Last UPDATE: November 16, 2018 at 4:51 am

ਚੀਫ ਖਾਲਸਾ ਦੀਵਾਨ ‘ਚ ਵਿਆਪਕ ਸੁਧਾਰ ਕੀਤੇ ਜਾਣ ਦੀ ਲੋੜ : ਨਿਰਮਲ ਸਿੰਘ ਠੇਕੇਦਾਰ  

ਮੈਨੀਫੈਸਟੋ ਅਜ ਜਾਰੀ ਕੀਤਾ ਜਾਵੇਗਾ।
ਦੀਵਾਨ ਦੀ ਸਾਖ ਬਹਾਲੀ ਲਈ 2 ਦਸੰਬਰ ਨੂੰ ਚੋਣ ਨਿਸ਼ਾਨ ਨਗਾਰੇ ‘ਤੇ ਮੋਹਰ ਲਾਕੇ ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਸੇਵਾਦਾਰਾਂ ਨੂੰ ਸੇਵਾ ਦਾ ਮੌਕਾ ਦੇਣ ਦੀ ਕੀਤੀ ਅਪੀਲ।
ਅਮ੍ਰਿਤਸਰ ( ANS    ) ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਹੋਣ ਜਾ ਰਹੀ ਵਕਾਰੀ ਚੋਣਲਈ ਪ੍ਰਧਾਨਗੀ ਦੇ  ਉਮੀਦਵਾਰ ਸ: ਨਿਰਮਲ ਸਿੰਘ ਠੇਕੇਦਾਰ ਨੇ ਕਿਹਾ ਕਿ ਉਹਨਾਂ ਵਲੋਂ ਖੜੇ ਕੀਤੇ ਗਏ ਸਾਰੇ ਉਮੀਦਵਾਰਾਂ ਨੂੰ ਦੀਵਾਨ ਦੇ ਸਮੂਹ ਮੈਬਰਾਂ ਦਾ ਸਹਿਯੋਗ ਮਿਲ ਰਿਹਾ ਹੈ ਅਤੇ ਉਨਾਂ ਦੀ ਜਿਤ ਨਿਸ਼ਚਿਤ ਹੈ। ਉਹਨਾਂ ਕਿਹਾ ਕਿ ਪ੍ਰਮਾਤਮਾ ਨੇ ਸੇਵਾ ਬਖਸ਼ੀ ਤਾਂ ਉਹ ਸਮਾਜਿਕ ਅਤੇ ਵਿਦਿਅਕ ਹਿਤਾਂ ਲਈ ਦੀਵਾਨ ਦੇ ਪ੍ਰਬੰਧ ‘ਚ ਵਿਅਪਕ ਫੇਰ ਬਦਲ ਕਰਦਿਆਂ ਵਡੇ ਸੁਧਾਰ ਕਰਨਗੇ। ਉਹਨਾਂ ਦਸਿਆ ਕਿ ਦੀਵਾਨ ਦੀ ਸਥਾਪਤੀ ਦਾ ਮੁਖ ਆਸ਼ਾ ਸਿੱਖੀ ਅਤੇ ਸਿੱਖਿਆ ਰਿਹਾ। ਪਰ ਅਫਸੋਸ ਕਿ ਬੀਤੇ ਦੌਰਾਨ ਦੀਵਾਨ ਦੇ ਨਿਯਮਾਂ ਅਤੇ ਸਿਧਾਂਤ ਨਾਲ ਖਿਲਵਾੜ ਹੁੰਦਾ ਰਿਹਾ। ਉਹਨਾਂ ਕਿਹਾ ਕਿ ਸਾਡਾ ਫਰਜ ਨੌਜਵਾਨ ਪੀੜੀ ਨੂੰ ਇਖਲਾਕ, ਸਿੱਖੀ ਰਹੁ ਰੀਤਾਂ, ਚੱਜ ਆਚਾਰ ਅਤੇ ਵਿਰਸੇ ਨਾਲ ਜੋੜਣਾ ਬਣਦਾ ਸੀ। ਜਦ ਕਿ ਦੀਵਾਨ ‘ਚ ਆਈਆਂ ਪ੍ਰਬੰਧਕ ਖਾਮੀਆਂ ਅਤੇ ਇਖਲਾਕੀ ਗਿਰਾਵਟਾਂ ਨੇ ਸਿੱਖ ਪੰਥ ਨੂੰ ਗਹਿਰੀ ਨਿਰਾਸ਼ਤਾ ਦਿਵਾਈ ਹੈ। ਉਹਨਾਂ ਦੀਵਾਨ ਨੂੰ ਦਰਪੇਸ਼ ਚੁਨੌਤੀਆਂ ਦੀ ਗਲ ਕਰਦਿਆਂ ਕਿਹਾ ਕਿ ਦੀਵਾਨ ‘ਚ ਸਥਾਪਿਤ ਕੁਝ ਲੋਕਾਂ ਵਲੋਂ ਪੰਥਪ੍ਰਸਤ ਸੰਸਥਾ ਨੂੰ ਆਪਣੇ ਵਪਾਰਕ ਅਤੇ ਸਿਆਸੀ ਹਿੱਤਾਂ ਲਈ ਦੁਰਉਪਯੋਗ ਕੀਤਾ, ਦੀਵਾਨ ‘ਤੇ ਗਲਬਾ ਜਾਂ ਕਬਜਾ ਜਮਾਈ ਰਖਣ ਲਈ ਰਸੂਖ ਵਾਲੇ ਆਗੂਆਂ ਵਲੋਂ ਨਿਯਮਾਂ ਦੀਆਂ ਧਜੀਆਂ ਉਡਾਉਦਿਆਂ ਆਪਣੇ ਹੀ ਪਰਿਵਾਰਕ ਮੈਬਰਾਂ ਇਥੋਂ ਤਕ ਕਿ ਆਪਣੇ ਨੌਕਰਾਂ ਨੂੰ ਵੀ ਦੀਵਾਨ ਦੇ ਮੈਬਰ ਬਣਾ ਲਏ ਗਏ। ਪਰਿਵਾਰਵਾਦ ਦੇ ਇਸ ਕੈਦ ਤੋਂ ਦੀਵਾਨ ਨੂੰ ਸੁਰਖਰੂ ਕਰਨਾ ਆਉਣ ਵਾਲੀ ਨਵੀਂ ਲੀਡਰਸ਼ਿਪ ਲਈ ਇਕ ਵੱਡੀ ਚੁਨੌਤੀ ਹੋਵੇਗੀ।  ਬੀਤੇ ਦੀਆਂ ਮੰਦਭਾਗੀ ਘਟਨਾਵਾਂ ਦੇ ਚਲਦਿਆਂ ਦੀਵਾਨ ਪ੍ਰਤੀ ਸੰਗਤ ਦੀ ਨਾਕਾਰਾਤਮਕ ਸੋਚ ਨੂੰ ਖਤਮ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਦੀਵਾਨ ਦੀ ਸਾਖ ਨੂੰ ਲਗੇ ਖੋਰੇ ਦੀ ਭਰਪਾਈ ਸਖਤ ਫੈਸਲਿਆਂ ਅਤੇ ਠੋਸ ਕਦਮ ਚੁੱਕੇ ਬਿਨਾ ਸੰਭਵ ਨਹੀਂ। ਅੱਜ ਸਾਡੇ ਕੋਲ ਉਕਤ ਨਿਰਾਸ਼ਤਾ ਤੋਂ ਉਭਰਨ ਅਤੇ ਦੀਵਾਨ ਦੇ ਧਾਰਮਿਕ- ਵਿਦਿਅਕ ਏਜੰਡੇ ਨੂੰ ਮੁੜ ਸੁਰਜੀਤ ਕਰਨ ਦਾ ਸੁਨਹਿਰੀ ਮੌਕਾ ਹੈ। ਉਹਨਾਂ ਕਿਹਾ ਕਿ ਦੀਵਾਨ ਦੀ ਪੁਰਾਤਨ ਸ਼ਾਨੋਸ਼ੋਕਤ ਮੁੜ ਬਹਾਲ ਕਰਨ ਦਾ ਜਿੰਮਾ ਸਮੂਹ ਮੈਬਰਾਂ ਦੀ ਬਣਦੀ ਹੈ ।  ਉਨਾਂ ਚੀਫ ਖਾਲਸਾ ਦੀਵਾਨ ਦੀ ਸਾਖ ਬਹਾਲੀ ਲਈ 2 ਦਸੰਬਰ ਨੂੰ ਚੋਣ ਨਿਸ਼ਾਨ ਨਗਾਰੇ ‘ਤੇ ਮੋਹਰ ਲਾਕੇ ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਸੇਵਾਦਾਰਾਂ ਮੀਤ ਪ੍ਰਧਾਨ ਲਈ ਉਮੀਦਵਾਰ ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਲੁਧਿਆਣਾ, ਸਥਾਨਕ ਪ੍ਰਧਾਨ ਲਈ ਸੁਖਦੇਵ ਸਿੰਘ ਮੱਤੇਵਾਲ, ਆਨਰੇਰੀ ਸਕਤਰ ਲਈ ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਨੂੰ ਸੇਵਾ ਦਾ ਮੌਕਾ ਦੇਣ ਦੀ ਅਪੀਲ ਕੀਤੀ। ਉਹਨਾਂ ਦਸਿਆ ਕਿ ਕਲ ਨੂੰ ਉਹਨਾਂ ਵਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ। ਇਸ ਮੇਕੇ ਉਘੇ ਸਿੱਖ ਚਿੰਤਕ ਸ: ਭਾਗ ਸਿੰਘ ਅਣਖੀ ਸਾਬਕਾ ਆਨਰੇਰੀ ਸਕਤਰ ਚੀਫ ਖਾਲਸਾ ਦੀਵਾਨ ਅਤੇ ਖਾਲਸਾ ਕਾਲਜ ਕਮੇਟੀ ਨੇ ਸ: ਨਿਰਮਲ ਸਿੰਘ ਅਤੇ ਟੀਮ ਨੂੰ ਸ਼ੁਭ ਇਛਾਵਾਂ ਦਿਤੀਆਂ।

ਫੋਟੋ : 15 ਸੀਕੇਡੀ ਨਿਰਮਲ ਸਿੰਘ

ਕੈਪਸ਼ਨ : ਪ੍ਰਧਾਨਗੀ ਲਈ ਉਮੀਦਵਾਰ ਸ: ਨਿਰਮਲ ਸਿੰਘ ਠੇਕੇਦਾਰ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਉਘੇ ਸਿੱਖ ਚਿੰਤਕ ਸ: ਭਾਗ ਸਿੰਘ ਅਣਖੀ ਅਤੇ ਹੋਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone