ਅਜਮੇਰ ਔਲਖ ਦੇ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ’ ਨੇ ਦਰਸ਼ਕ ਕੀਲੇ

ਨਾਟਕ ਮੰਡਲੀ ਦਾ ਸਨਮਾਨ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਤੇ ਪਟਿਆਲਾ ਨਗਰ ਨਿਗਮ ਦੇ ਮੇਅਰ ਅਮਰਿੰਦਰ ਸਿੰਘ ਬਜਾਜ।

ਪੱਤਰ ਪ੍ਰੇਰਕ
ਪਟਿਆਲਾ, 29 ਅਗਸਤ
ਸਾਰਥਕ ਰੰਗਮੰਚ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਵਿੱਚ ਤਿੰਨ-ਰੋਜ਼ਾ ਨੌਰਾ ਰਿਚਰਡ ਨਾਟਕ ਮੇਲਾ ਕਰਵਾਇਆ ਗਿਆ। ਮੇਲੇ ਦੇ ਆਖ਼ਰੀ ਦਿਨ ਸਾਰਥਕ ਰੰਗਮੰਚ ਵੱਲੋਂ ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ’ ਨੇ ਦਰਸ਼ਕ ਕੀਲ ਕੇ ਰੱਖ ਦਿੱਤੇ। ਅਜਮੇਰ ਔਲਖ ਵੱਲੋਂ ਲਿਖਿਆ ਇਹ ਨਾਟਕ ਨਸ਼ਿਆਂ ਦੀ ਭਿਆਨਕ ਤੇ ਗੰਭੀਰ ਸਮੱਸਿਆ ‘ਤੇ ਆਧਾਰਤ ਹੈ ਤੇ ਇਹ ਨਸ਼ਿਆਂ ਦੀ ਦਲਦਲ ਵਿੱਚ ਫਸੇ ਪਰਿਵਾਰਾਂ ਦੀ ਕਹਾਣੀ ਨੂੰ ਬਿਆਨਦਾ ਹੈ।
ਇਹ ਨਾਟਕ ਇੱਕ ਮੱਧਵਰਗੀ ਕਿਸਾਨ ਯੋਧਾ ਸਿੰਘ ਦੇ ਪਰਿਵਾਰ ਦੀ ਕਹਾਣੀ ਹੈ, ਜਿਹੜੀ ਸਾਨੂੰ ਨਸ਼ਿਆਂ ਤੋਂ ਪੀੜਤ ਪੰਜਾਬ ਦੇ ਹਰ ਘਰ ਦੀ ਕਹਾਣੀ ਜਾਪਦੀ ਹੈ। ਇਸ ਨਾਟਕ ਦੇ ਸੀਨ ਦਰਸ਼ਕਾਂ ਨੂੰ ਇਹ ਅਹਿਸਾਸ ਕਰਵਾਉਣ ਵਿੱਚ ਸਫਲ ਰਹਿੰਦੇ ਹਨ ਕਿ ਕਿਸ ਤਰ੍ਹਾਂ ਨਸ਼ਿਆਂ ਦੇ ਕੋਹੜ ਦਾ ਸੰਤਾਪ ਘਰ ਦੀ ਔਰਤ ਨੂੰ ਹੰਢਾਉਣਾ ਪੈਂਦਾ ਹੈ।
ਇਸ ਮੌਕੇ ਪਟਿਆਲਾ ਦੇ ਮੇਅਰ ਅਮਰਿੰਦਰ ਸਿੰਘ ਬਜਾਜ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਜੁਆਇੰਟ ਡਾਇਰੈਕਟਰ ਮੈਡਮ ਲਿੱਲੀ ਚੌਧਰੀ, ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਮਾਨ ਤੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮੇਅਰ ਅਮਰਿੰਦਰ ਸਿੰਘ ਬਜਾਜ ਨੇ ਇਸ ਮੌਕੇ ਨਸ਼ਿਆਂ ਕਾਰਨ ਪੈਦਾ ਹੋਏ ਸੰਤਾਪ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਦਰਸ਼ਕਾਂ ਨੂੰ ਇਸ ਕੋਹੜ ਨੂੰ ਜੜ੍ਹੋਂ ਪੁੱਟਣ ਦਾ ਸੱਦਾ ਦਿੱਤਾ। ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਇਸ ਮੌਕੇ ਨਾਟਕਕਾਰ ਅਜਮੇਰ ਔਲਖ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਲਮ ਹਮੇਸ਼ਾ ਸਮਾਜ ਦੀਆਂ ਬੁਰਾਈਆਂ ਨੂੰ ਉਭਾਰਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮਾਣ ਹੈ ਕਿ ਅਜਿਹੀਆਂ ਕਲਮਾਂ ਯੂਨੀਵਰਸਿਟੀ ਨਾਲ ਬਤੌਰ ਫੈਲੋ ਜੁੜੀਆਂ ਹੋਈਆਂ ਹਨ। ਡਾ. ਜਸਪਾਲ ਸਿੰਘ ਨੇ ਨਾਟਕ ਦੀ ਟੀਮ ਦਾ ਸਨਮਾਨ ਵੀ ਕੀਤਾ। ਨਾਟਕ ਮੇਲੇ ਦੀ ਡਾਇਰੈਕਟਰ ਡਾ. ਇੰਦਰਜੀਤ ਕੌਰ ਗੋਲਡੀ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ।

Widgetized Section

Go to Admin » appearance » Widgets » and move a widget into Advertise Widget Zone