Last UPDATE: August 22, 2014 at 7:46 pm

ਉਜਾੜੇ ਖ਼ਿਲਾਫ਼ ਕਿਸਾਨਾਂ ਦੀ ਭੁੱਖ ਹੜਤਾਲ ਜਾਰੀ

ਖੇਤਰੀ ਪ੍ਰਤੀਨਿਧ
ਪਟਿਆਲਾ,22 ਅਗਸਤ
ਕਿਸਾਨ ਉਜਾੜੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਅਗਵਾਈ ਵਿੱਚ ਇਥੇ ਮਿੰਨੀ ਸਕੱਤਰੇਤ ਵਿਖੇ ਚੱਲ ਰਹੀ ਕਿਸਾਨਾਂ ਦੀ ਲੜੀਵਾਰ ਭੁੱਖ ਹੜਤਾਲ ਅੱਜ 10ਵੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਅੱਜ 11 ਨਵੇਂ ਕਿਸਾਨ ਭੁੱਖ ਹੜਤਾਲ ‘ਤੇ ਬੈਠੇ।  ਕਿਸਾਨਾਂ ਨੂੰ ਯੂੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਦਰਸ਼ਨ ਪਾਲ, ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਕਰਨੈਲ ਸਿੰਘ ਲੰਗ ਤੇ ਗੁਰਮੇਲ ਸਿੰਘ ਚਰਾਸੋਂ, ਜਨਰਲ ਸਕੱਤਰ ਸਤਵੰਤ ਸਿੰਘ ਵਜੀਦਪੁਰ ਤੇ ਵਿੱਤ ਸਕੱਤਰ ਦਰਸ਼ਨ ਸਿੰਘ ਸ਼ੇਖੂਪੁਰਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਟਿਆਲੇ ਜ਼ਿਲ੍ਹੇ ਨਾਲ ਲੱਗਦੇ ਅਨੇਕਾਂ ਪਿੰਡਾਂ ਵਿੱਚ ਹਜ਼ਾਰਾਂ ਉਹ ਕਿਸਾਨ ਖੇਤੀ ਕਰ ਰਹੇ ਹਨ, ਜਿਨ੍ਹਾਂ ਨੇ ਚਾਰ ਦਹਾਕੇ ਪਹਿਲਾਂ ਬੰਜਰ, ਊਭੜ-ਖਾਬੜ, ਕੱਲਰ ਵਾਲੀਆਂ, ਜੰਗਲੀ ਤੇ ਦਰਿਆਵਾਂ ਦੇ ਕੰਢਿਆਂ ‘ਤੇ ਜ਼ਮੀਨਾਂ ਪੱਧਰ ਤੇ ਆਬਾਦ ਕੀਤੀਆਂ ਸਨ। ਅੱਜ ਉਨ੍ਹਾਂ ਦੀ ਤੀਜੀ ਚੌਥੀ ਪੀੜ੍ਹੀ ਕਾਸ਼ਤ ਕਰ ਰਹੀ ਹੈ, ਪਰ ਸਰਕਾਰ ਇਨ੍ਹਾਂ ਨੂੰ ਉਜਾੜਨ ‘ਤੇ ਤੁਲੀ ਹੋਈ ਹੈ। ਇਸੇ ਤਰ੍ਹਾਂ ਬਹੁਤ ਸਾਰੇ ਪਿੰਡਾਂ ‘ਚ 3-4 ਪੀੜ੍ਹੀਆਂ ਤੋਂ ਟੋਭਿਆਂ ਤੇ ਹੋਰ ਸਾਂਝੀਆਂ ਥਾਂਵਾਂ ‘ਤੇ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਨੂੰ ਵੀ ਬੇਘਰੇ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।  ਉਨ੍ਹਾਂ ਕਿਹਾ ਕਿ ਕਿਸਾਨ ਦਸ ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ, ਪਰ ਜ਼ਿਲ੍ਹਾ ਅਧਿਕਾਰੀ ਕੁੰਭ ਦੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਜੇ ਉਪ ਮੁੱੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਵਾਅਦੇ ਅਨੁਸਾਰ 23-24 ਅਗਸਤ ਤੱਕ   ਮਸਲਾ ਹੱਲ ਨਾ ਹੋਇਆ,ਤਾਂ ਸੰਘਰਸ਼ ਤੇਜ਼ ਕਰਕੇ 25 ਤਾਰੀਖ਼ ਨੂੰ ਡੀ. ਸੀ. ਦਫ਼ਤਰ ਅੱਗੇ ਕਿਸਾਨ ਮਹਾਂ ਪੰਚਾਇਤ ਕੀਤੀ ਜਾਵੇਗੀ। ਇਸੇ ਤਰ੍ਹਾਂ ਕਿਸਾਨ ਆਗੂਆਂ ਨੇ ਸੋਕਾ ਰਾਹਤ ਪੈਕੇਜ ਪ੍ਰਤੀ ਏਕੜ 5 ਹਜ਼ਾਰ ਲੈਣ ਤੇ ਮੋਟਰਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਜਾਰੀ ਰੱਖਣ  ਦੀ ਮੰਗ ਵੀ ਕੀਤੀ।  ਇਸ ਮੌਕੇ ਨਿਰਮਲ ਸਿੰਘ ਲਚਕਾਣੀ ਤੇ ਨਿਸ਼ਾਨ ਸਿੰਘ ਧਰਮਹੇੜੀ ਸਮੇਤ ਸੁਖਵਿੰਦਰ ਸਿੰਘ ਤੁੱਲੇਵਾਲ, ਜੰਗ ਸਿੰਘ ਭਟੇੜੀ, ਮੁਖਤਿਆਰ ਸਿੰਘ ਦੁੱਲੜ, ਬਲਦੇਵ ਸਿੰਘ ਬਠੋਈ,ਹਰਭਜਨ ਸਿੰਘ ਚੱਠਾ ਆਦਿ ਹਾਜ਼ਰ ਸਨ।

Widgetized Section

Go to Admin » appearance » Widgets » and move a widget into Advertise Widget Zone