੋਰ ਪਾਰਟੀ ਮੈਂਬਰਾਂ ਨੇ ਪੰਜਾਬ ਅਸੈਂਬਲੀ ਸਕੱਤਰੇਤ ਵਿੱਚ ਸਦਨ ਤੋਂ ਅਸਤੀਫ਼ੇ ਦਿੱਤੇ। ਪੀਟੀਆਈ ਦੇ ਪੰਜਾਬ ਤੋਂ ਦੋ ਮੈਂਬਰ ਨਿਗਤ ਇੰਕਿਆਰ ਤੇ ਜਹਾਂਜ਼ੇਬ ਕਿੱਚੀ ਨੇ ਅਸਤੀਫੇ ਨਹੀਂ ਦਿੱਤੇ। ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਪਿੱਛਲ ਦਰਵਾਜ਼ਿਓਂ ਗੱਲ ਕਰਾਉਣ ਦੇ ਯਤਨ ਵੀ ਜਾਰੀ ਹਨ। ਜਮਾਤ-ਇ-ਇਸਲਾਮੀ ਦੇ ਮੁਖੀ ਸਿਰਾਜੁੱਲ ਹੱਕ ਨੇ ਲਾਹੌਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਆਂਢੀ ਮੁਲਕਾਂ ਨੇ ਵੀ ਫਿਕਰਮੰਦੀ ਜ਼ਾਹਿਰ ਕੀਤੀ ਹੈ ਤੇ ਉਹ ਦੋਵੇਂ ਧਿਰਾਂ ਨੂੰ ਗੱਲਬਾਤ ਰਾਹੀਂ ਇਹ ਰੇੜਕਾ ਹੱਲ ਕਰਨ ਦੀ ਬੇਨਤੀ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ (ਦੋਵੇਂ ਧਿਰਾਂ) ਸਮਾਂ ਬਹੁਤ ਘੱਟ ਹੈ। ਰੇਲਵੇ ਮੰਤਰੀ ਸਆਦ ਰਫ਼ੀਕ ਨੇ ਕਿਹਾ ਕਿ ਖਾਨ ਤੇ ਕਾਦਰੀ ਨੂੰ ਸ਼ਰੀਫ਼ ਦੇ ਅਸਤੀਫੇ ਲਈ ਜ਼ਿੱਦ ਨਹੀਂ ਕਰਨੀ ਚਾਹੀਦੀ। ਰਫ਼ੀਕ ਨੇ ਇਹ ਵੀ ਭਰੋਸਾ ਦਿਵਾਇਆ ਕਿ ਪ੍ਰਦਰਸ਼ਨਕਾਰੀਆਂ ਵਿਰੁੱਧ ਸਖਤੀ ਨਹੀਂ ਕੀਤੀ ਜਾਏਗੀ।
ਸ਼ਰੀਫ਼ ਦੇ ਇਨਕਾਰ ਮਗਰੋਂ ਪੀਟੀਆਈ ਦੀ ਕੋਰ ਕਮੇਟੀ ਨੇ ਭਵਿੱਖ ਦੀ ਕਾਰਜ ਯੋਜਨਾ ਤੈਅ ਕਰਨ ਲਈ ਮੀਟਿੰਗ ਕੀਤੀ। ਜਸਟਿਸ ਅਨਵਰ ਜ਼ਹੀਰ ਜਮਾਲੀ ਦੀ ਅਗਵਾਈ ’ਚ ਪਾਕਿਸਤਾਨ ਦੇ ਚੋਣ ਕਮਿਸ਼ਨ ਦੀ ਵੀ ਅੱਜ ਮੀਟਿੰਗ ਹੋਈ। ਮੀਟਿੰਗ ’ਚ ਸਾਬਕਾ ਵਧੀਕ ਸਕੱਤਰ ਅਫਜ਼ਲ ਖਾਨ ਤੇ ਪੀਟੀਆਈ ਦੇ ਚੋਣ ਧਾਂਦਲੀ ਦੇ ਲਾਏ ਗਏ ਦੋਸ਼ਾਂ ’ਤੇ ਵਿਚਾਰ ਕੀਤੀ ਗਈ।
ਸ਼ਰੀਫ਼ ਨੇ ਕਿਹਾ ਕਿ ਅੱਜ ਦਾ ਦਿਨ ਮੁਲਕ ਦੇ ਇਤਿਹਾਸ ਵਿੱਚ ਜਮਹੂਰੀਅਤ ਲਈ ਵੱਡੇ ਦਿਨ ਵਜੋਂ ਜਾਣਿਆ ਜਾਇਆ ਕਰੇਗਾ। ਕਾਦਰੀ ਵੱਲੋਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਨੂੰ ਦਿੱਤਾ 46 ਘੰਟੇ ਦਾ ਅਲਟੀਮੇਟਮ ਅੱਜ ਖਤਮ ਹੋਇਆ ਹੈ।
-ਪੀ.ਟੀ.ਆਈ.

Widgetized Section

Go to Admin » appearance » Widgets » and move a widget into Advertise Widget Zone