ਅਜਨਾਲਾ ਦਾ ਵਿਸ਼ਰਾਮ ਘਰ ਜਿੱਥੇ ਅੱਠ ਵਰ੍ਹਿਆਂ ’ਚ ਕਿਸੇ ਨਾ ਕੀਤਾ ਵਿਸ਼ਰਾਮ

ਬੀਡੀਪੀਓ ਅਜਨਾਲਾ ਦੀ ਰਿਹਾਇਸ਼ ਲਈ ਬਣੀ ਕੋਠੀ ਦੀ ਤਸਵੀਰ। -ਫੋਟੋ: ਸ਼ਰਮਾ

ਪੱਤਰ ਪ੍ਰੇਰਕ
ਅਜਨਾਲਾ, 26 ਅਗਸਤ
ਇਥੋਂ ਦੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿੱਚ ਸਰਕਾਰ ਨੇ ਪੰਚਾਇਤ ਸਮਿਤੀ ਦੇ ਫੰਡ ਵਿੱਚੋਂ 25 ਲੱਖ ਰੁਪਏ ਦੀ ਲਾਗਤ ਨਾਲ 2006 ਵਿੱਚ ਵਿਸ਼ਰਾਮ ਘਰ-ਕਮ-ਬੀਡੀਪੀਓ ਦੀ ਰਿਹਾਇਸ਼ ਲਈ ਇਕ ਇਮਾਰਤ ਉਸਾਰੀ ਸੀ, ਪਰ 8 ਵਰ੍ਹਿਆਂ ਵਿੱਚ ਸ਼ਾਇਦ ਹੀ ਬੀਡੀਪੀਓ ਸਮੇਤ ਹੋਰ ਕਿਸੇ ਉੱਚ ਅਧਿਕਾਰੀ ਨੇ ਇਥੇ ਰਾਤ ਨੂੰ ਵਿਸ਼ਰਾਮ ਕੀਤਾ ਹੋਵੇ। ਮੌਜੂਦਾ ਸਮੇਂ ਇਸ ਇਮਾਰਤ ਨੂੰ ਵਿਹਲੀ ਪਈ ਵੇਖ ਕੇ ਦਫ਼ਤਰ ਦੇ ਹੀ ਇਕ ਦਰਜਾ ਚਾਰ ਕਰਮਚਾਰੀ ਨੇ ਇਥੇ ਆਪਣੀ ਰਿਹਾਇਸ਼ ਰੱਖੀ ਹੋਈ ਹੈ। ਇੰਨਾ ਹੀ ਨਹੀਂ ਗਰਮੀਆਂ ਤੇ ਸਰਦੀਆਂ ਵਿੱਚ ਆਂਢ-ਗੁਆਂਢ ਦੇ ਲੋਕ ਇਥੇ ਛਾਂ ਅਤੇ ਧੁੱਪ ਦਾ ਸੇਕ ਮਾਣਦੇ ਹਨ। ਇਸ ਸਰਕਾਰੀ ਕੋਠੀ ਦੀ ਉੱਚ ਅਧਿਕਾਰੀ ਵੱਲੋਂ ਵਰਤੋਂ ਨਾ ਕੀਤੇ ਜਾਣ ਕਰਕੇ ਇਸ ਇਮਾਰਤ ਦਾ ਬਾਹਰਲਾ ਦਰਵਾਜ਼ਾ ਰਾਤ ਦਿਨ ਖੁੱਲ੍ਹਾ ਰਹਿੰਦਾ ਹੈ ਜਿਸ ਕਰਕੇ ਅਕਸਰ ਲੋਕ ਇਥੇ ਕੱਪੜੇ ਧੋ ਕੇ ਸੁੱਕਣੇ ਪਾਉਂਦੇ ਹਨ।
ਲੱਖਾਂ ਰੁਪਏ ਖਰਚ ਕਰਕੇ ਤਿਆਰ ਕੀਤੀ ਇਸ ਇਮਾਰਤ ’ਚ ਡੇਰਾ ਲਾਈ ਬੈਠੇ ਦਰਜਾ ਚਾਰ ਕਰਮਚਾਰੀ ਦੇ ਪਰਿਵਾਰ ਵੱਲੋਂ ਇਧਰ ਓਧਰ ਜਾਣ ਦੀ ਸੂਰਤ ਵਿੱਚ ਸਮਾਜ ਵਿਰੋਧੀ ਅਨਸਰ ਇਸ ਕੋਠੀ ਦੀ ਵਰਤੋਂ ਕਰਦੇ ਆਮ ਵੇਖੇ ਜਾ ਸਕਦੇ ਹਨ। ਉਧਰ ਬੀਡੀਪੀਓ ਦਫ਼ਤਰ ਵਿੱਚ ਹੀ ਇਮਾਰਤ ਹੋਣ ਦੇ ਬਾਵਜੂਦ ਵੀ ਕਦੇ ਸਵੇਰੇ ਸ਼ਾਮ ਜਾਂ ਦੁਪਹਿਰ ਨੂੰ ਸਬੰਧਤ ਅਧਿਕਾਰੀ ਨੇ ਕੋਠੀ ਅੰਦਰ ਆਰਾਮ ਕਰਨ ਦੀ ਤਕਲੀਫ ਨਹੀਂ ਕੀਤੀ ਜਦੋਂਕਿ ਇਹ ਇਮਾਰਤ ਵਿਸ਼ਰਾਮ ਘਰ ਜਾਂ ਰਿਹਾਇਸ਼ਗਾਹ ਦੇ ਮੰਤਵ ਵਜੋਂ ਹੀ ਉਸਾਰੀ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸਥਾਨਕ ਸ਼ਹਿਰ ਵਿੱਚ ਬਹੁਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਐਸਡੀਐਮ ਅਜਨਾਲਾ ਦੀ ਰਿਹਾਇਸ਼ ਲਈ ਕੋਈ ਕੋਠੀ ਨਹੀਂ, ਪਰ ਜਿਨ੍ਹਾਂ ਵਿਭਾਗਾਂ ਦੇ ਅਫਸਰਾਂ ਕੋਲ ਰਿਹਾਇਸ਼ਗਾਹਾਂ ਮੌਜੂਦ ਵੀ ਹਨ, ਉਹ ਵੀ ਇਥੇ ਰਹਿਣ ਦੀ ਬਜਾਏ 25 ਕਿਲੋਮੀਟਰ ਦੂਰ ਅੰਮ੍ਰਿਤਸਰ ਸ਼ਹਿਰ ਜਾਂ ਆਪਣੇ ਪਿੰਡਾਂ/ਸ਼ਹਿਰਾਂ ਵਿੱਚ ਹੀ ਜਾ ਕੇ ਰਾਤਾਂ ਨੂੰ ਆਰਾਮ ਕਰਨ ਨੂੰ ਤਰਜੀਹ ਦਿੰਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁੱਧੀਜੀਵੀ ਸੈੱਲ ਦੇ ਸੂਬਾ ਚੇਅਰਮੈਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਮੰਨਣਯੋਗ ਹੈ ਕਿ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਸ਼ਹਿਰ ਵਿੱਚ ਰਿਹਾਇਸ਼ ਦੀ ਕਮੀ ਹੈ, ਪਰ ਅਜਨਾਲਾ ਤਹਿਸੀਲ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਹੋਣ ਅਤੇ ਦਰਿਆ ਰਾਵੀ ਕੰਢੇ ਨਾਲ ਲਗਦੀ ਹੋਣ ਕਾਰਨ ਇਥੇ ਅਫਸਰਸ਼ਾਹੀ ਨੂੰ ਹਰ ਸਮੇਂ ਰਹਿਣਾ ਲਾਜ਼ਮੀ ਬਣਦਾ ਹੈ।  ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਜਨਾਲਾ ਸ਼ਹਿਰ ਵਿੱਚ ਸਬੰਧਤ ਅਫਸਰਾਂ ਦੀ ਰਿਹਾਇਸ਼ ਨੂੰ ਯਕੀਨੀ ਬਣਾਏ।

Widgetized Section

Go to Admin » appearance » Widgets » and move a widget into Advertise Widget Zone