ਇਮਰਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਦਿੱਤੇ ਅਸਤੀਫ਼ੇ

ਇਸਲਾਮਾਬਾਦ : ਪਾਕਿਸਤਾਨ ‘ਚ ਸਿਆਸੀ ਸੰਕਟ ਸ਼ੁੱਕਰਵਾਰ ਨੂੰ ਉਸ ਸਮੇਂ ਹੋਰ ਡੂੰਘਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਇਮਰਾਨ ਖ਼ਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਨੈਸ਼ਨਲ ਅਸੈਂਬਲੀ ਤੋਂ ਸਮੂਹਿਕ ਅਸਤੀਫਾ ਦੇ ਦਿੱਤਾ। ਇਸਦਾ ਮਕਸਦ ਸਰਕਾਰ ‘ਤੇ ਅਸਤੀਫੇ ਲਈ ਦਬਾਅ ਵਧਾਉਣਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਨੇਤਾਵਾਂ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਆਰਿਫ ਅਲਵੀ ਨੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਦੇ ਦਫਤਰ ‘ਚ ਪਾਰਟੀ ਦੇ ਸਾਰੇ 34 ਸੰਸਦ ਮੈਂਬਰਾਂ ਦੇ ਅਸਤੀਫੇ ਦੇ ਦਿੱਤੇ। ਹਾਲਾਂਕਿ ਇਨ੍ਹਾਂ ਅਸਤੀਫਿਆਂ ਦਾ ਪਾਕਿਸਤਾਨ ਮੁਸਲਿਮ ਲੀਗ (ਐਨ) ਸਰਕਾਰ ਦੀ ਸਥਿਰਤਾ ‘ਤੇ ਕੋਈ ਅਸਰ ਨਹੀਂ ਹੋਵੇਗਾ

ਜਿਸਦੇ ਕੋਲ 342 ਮੈਂਬਰੀ ਸਦਨ ‘ਚ 190 ਸੀਟਾਂ ਹਨ।

ਇਸ ਦੌਰਾਨ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਸਿਲਸਿਲਾ ਦੂਜੇ ਹਫਤੇ ਵੀ ਜਾਰੀ ਰਿਹਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਸੰਸਦ ਘੇਰੀ ਰੱਖੀ। ਪੀਟੀਆਈ ਦੇ ਮੁਖੀ ਇਮਰਾਨ ਖਾਨ ਅਤੇ ਵਿਰੋਧੀ ਧਿਰ ਦੇ ਨੇਤਾ ਤਾਹਿਰ ਉਲ ਕਾਦਰੀ ਨੇ ਸੰਸਦ ਭਵਨ ਦੇ ਬਾਹਰ ਡੇਰਾ ਲਗਾਇਆ ਹੋਇਆ ਹੈ। ਸਰਕਾਰ ਨਾਲ ਬੱੁਧਵਾਰ ਨੂੰ ਹੋਈ ਇਕ ਦੌਰ ਦੀ ਗੱਲਬਾਤ ਦੇ ਬਾਅਦ ਦੋਹਾਂ ਗਰੁੱਪਾਂ ਨੇ ਸਰਕਾਰ ਨਾਲ ਗੱਲਬਾਤ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

ਪੀਟੀਆਈ ਨੇ ਸੰਸਦ ‘ਚੋਂ ਅਸਤੀਫਿਆਂ ਦੇ ਬਾਅਦ ਅਗਲੀ ਰਣਨੀਤੀ ‘ਤੇ ਵਿਚਾਰ ਕਰਨ ਲਈ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਬੁਲਾਈ ਹੈ ਜਿਸ ਵਿਚ ਸੂਬਾਈ ਅਸੈਂਬਲੀਆਂ ‘ਚੋਂ ਅਸਤੀਫਿਆਂ ‘ਤੇ ਵੀ ਵਿਚਾਰ ਕੀਤਾ ਗਿਆ। ਪੀਟੀਆਈ ਦੇ ਨੇਤਾ ਮੁਰਾਦ ਸਈਦ ਦੇ ਹਵਾਲੇ ਨਾਲ ‘ਡਾਨ ਨਿਊਜ਼’ ਨੇ ਖਬਰ ਦਿੱਤੀ ਹੈ ਕਿ ਅਸੀਂ ਆਪਣੇ ਪ੍ਰਧਾਨ ਨੂੰ ਪਹਿਲਾਂ ਹੀ ਅਸਤੀਫੇ ਦੇ ਦਿੱਤੇ ਹਨ ਅਤੇ ਹੁਣ ਅਸੀਂ ਸਪੀਕਰ ਨੂੰ ਪਹੁੰਚਾਉਣ ਦੀ ਰਸਮ ਵੀ ਪੂਰੀ ਕਰ ਲਈ ਹੈ। ਕੁਰੈਸ਼ੀ ਨੇ ਅਸਤੀਫੇ ਦੇਣ ਮਗਰੋਂ ਕਿਹਾ ਕਿ 2013 ਦੀਆਂ ਆਮ ਚੋਣਾਂ ਆਜ਼ਾਦ ਅਤੇ ਨਿਰਪੱਖ ਨਹੀਂ ਸਨ। ਹੁਣ ਅਸੀਂ ਸੰਵਿਧਾਨ ਤੋਂ ਮਾਰਗਦਰਸ਼ਨ ਲਵਾਂਗੇ ਤੇ ਦੂਜੀਆਂ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਨਾਲ ਵੀ ਵਿਚਾਰ ਵਟਾਂਦਰਾ ਕਰਾਂਗੇ।

ਜ਼ਿਕਰਯੋਗ ਹੈ ਕਿ ਇਮਰਾਨ ਖਾਨ ਅਤੇ ਕਾਦਰੀ ਨੇ ਪਿਛਲੇ ਸਾਲ ਹੋਈਆਂ ਚੋਣਾਂ ‘ਚ ਹੇਰਾਫੇਰੀ ਦਾ ਦੋਸ਼ ਲਗਾਇਆ ਹੈ ਅਤੇ ਮੁੜ ਚੋਣਾਂ ਦੀ ਮੰਗ ਕੀਤੀ ਸੀ।

ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦੋਹਾਂ ਧਿਰਾਂ ‘ਚ ਗੱਲਬਾਤ ਦੀ ਸਥਿਤੀ ‘ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਜੇ ਤਕ ਗੱਲਬਾਤ ਲਈ ਉਚਿਤ ਮਾਹੌਲ ਤਿਆਰ ਨਹੀਂ ਕੀਤਾ ਗਿਆ। ਆਸਿਫ ਨੇ ਪ੍ਰਧਾਨ ਮੰਤਰੀ ਸ਼ਰੀਫ ਤੋਂ ਅਸਤੀਫੇ ਦੀ ਮੰਗ ਦਾ ਵਿਰੋਧ ਕੀਤਾ ਜਦਕਿ ਪੀਟੀਆਈ ਦੀ ਪਹਿਲੀ ਸ਼ਰਤ ਹੀ ਪੀਐਮ ਦਾ ਅਸਤੀਫਾ ਹੈ।

Widgetized Section

Go to Admin » appearance » Widgets » and move a widget into Advertise Widget Zone