Last UPDATE: August 23, 2014 at 10:45 pm

ਇਸਰਾਇਲੀ ਹਮਲੇ ‘ਚ 7 ਫ਼ਲਸਤੀਨੀ ਹਲਾਕ

ਹਮਾਸ ਦੇ ਆਤਮ ਸਮਰਪਣ ਕਰਨ ਤੱਕ ਹਮਲੇ ਜਾਰੀ ਰਹਿਣਗੇ: ਇਸਰਾਈਲ

ਗਾਜ਼ਾ/ਯੋਰੋਸ਼ਲਮ, 23 ਅਗਸਤ
ਇਸਰਾਈਲ ਵੱਲੋਂ ਗਾਜ਼ਾ ‘ਚ ਹਵਾਈ ਹਮਲੇ ਜਾਰੀ ਹਨ। ਅੱਜ ਕੀਤੇ ਗਏ ਹਮਲਿਆਂ ‘ਚ ਘੱਟੋ-ਘੱਟ ਸੱਤ ਫਲਸਤੀਨੀ ਮਾਰੇ ਗਏ। ਇਸਰਾਈਲ ਦੀ ਜ਼ਿਆਦਤੀ ਦੇ 47ਵੇਂ ਦਿਨ ਉਨ੍ਹਾਂ ਦੇ ਵਿਦੇਸ਼ ਮੰਤਰੀ ਏਵੀਗਰੋਡ ਲੀਬਰਮੈਨ ਨੇ ਕਿਹਾ ਕਿ ਜਦੋਂ ਤੱਕ ਹਮਾਸ ਨੂੰ ਹਰਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਹਮਲੇ ਹੁੰਦੇ ਰਹਿਣਗੇ।
ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਇਸਰਾਈਲ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਰਣਨੀਤਕ ਟੀਚੇ ਦਾ ਖੁਲਾਸਾ ਕਰਨ ਦੀ ਲੋੜ ਹੈ ਅਤੇ ਹਮਾਸ ਦੇ ਆਤਮ ਸਮਰਪਣ ਕਰਨ ਤੋਂ ਘੱਟ ਹੋਰ ਕੋਈ ਟੀਚਾ ਨਹੀਂ ਹੋਣਾ ਚਾਹੀਦਾ। ਉਧਰ ਇਸਰਾਈਲ ਦੇ ਹਵਾਈ ਹਮਲਿਆਂ ‘ਚ ਇਕ ਘਰ ‘ਤੇ ਡਿੱਗੇ ਬੰਬ ਨਾਲ ਪਰਿਵਾਰ ਦੇ ਸੱਤ ਮੈਂਬਰ ਹਲਾਕ ਹੋ ਗਏ। ਇਨ੍ਹਾਂ ਹਮਲਿਆਂ ‘ਚ ਹੁਣ ਤੱਕ 2098 ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ 10550 ਤੋਂ ਵੱਧ ਜ਼ਖ਼ਮੀ ਹੋ ਗਏ ਹਨ।
ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦਾ ਦਾਅਵਾ ਹੈ ਕਿ ਗਾਜ਼ਾ ‘ਚ 70 ਫੀਸਦੀ ਮੌਤਾਂ ਆਮ ਲੋਕਾਂ ਦੀ ਹੋਈ ਹੈ ਜਿਨ੍ਹਾਂ ‘ਚ ਔਰਤਾਂ ਅਤੇ ਬੱਚੇ ਵੀ ਮਾਰੇ ਗਏ ਹਨ। ਉਂਜ ਇਸਰਾਈਲ ਦਾ ਦਾਅਵਾ ਹੈ ਕਿ ਦਹਿਸ਼ਤੀ ਧੜੇ ਆਮ ਲੋਕਾਂ ਨੂੰ ‘ਮਨੁੱਖੀ ਢਾਲ’ ਬਣਾ ਰਹੇ ਹਨ।
ਫਲਸਤੀਨੀ  ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ-ਅਲ-ਕੁਦਰਾ ਨੇ ਕਿਹਾ ਕਿ ਰਾਹਤ ਕਰਮੀਆਂ ਨੇ ਦਾਹਰੂਜ ਪਰਿਵਾਰ ਦੇ ਮਕਾਨ ਦੇ ਮਲਬੇ ‘ਚੋਂ ਪੰਜ ਲਾਸ਼ਾਂ ਵੀ ਬਰਾਮਦ ਕਰ ਲਈਆਂ ਹਨ। ਮ੍ਰਿਤਕਾਂ ‘ਚ ਪਤੀ-ਪਤਨੀ ਅਤੇ ਤਿੰਨ ਬੱਚੇ ਸ਼ਾਮਲ ਹਨ।
ਇਸਰਾਈਲ ਲੜਾਕੂ ਜਹਾਜ਼ਾਂ ਨੇ ਗਾਜ਼ਾ ‘ਚ ਤਿੰਨ ਮਸਜਿਦਾਂ ਨੂੰ ਵੀ ਨਸ਼ਟ ਕਰ ਦਿੱਤਾ ਹੈ। ਫੌਜ ਦਾ ਕਹਿਣਾ ਹੈ ਕਿ ਹਵਈ ਹਮਲਿਆਂ ਦੌਰਾਨ 30 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਸੁਰੱਖਿਆ ਹਲਕਿਆਂ ਨੇ ਕਿਹਾ ਕਿ ਨਸ਼ਟ ਕੀਤੀਆਂ ਗਈਆਂ ਮਸਜਿਦਾਂ ਨੂੰ ਹਮਾਸ ਮੀਟਿੰਗਾਂ ਅਤੇ ਮਕਸਦਾਂ ਲਈ ਵਰਤ ਰਿਹਾ ਸੀ। ਮੰਗਲਵਾਰ ਨੂੰ ਗੋਲੀਬੰਦੀ ਖਤਮ ਹੋਣ ਤੋਂ ਬਾਅਦ ਗਾਜ਼ਾ ਤੋਂ ਇਸਰਾਈਲ ਵੱਲ ਵੱਡੀ ਗਿਣਤੀ ‘ਚ ਰਾਕਟ ਦਾਗ਼ੇ ਗਏ। ਗਾਜ਼ਾ ਖਾੜਕੂਆਂ ਦੇ ਹਮਲਿਆਂ ‘ਚ ਹੁਣ ਤੱਕ 68 ਇਸਰਾਈਲ, ਜਿਨ੍ਹਾਂ ‘ਚ ਜ਼ਿਆਦਾਤਰ ਫੌਜੀ ਸ਼ਾਮਲ ਹਨ, ਹਲਾਕ ਹੋਏ ਹਨ।

 

Widgetized Section

Go to Admin » appearance » Widgets » and move a widget into Advertise Widget Zone