Last UPDATE: August 26, 2014 at 2:30 am

‘ਗਾਂਧੀ’ ਫਿਲਮ ਦੇ ਨਿਰਦੇਸ਼ਕ ਸਰ ਰਿਚਰਡ ਐਟਨਬਰੋ ਦਾ ਦੇਹਾਂਤ

ਲੰਡਨ, 25 ਅਗਸਤ : ਆਸਕਰ ਜੇਤੂ ਬਰਤਾਨਵੀ ਫਿਲਮਸਾਜ਼ ਰਿਚਰਡ ਐਟਨਬਰੋ ਦਾ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ। 1982 ਵਿੱਚ ਮਹਾਤਮਾ ਗਾਂਧੀ ਦੇ ਜੀਵਨ ਨੂੰ ਸਕਰੀਨ ‘ਤੇ ਪੇਸ਼ ਕਰਨ ਸਕਣ ਲਈ ਇਸ ਫਿਲਮਸਾਜ਼ ਨੇ 20 ਸਾਲ ਸੰਘਰਸ਼ ਕੀਤਾ ਸੀ।   ਇਸ ਅਦਾਕਾਰ-ਨਿਰਦੇਸ਼ਕ ਦੇ ਪੁੱਤਰ ਮਾਈਕਲ ਐਟਨਬਰੋ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਦੇ ਖਾਣੇ ਸਮੇਂ ਉਸ ਦੇ ਪਿਤਾ ਦਾ ਦੇਹਾਂਤ ਹੋਇਆ। ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਸਨ ਤੇ 91ਵੇਂ ਜਨਮ ਦਿਨ ਤੋਂ ਮਹਿਜ਼ ਚਾਰ ਦਿਨ ਪਹਿਲਾਂ ਉਹ ਇਸ ਜਹਾਨ ਤੋਂ ਵਿਦਾ ਹੋ ਗਏ। ‘ਗਾਂਧੀ’ ਫਿਲਮ ਲਈ ਉਨ੍ਹਾਂ ਨੂੰ ਸਰਵੋਤਮ ਨਿਰਦੇਸ਼ਕ ਵਜੋਂ ਅਕੈਡਮੀ ਪੁਰਸਕਾਰ ਮਿਲਿਆ। ਇਸ ਫਿਲਮ ਨੇ ਉਸ ਵਰ੍ਹੇ ਕਈ ਆਸਕਰ ਪੁਰਸਕਾਰ ਹੂੰਝੇ ਸਨ ਜਿਨ੍ਹਾਂ ਵਿੱਚ ਬੈਸਟ ਪਿਕਚਰ, ਬੈਸਟ ਡਾਇਰੈਕਟਰ ਤੇ ਬੈਸਟ ਐਕਟਰ ਟਰਾਫੀਆਂ ਸ਼ਾਮਲ ਹਨ। ਗਾਂਧੀ ਦੀ ਭੂਮਿਕਾ ਬੇਨਕਿੰਗਸਲੇ ਨੇ ਨਿਭਾਈ ਸੀ। ਇਹ ਫਿਲਮ ਛੇ ਦਹਾਕਿਆਂ ਦੇ ਸਮੇਂ ਦੀ ਅਤਿ ਦੀ ਵਿਸ਼ੇਸ਼ ਤੇ ਬਹੁਪੱਖੀ ਫਿਲਮ ਰਹੀ ਹੈ।

ਸ੍ਰੀ ਐਟਨਬਰੋ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਉਨ੍ਹਾਂ ਨੂੰ ‘ਸਿਨੇਮਾ ਦੀਆਂ ਮਹਾਨ ਹਸਤੀਆਂ ਵਿੱਚੋਂ ਇਕ’ ਕਰਾਰ ਦਿੱਤਾ। ਕੈਮਰੌਨ ਨੇ ਕਿਹਾ ਕਿ ‘ਬ੍ਰਾਈਟਨ ਰੌਕ’ ਵਿੱਚ ਉਨ੍ਹਾਂ ਦੀ ਅਦਾਕਾਰੀ ਕਮਾਲ ਦੀ ਸੀ ਤੇ ਗਾਂਧੀ ਦੀ ਨਿਰਦੇਸ਼ਨਾ ਲਾਜਵਾਬ ਸੀ।
ਆਪਣੇ ਨਿਰਦੇਸ਼ਕ ਨੂੰ ਯਾਦ ਕਰਦਿਆਂ ਕਿੰਗਸਲੇ ਨੇ ਕਿਹਾ ਕਿ ‘ਡਿੱਕੀ’ ਵਜੋਂ ਜਾਣੇ ਜਾਂਦੇ ਐਟਨਬਰੋ ਨੇ ‘ਗਾਂਧੀ’ ਦੀ ਭੂਮਿਕਾ ਲਈ ਉਸ ਵਿੱਚ ਅਥਾਹ ਭਰੋਸਾ ਪ੍ਰਗਟਾਇਆ ਸੀ। ਇਸ ਦੇ ਜੁਆਬ ਵਿੱਚ ਉਨ੍ਹਾਂ ਨੇ ਵੀ ਉਸ ਵਿੱਚ ਭਰੋਸਾ ਪ੍ਰਗਟਾਇਆ ਤੇ ਉਸ ਦੇ ਮੁਤਾਬਕ ਭੂਮਿਕਾ ਸਜੀਵ ਕੀਤੀ।
ਅੱਤ ਦਾ ਸਫ਼ਲ ਨਿਰਦੇਸ਼ਕ ਬਣਨ ਤੋਂ ਪਹਿਲਾਂ ਬਰਤਾਨੀਆ ਦੇ ਪ੍ਰਮੁੱਖ ਅਦਾਕਾਰਾਂ ਵਿੱਚ ਸ਼ੁਮਾਰ ਐਟਨਬਰੋ ਨੇ ‘ਬਰਾਈਟਨ ਰੌਕੈ’, ਦੂਜੀ ਵਿਸ਼ਵ ਜੰਗ ਦੇ ਜੰਗੀ ਕੈਦੀ ਬਾਰੇ ‘ਦਿ ਗਰੇਟ ਐਸਕੇਪ’, 10 ਰਿÇਲੰਗਟਨ ਪਲੇਸ ਤੇ ਭਾਰਤੀ ਨਿਰਦੇਸ਼ਕ ਸੱਤਿਆਜੀਤ ਰੇਅ ਦੀ ਫਿਲਮ ‘ਦਿ ਚੈੱਸ ਪਲੇਅਰਜ਼’ (ਸ਼ਤਰੰਜ ਕੇ ਖਿਲਾੜੀ) ਤੇ ਸਟੀਵਨ ਸਪੀਲਵਰਗ ਦੀ ਪ੍ਰਸਿੱਧ ਫਿਲਮ ‘ਜੁਰਾਸਿਕ ਪਾਰਕ’ ਵਿੱਚ ਥੀਮ ਪਾਰਕ ਡਿਵੈਲਪਰ ਦੀਆਂ ਭੂਮਿਕਾਵਾਂ ਸ਼ਾਨਦਾਰ ਢੰਗ ਨਾਲ ਨਿਭਾਈਆਂ ਸਨ। ਸਪੀਲਬਰਗ ਨੇ ਉਸ ਨੂੰ ਆਪਣਾ ਪਿਆਰਾ ਮਿੱਤਰ ਕਿਹਾ।
12 ਸਾਲ ਦੀ ਉਮਰੇ ‘ਦਿ ਮਾਊਸ ਟਰੈਪ’ ਨਾਟਕ ਰਾਹੀਂ ਉਸ ਨੇ ਅਦਾਕਾਰੀ ਦੇ ਖੇਤਰ ਵਿੱਚ ਪੈਰ ਧਰਿਆ ਸੀ ਤੇ ਪੇਸ਼ਾਵਰ ਅਦਾਕਾਰ ਵਜੋਂ 18 ਸਾਲ ਦੀ ਉਮਰੇ ਕੰਮ ਸ਼ੁਰੂ ਕੀਤਾ। ਉਸ ਨੇ ਮਗਰੋਂ 13 ਫਿਲਮਾਂ ਪੋ੍ਰਡਿਊਸ ਤੇ 12 ਡਾਇਰੈਕਟ ਕੀਤੀਆਂ। 78 ਫਿਲਮਾਂ ‘ਚ ਅਦਾਕਾਰੀ ਕੀਤੀ।

Widgetized Section

Go to Admin » appearance » Widgets » and move a widget into Advertise Widget Zone