ਘਰੇਲੂ ਬਗ਼ੀਚੀ ਦੀ ਮਹੱਤਤਾ

ਅੱਜ ਦੇ ਯੁੱਗ ਵਿੱਚ ਜਿੱਥੇ ਬਾਜ਼ਾਰ ਵਿੱਚੋਂ ਤਾਜ਼ੀਆਂ ਅਤੇ ਸਿਹਤ-ਵਰਧਕ ਸਬਜ਼ੀਆਂ ਮਿਲਣੀਆਂ ਮੁਸ਼ਕਲ ਹਨ, ਉੱਥੇ ਅੱਤ ਦੀ ਮਹਿੰਗਾਈ ਹੋਣ ਕਾਰਨ ਇਨ੍ਹਾਂ ਨੂੰ ਖ਼ਰੀਦਣਾ ਹਰ ਕਿਸੇ ਦੇ ਵੱਸ ਦਾ ਨਹੀਂ। ਅਸੀਂ ਜਾਣਦੇ ਹਾਂ ਕਿ ਸਬਜ਼ੀਆਂ ਦੀ ਕਾਸ਼ਤ ਦੌਰਾਨ ਇਨ੍ਹਾਂ ਉੱਪਰ ਯੂਰੀਆ ਮਾਰੂ ਕੀਟਨਾਸ਼ਕ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਹੁੰਦੀ ਹੈ। ਇਹ ਜ਼ਹਿਰ ਹੌਲੀ-ਹੌਲੀ ਖਾਣੇ ਰਾਹੀਂ ਸਾਡੇ ਸਰੀਰ ਅੰਦਰ ਦਾਖ਼ਲ ਹੁੰਦੇ ਰਹਿੰਦੇ ਹਨ ਜਿਸ ਨਾਲ ਅਸੀਂ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਇਨ੍ਹਾਂ ਦੀ ਲੰਮੇ ਸਮੇਂ ਤਕ ਵਰਤੋਂ ਨਾਲ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਘਟਦੀ ਜਾਂਦੀ ਹੈ।
ਇਸ ਸਮੱਸਿਆ ਦਾ ਕੁਝ ਹੱਦ ਤਕ ਹੱਲ ਘਰੇਲੂ ਬਗ਼ੀਚੀ ਹੈ ਅਤੇ ਹਰ ਘਰੇਲੂ ਔਰਤ ਆਪ ਥੋੜ੍ਹੀ ਜਿਹੀ ਮਿਹਨਤ ਕਰਕੇ ਤਾਜ਼ੀਆਂ ਸਬਜ਼ੀਆਂ ਪੈਦਾ ਕਰ ਸਕਦੀ ਹੈ। ਇਸ ਲਈ ਥੋੜ੍ਹੀ ਮਿਹਨਤ ਅਤੇ ਥੋੜ੍ਹੀ ਜਗ੍ਹਾ ਦੀ ਜ਼ਰੂਰਤ ਹੈ। ਘਰ ਵਿੱਚ ਖਾਲੀ ਸਥਾਨ ਨੂੰ ਗੁੱਡ ਕੇ­ ਵੱਟਾਂ ਪਾ ਕੇ ਹਰੀਆਂ ਮਿਰਚਾਂ, ਸ਼ਿਮਲਾ ਮਿਰਚ, ਟਮਾਟਰ, ਭਿੰਡੀ, ਤੋਰੀ ਅਤੇ ਬੈਂਗਣ ਆਦਿ ਉਗਾਏ ਜਾ ਸਕਦੇ ਹਨ। ਇਸੇ ਤਰ੍ਹਾਂ ਕਰੇਲੇ, ਤੋਰੀਆਂ ਅਤੇ ਕੱਦੂ ਆਦਿ ਦੀਆਂ ਵੇਲਾਂ ਵੀ ਉਗਾਈਆਂ ਜਾ ਸਕਦੀਆਂ ਹਨ। ਇਨ੍ਹਾਂ ਵੇਲਾਂ ਨੂੰ ਘਰਾਂ ਦੀਆਂ ਕੰਧਾਂ ‘ਤੇ ਜਾਂ ਜਾਲ ਉੱਪਰ ਵੀ ਚੜ੍ਹਾਇਆ ਜਾ ਸਕਦਾ ਹੈ। ਕਿਆਰੀਆਂ ਦੀਆਂ ਵੱਟਾਂ ‘ਤੇ ਧਨੀਆ, ਮੇਥੀ ਅਤੇ ਪੁਦੀਨਾ ਆਦਿ ਉਗਾਏ ਜਾ ਸਕਦੇ ਹਨ।
ਮੌਸਮ ਅਤੇ ਰੁੱਤਾਂ ਦੇ ਹਿਸਾਬ ਨਾਲ ਇਹ ਸਬਜ਼ੀਆਂ ਬਦਲ-ਬਦਲ ਕੇ ਉਗਾਈਆਂ ਜਾ ਸਕਦੀਆਂ ਹਨ। ਇਸ ਦੀ ਕਾਸ਼ਤ ਕਰਨ ਵੇਲੇ ਗੋਬਰ ਦੀ ਖ਼ਾਦ ਜਾਂ ਜੈਵਿਕ ਖ਼ਾਦ ਅਤੇ ਕੀਟ ਨਾਸ਼ਕਾਂ ਲਈ ਘਰੇਲੂ ਉਪਚਾਰ ਕੀਤੇ ਜਾ ਸਕਦੇ ਹਨ ਜਿਸ ਨਾਲ ਨੁਕਸਾਨ ਕਰਨ ਵਾਲੇ ਜ਼ਹਿਰਾਂ ਤੋਂ ਵੀ ਬਚਿਆ ਜਾ ਸਕਦਾ ਹੈ। ਘਰੇਲੂ ਬਗ਼ੀਚੀ ਉਗਾਉਣ ਨਾਲ ਜਿੱਥੇ ਔਰਤਾਂ ਦੇ ਵਾਧੂ ਸਮੇਂ ਦਾ ਸਹੀ ਉਪਯੋਗ ਹੋ ਸਕੇਗਾ, ਉੱਥੇ ਸਰੀਰਕ ਮਿਹਨਤ ਨਾਲ ਸਿਹਤ ਵੀ ਠੀਕ ਰਹੇਗੀ। ਇਸ ਤੋਂ ਇਲਾਵਾ ਬੱਚਿਆਂ ਸਮੇਤ ਸਾਰੇ ਪਰਿਵਾਰ ਨੂੰ ਚੰਗੀਆਂ ਅਤੇ ਤਾਜ਼ਾ ਸਬਜ਼ੀਆਂ ਵੀ ਸਾਰਾ ਸਾਲ ਮਿਲ ਸਕਣਗੀਆਂ।

– ਗੁਰਇਕਬਾਲ ਸਿੰਘ ਬੋਦਲ

Widgetized Section

Go to Admin » appearance » Widgets » and move a widget into Advertise Widget Zone