Last UPDATE: August 23, 2014 at 10:15 pm

ਕਾਰ ਤੇ ਬੱਸ ਦੀ ਟੱਕਰ: 5 ਹਲਾਕ, 15 ਜ਼ਖ਼ਮੀ

ਮ੍ਰਿਤਕ ਬਲਰੂਪ ਸਿੰਘ, ਦੀਪਾਂਸ਼ੂ ਗੁਪਤਾ ਅਤੇ ਗੌਰਵ ਗਰਗ ਦੀਆਂ ਫਾਈਲ ਫੋੋੋਟੋਆਂ

ਮ੍ਰਿਤਕ ਬਲਰੂਪ ਸਿੰਘ, ਦੀਪਾਂਸ਼ੂ ਗੁਪਤਾ ਅਤੇ ਗੌਰਵ ਗਰਗ ਦੀਆਂ ਫਾਈਲ ਫੋੋੋਟੋਆਂ

ਚੰਡੀਗੜ੍ਹ, 23 ਅਗਸਤ : ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਖੇ ਉਸ ਦੇ ਪੇਟ ਦਾ ਅਪਰੇਸ਼ਨ ਕੀਤਾ ਗਿਆ ਹੈ।ਚੰਡੀਗੜ੍ਹ ਦੇ ਸੈਕਟਰ 45-46 ਤੇ 49-50 ਦੇ ਲਾਈਟ ਪੁਆਇੰਟ ਉਤੇ ਅੱਜ ਤੜਕੇ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਪੀਆਰਟੀਸੀ) ਦੀ ਵੋਲਵੋ ਬੱਸ ਅਤੇ ਸਵਿਫਟ ਕਾਰ ਦੀ ਹੋਈ ਭਿਆਨਕ ਟੱਕਰ ਕਾਰਨ ਤਿੰਨ ਵਿਦਿਆਰਥੀਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ 15 ਵਿਅਕਤੀ ਜ਼ਖ਼ਮੀ ਹੋ ਗਏ।

ਸਵਿਫਟ ਕਾਰ (ਐਚਪੀ03ਟੀ-4103) ਵਿਚ ਸਵਾਰ ਚੰਡੀਗੜ੍ਹ ਇੰਜਨੀਅਰਿੰਗ ਕਾਲਜ ਲਾਂਡਰਾਂ ਦੇ 22 ਤੋਂ 24 ਸਾਲਾਂ ਦੇ ਤਿੰਨ ਵਿਦਿਆਰਥੀ ਹਾਦਸੇ ਦੌਰਾਨ ਕਾਰ ਨੂੰ ਲੱਗੀ ਅੱਗ ਕਾਰ ਜ਼ਿੰਦਾ ਸੜ ਗਏ। ਟੱਕਰ ਤੋਂ ਬਾਅਦ ਬੱਸ ਉਲਟਣ ਕਾਰਨ ਇਸ ਵਿਚ ਸਵਾਰ ਇੰਗਲੈਂਡ ਰਹਿੰਦੇ ਨੌਜਵਾਨ ਪਰਵਾਸੀ (ਐਨਆਰਆਈ) ਜੋੜੇ ਦੀ ਬੱਸ ਹੇਠ ਆ ਕੇ ਮੌਤ ਹੋ ਗਈ। ਸਵਿਫਟ ਵਿਚ ਸਵਾਰ ਜ਼ਿੰਦਾ ਸੜੇ ਤਿੰਨ ਨੌਜਵਾਨਾਂ ਦੀ ਪਛਾਣ ਲਾਂਡਰਾਂ ਕਾਲਜ ਦੇ ਬੀਟੈਕ ਦੇ ਵਿਦਿਆਰਥੀਆਂ ਗੌਰਵ ਗਰਗ ਤੇ ਬਲਰੂਪ ਸਿੰਘ ਅਤੇ ਐਮਬੀਏ ਦੇ ਵਿਦਿਆਰਥੀ ਦੀਪਾਂਸ਼ੂ ਗੁਪਤਾ ਵਜੋਂ ਹੋਈ ਹੈ। ਦੀਪਾਂਸ਼ੂ ਰਿਵਾੜੀ (ਹਰਿਆਣਾ) ਅਤੇ ਗੌਰਵ ਤੇ ਬਲਰੂਪ ਸ਼ਿਮਲੇ ਦੇ ਰਹਿਣ ਵਾਲੇ ਹਨ। ਬੱਸ ਹੇਠ ਆ ਕੇ ਮਰੇ ਪਰਵਾਸੀ ਜੋੜੇ ਦੀ ਪਛਾਣ ਕਵਿਤਾ ਅਤੇ ਰੋਪੇਸ਼ ਵਜੋਂ ਹੋਈ ਹੈ। ਉਹ ਇੰਗਲੇੈਂਡ ਤੋਂ ਇਥੇ ਘੁੰਮਣ-ਫਿਰਨ ਆਏ ਸਨ ਅਤੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਤੋਂ ਦਿੱਲੀ ਜਾ ਰਹੇ ਸਨ। ਉਨ੍ਹਾਂ ਦੀ ਛੇ ਸਾਲਾ ਧੀ ਅਨੰਨਿਆ ਇਸ ਹਾਦਸੇ ਵਿਚ ਬੁਰੀ ਤਰ੍ਹਾਂ ਫੱਟੜ ਹੋਈ ਹੈ।

ਹਾਦਸੇ ਵਾਲੀ ਥਾਂ ਲੰਮਾ ਸਮਾਂ ਕੁਰਲਾਹਟ ਮਚੀ ਰਹੀ। ਇਕ ਪਾਸੇ ਤਿੰਨ ਨੌਜਵਾਨ ਕਾਰ ਨੂੰ ਲੱਗੀ ਅੱਗ ਵਿੱਚ ਝੁਲਸ ਰਹੇ ਸਨ ਅਤੇ ਦੂਜੇ ਪਾਸੇ ਬੱਸ ਉਲਟਣ ਕਾਰਨ ਕਵਿਤਾ ਅਤੇ ਉਸ ਦਾ ਪਤੀ ਰੋਪੇਸ਼ ਸਹਿਕ ਰਹੇ ਸਨ। ਸੈਕਟਰ-34 ਦੇ ਐਸਐਚਓ ਰਾਕੇਸ਼ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਤੜਕੇ 2.10 ਵਜੇ ਲੱਗੀ ਸੀ। ਕਾਰ ਵਿਚ ਝੁਲਸ ਰਹੇ ਨੌਜਵਾਨਾਂ ਨੂੰ ਅੱਗ ਬੁਝਾਊ ਦਸਤੇ ਤੇ ਆਮ ਲੋਕਾਂ ਦੀ ਮਦਦ ਨਾਲ ਬਚਾਉਣ ਦਾ ਯਤਨ ਕੀਤਾ ਪਰ ਅੱਗ ਨੇ ਚੁਫੇਰਿਓਂ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ।

ਬਚਾਅ ਦਸਤਿਆਂ ਨੇ ਬੜੀ ਮੁਸ਼ਕਲ ਨਾਲ ਕਾਰ ਨੂੰ ਰਾਡਾਂ ਆਦਿ ਨਾਲ ਤੋੜ ਕੇ ਤਿੰਨੇ ਨੌਜਵਾਨਾਂ ਨੂੰ ਬਾਹਰ ਕੱਢਿਆ ਪਰ ਉਸ ਵੇਲੇ ਤੱਕ ਉਹ ਬੁਰੀ ਤਰ੍ਹਾਂ ਝੁਲਸ ਕੇ ਦਮ ਤੋੜ ਚੁੱਕੇ ਸਨ। ਕਾਰ ਵਿਚ ਉਨ੍ਹਾਂ ਦੇ ਸੜੇ ਕੱਪੜੇ, ਜੁੱਤੇ ਅਤੇ ਵਾਲ ਇਸ ਭਿਆਨਕ ਹਾਦਸੇ ਦੀ ਕਹਾਣੀ ਬਿਆਨ ਰਹੇ ਸਨ। ਸ੍ਰੀ ਸ਼ੁਕਲਾ ਅਨੁਸਾਰ ਪਹਿਲਾਂ ਉਨ੍ਹਾਂ ਪੁਲੀਸ ਜਵਾਨਾਂ ਅਤੇ ਹੋਰ ਬਚਾਅ ਦਸਤਿਆਂ ਨਾਲ ਬੱਸ ਨੂੰ ਚੁੱਕ ਕੇ ਜੋੜੀ ਨੂੰ ਹੇਠੋਂ ਕੱਢਣ ਦਾ ਯਤਨ ਕੀਤਾ ਪਰ ਕਾਮਯਾਬੀ ਨਹੀਂ ਮਿਲੀ। ਫਿਰ ਬੱਸ ਨੂੰ ਇਕ ਪਾਸਿਓਂ ਪੁਲੀਸ ਦੀ ਮੰਗਵਾਈ ਕਰੇਨ ਨਾਲ ਸਿੱਧਾ ਕਰ ਕੇ ਹੇਠੋਂ ਕਵਿਤਾ ਤੇ ਰੋਪੇਸ਼ ਨੂੰ ਕੱਢਿਆ ਗਿਆ।
ਘਟਨਾ ਮੌਕੇ ਵੋਲਵੋ ਬੱਸ (ਐਚਪੀ63-5729) ਧਰਮਸ਼ਾਲਾ ਤੋਂ ਸੈਕਟਰ-43 ਦੇ ਬੱਸ ਅੱਡੇ ਰੁਕਣ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਈ ਸੀ। ਦੂਜੇ ਪਾਸੇ ਲਾਂਡਰਾਂ ਕਾਲਜ ਦੇ ਵਿਦਿਆਰਥੀ ਚੰਡੀਗੜ੍ਹ ਤੋਂ ਖਾਣਾ ਵਗੈਰਾ ਖਾ ਕੇ ਕਾਲਜ ਜਾ ਰਹੇ ਸਨ। ਉਹ ਕਾਲਜ ਦੇ ਹੋਸਟਲ ਵਿਚ ਹੀ ਰਹਿੰਦੇ ਸਨ। ਬੱਸ ਡਰਾਈਵਰ ਦੀ ਪਛਾਣ ਪਿੰਡ ਭਵਾਨਾ (ਦਿੱਲੀ) ਦੇ ਸੁਰਿੰਦਰ ਸਿੰਘ ਵਜੋਂ ਹੋਈ ਹੈ। ਉਸ ਦੀਆਂ ਪਸਲੀਆਂ ਆਦਿ ਉਪਰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਸੈਕਟਰ-32 ਦੇ ਹਸਪਤਾਲ ਵਿਖੇ ਦਾਖਲ ਹੈ। ਕੰਡਕਟਰ ਰਿਸ਼ੀ ਵੀ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਹੈ। ਜਦੋਂ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰ ਚੰਡੀਗੜ੍ਹ ਪੁੱਜੇ ਤਾਂ ਥਾਣੇ ਅਤੇ ਹਸਪਤਾਲ ਵਿਖੇ ਕੁਰਲਾਹਟ ਮਚੀ ਰਹੀ। ਇਸੇ ਤਰ੍ਹਾਂ ਪੀਜੀਆਈ ਦਮ ਤੋੜਨ ਵਾਲੇ ਰੋਪੇਸ਼ ਤੇ ਉਸ ਦੀ ਪਤਨੀ ਕਵਿਤਾ ਦਾ ਪੋਸਟਮਾਰਟਮ ਐਤਵਾਰ ਨੂੰ ਕੀਤਾ ਜਾਵੇਗਾ। ਵਿਦਿਆਰਥੀਆਂ ਦਾ ਪੋਸਟਮਾਰਟਮ ਕਰ ਕੇ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।  ਐਸਐਚਓ ਅਨੁਸਾਰ ਪਰਵਾਸੀ ਜੋੜੀ ਸਮਾਜ ਸੇਵਾ ਦੇ ਕਾਰਜ ਵੀ ਕਰਦੀ ਸੀ। ਪੁਲੀਸ ਨੇ ਬੱਸ ਡਰਾਈਵਰ ਸੁਰਿੰਦਰ ਸਿੰਘ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 279, 337 ਅਤੇ 304-ਏ ਤਹਿਤ ਕੇਸ ਦਰਜ ਕਰ ਲਿਆ ਹੈ।
ਜ਼ਖ਼ਮੀਆਂ ਦੇ ਵੇਰਵੇ: ਹਾਦਸੇ ਦੌਰਾਨ ਜ਼ਖਮੀ ਹੋਏ 15 ਵਿਅਕਤੀਆਂ ਵਿਚ ਫੇਨ ਨਾਂ ਦਾ ਇਕ ਵਿਅਕਤੀ ਚੀਨ ਨਾਲ ਸਬੰਧਿਤ ਹੈ ਅਤੇ ਬਾਕੀ 14 ਜ਼ਖ਼ਮੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਿਤ ਹਨ। ਇਨ੍ਹਾਂ ਵਿਚ ਨਰੇਸ਼ ਕੁਮਾਰ, ਧੀਰਜ ਬਲੌਰੀਆ, ਰਿਚਾ, ਪੁਨੀਤ ਪ੍ਰਮਾਰ, ਆਈਨਾ (ਇਕ ਸਾਲ), ਦੀਪਾਲੀ, ਨੀਰਾ ਕੰਵਰ, ਸੁਰਿੰਦਰ (ਡਰਾਈਵਰ), ਰਿਸ਼ੀ (ਕੰਡਕਟਰ), ਅਸ਼ੀਸ਼ ਅਮਿਤ, ਪ੍ਰਦੀਪ, ਗੌਰਵ ਅਤੇ ਅਨੰਨਿਆ (ਮ੍ਰਿਤਕ ਜੋੜੇ ਦੀ ਧੀ) ਸ਼ਾਮਲ ਹਨ।

Widgetized Section

Go to Admin » appearance » Widgets » and move a widget into Advertise Widget Zone