ਕਬੱਡੀ ਵਿੱਚ ਸਿਰਸਲ ਨੇ ਖੇੜੀ ਗੁੱਜਰਾਂ ਨੂੰ ਹਰਾਇਆ
ਪੱਤਰ ਪ੍ਰੇਰਕ
ਡੇਰਾਬੱਸੀ, 22 ਅਗਸਤ
ਖੇੜੀ ਗੁੱਜਰਾਂ ਪਿੰਡ ‘ਚ ਜੇ.ਵੀ.ਜੀ. ਵੈਲਫ਼ੇਅਰ ਸਪੋਰਟਸ ਕਲੱਬ ਵੱਲੋਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਓਪਨ ਕਬੱਡੀ ਮੁਕਾਬਲੇ ਦਾ ਪਹਿਲਾ ਇਨਾਮ ਹਰਿਆਣਾ ਦੀ ਸਿਰਸਲ ਟੀਮ ਨੇ ਪਹਿਲਾ 31 ਹਜ਼ਾਰ ਰੁਪਏ ਦਾ ਨਗਦ ਇਨਾਮ ਹਾਸਲ ਕੀਤਾ ਜਦਕਿ ਖੇੜੀ ਗੁੱਜਰਾਂ ਦੀ ਟੀਮ ਨੇ ਦੂਜਾ 21 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। 42 ਕਿਲੋ ਕਬੱਡੀ ਮੁਕਾਬਲੇ ਵਿੱਚ ਪੁੰਨਸਰ ਪਹਿਲੇ ਅਤੇ ਸਿਆਮਟੂ ਦੂਜੇ ਸਥਾਨ ‘ਤੇ ਰਹੀਆਂ ਜਦਕਿ 55 ਕਿਲੋ ਕਬੱਡੀ ਮੁਕਾਬਲੇ ਵਿੱਚ ਮੁਕੰਦਪੁਰ ਨੇ ਪਹਿਲਾ ਅਤੇ ਖੇੜੀ ਗੁੱਜਰਾਂ ਨੇ ਦੂਜਾ ਇਨਾਮ ਪ੍ਰਾਪਤ ਕੀਤਾ।
ਇਸ ਮੌਕੇ ਪੰਜਾਬ ਅਤੇ ਹਰਿਆਣਾ ਦੀਆਂ ਮੁਟਿਆਰਾਂ ਦਾ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ, ਜਿਸ ਵਿੱਚ ਹਰਿਆਣਾ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ। ਵਾਲੀਬਾਲ ਮੁਕਾਬਲੇ ਵਿੱਚ ਚੰਡੀਗੜ੍ਹ ਸੈਕਟਰ-7 ਕਲੱਬ ਨੇ ਹਰਿਆਣਾ ਪੁਲੀਸ ਨੂੰ ਹਰਾਇਆ। ਘੋੜੀਆਂ ਦੀਆਂ ਦੌੜਾਂ ਵਿੱਚ ਜੰਗਾ ਰਾਮ ਦੀ ਘੋੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਅੰਬਛੱਪਾ ਦੀ ਘੋੜੀ ਦੂਜੇ ‘ਤੇ ਰਹੀ।
ਇਸ ਮੌਕੇ ਹਲਕਾ ਵਿਧਾਇਕ ਐਨ.ਕੇ ਸ਼ਰਮਾ ਦੇ ਸਿਆਸੀ ਸਕੱਤਰ ਕ੍ਰਿਸ਼ਨਪਾਲ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨੇ ਕਲੱਬ ਨੂੰ 51 ਹਜ਼ਾਰ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਕਾਲਕਾ ਤੋਂ ਵਿਧਾਇਕ ਪ੍ਰਦੀਪ ਚੌਧਰੀ, ਸਮਾਜ ਸੇਵੀ ਬਲਜੀਤ ਸਿੰਘ ਕੁੰਭੜਾ, ਯੂਥ ਅਕਾਲੀ ਆਗੂ ਊਦੈਵੀਰ ਸਿੰਘ ਢਿੱਲੋਂ, ਚੌਧਰੀ ਚੂਹੜ ਸਿੰਘ ਪੁੰਨਸਰ, ਮਾਨਵਿੰਦਰ ਰਾਣਾ ਮੁਬਾਰਿਕਪੁਰ, ਚੌਧਰੀ ਸ਼ਿਵਪਾਲ, ਚੌਧਰੀ ਸੁਭਾਸ਼ ਕੁਮਾਰ, ਕਾਂਗਰਸੀ ਆਗੂ ਚਰਨਜੀਤ ਸਿੰਘ ਟਿਵਾਣਾ ਸਮੇਤ ਕਲੱਬ ਦੇ ਪ੍ਰਧਾਨ ਰਾਮ ਕੁਮਾਰ, ਉਪ ਪ੍ਰਧਾਨ ਗੁਰਮੁਖ ਸਿੰਘ, ਚੇਅਰਮੈਨ ਗੁਰਨਾਮ ਸਿੰਘ ਹਾਜ਼ਰ ਸਨ।