ਅਕਾਲੀ-ਭਾਜਪਾ ਸਾਂਝ ਲੀਹ ’ਤੇ ਲਿਆਉਣ ਦਾ ਯਤਨ

sukhbirਚੰਡੀਗੜ੍ਹ, 27 ਅਗਸਤ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਕਾਰ ਪਿਛਲੇ ਸਮੇਂ ਤੋਂ ਵੱਖ-ਵੱਖ ਮੁੱਦਿਆਂ ਉਪਰ ਪੈਦਾ ਹੋ ਰਹੀ ਕੁੜੱਤਣ ਦੂਰ ਕਰਨ ਲਈ ਅੱਜ ਦੋਵਾਂ ਪਾਰਟੀਆਂ ਦੇ ਪ੍ਰਧਾਨਾਂ ਨੇ ਮੀਟਿੰਗ ਕਰਕੇ ਸਾਰੇ ਫੈਸਲਿਆਂ ਦੀ ਸਾਂਝੀ ਜ਼ਿੰਮੇਵਾਰੀ ਲੈਣ ਦੀ ਸਮਝ ਬਣਾਉਣ ਦਾ ਯਤਨ ਕੀਤਾ। ਸੂਤਰਾਂ ਅਨੁਸਾਰ ਇਸ ਮੌਕੇ ਭਾਜਪਾ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਨੇ ਟੈਕਸਾਂ ਵਿਚ ਕੁਝ ਨਰਮੀ ਵਰਤਣ ਦੀ ਸਲਾਹ ਦਿੱਤੀ ਜਦਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਵਿੱਤੀ ਸਥਿਤੀ ਨੂੰ ਮੁੱਖ ਰਖਦਿਆਂ ਟੈਕਸਾਂ ਵਿਚ ਕੋਈ ਵੱਡੀ ਛੋਟ ਦੇਣ ਦੀ ਸੰਭਾਵਨਾ ਨਾ ਹੋਣ ਬਾਰੇ ਦੱਸਿਆ। ਦੋਵਾਂ ਪ੍ਰਧਾਨਾਂ ਨੇ ਗੱਠਜੋੜ ਸਰਕਾਰ ਦੇ ਫੈਸਲਿਆਂ ਅਤੇ ਨੀਤੀਆਂ ਨੂੰ ਉਸੇ ਭਾਵਨਾ ਨਾਲ ਆਪੋ-ਆਪਣੀ ਜ਼ਿੰਮੇਵਾਰੀ ਸਮਝ ਕੇ ਲਾਗੂ ਕਰਨ ਉਪਰ ਵੀ ਜ਼ੋਰ ਦਿੱਤਾ। ਦੋਵਾਂ ਵੱਲੋਂ 28 ਅਗਸਤ ਨੂੰ ਅਕਾਲੀ   ਦਲ ਅਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਹੋਰ ਰਹੀ ਮੀਟਿੰਗ ਤੋਂ ਪਹਿਲਾਂ ਕੀਤੀ ਇਸ ਮੀਟਿੰਗ ਨੂੰ ਬੜੀ ਅਹਿਮੀਅਤ ਦਿੱਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਮੋਗਾ ਤੋਂ ਅਕਾਲੀ ਆਗੂ  ਪੀ.ਐਸ. ਗਿੱਲ ਵੱਲੋਂ ਪਰਸੋਂ ਨਾਟਕੀ ਢੰਗ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਭਾਜਪਾ ’ਚ ਸ਼ਾਮਲ ਹੋਣ ਦੀ ਘਟਨਾ ਦਾ ਅਕਾਲੀ ਦਲ ਨੇ ਬੜਾ ਬੁਰਾ ਮਨਾਇਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਕੱਲ੍ਹ ਜਨਤਕ ਤੌਰ ’ਤੇ ਕਿਹਾ ਸੀ ਕਿ ਗੱਠਜੋੜ ਵਿਚ ਅਜਿਹੀ ਜੋੜ-ਤੋੜ ਬੜਾ ਮਾੜਾ ਰੁਝਾਨ ਹੈ। ਸੂਤਰਾਂ ਅਨੁਸਾਰ ਅੱਜ ਦੀ ਮੀਟਿੰਗ ਵਿੱਚ ਸ੍ਰੀ ਗਿੱਲ ਦੇ ਮੁੱਦੇ ਉਪਰ ਵੀ ਚਰਚਾ ਹੋਈ ਹੈ।

ਸੂਤਰਾਂ ਅਨੁਸਾਰ ਇਸ ਮੀਟਿੰਗ ਵਿਚ ਦੋਵਾਂ ਆਗੂਆਂ ਨੇ ਸਰਕਾਰ ਦੇ ਫੈਸਲਿਆਂ ਉਪਰ ਸਾਂਝੀ ਜ਼ਿਮੇਵਾਰੀ ਨਿਭਾਉਣ ਉਪਰ ਜ਼ੋਰ ਦਿੱਤਾ। ਦਰਅਸਲ ਪਿਛਲੇ ਸਮੇਂ ਭਾਜਪਾ ਦੇ ਕੁਝ ਮੰਤਰੀ ਵੀ ਸਰਕਾਰ ਦੇ ਫੈਸਲਿਆਂ ਉਪਰ ਕਿੰਤੂ-ਪ੍ਰੰਤੂ ਕਰਦੇ ਰਹੇ ਹਨ। ਸੂਤਰਾਂ ਅਨੁਸਾਰ ਇਸ ਮੀਟਿੰਗ ਵਿਚ ਦੋਵਾਂ ਆਗੂਆਂ ਨੇ ਪ੍ਰਾਪਰਟੀ ਟੈਕਸ, ਰੇਤਾ-ਬਜਰੀ, ਵੈਟ ਆਦਿ ਦੇ ਮੁੱਦਿਆਂ ਉਪਰ ਰਾਜ ਦੇ ਵੋਟਰਾਂ ਵਿਚਕਾਰ ਪੈਦਾ ਹੋਈ ਕੁੜੱਤਣ ਨੂੰ ਕੋਈ ਵਿਚਲਾ ਰਸਤਾ ਲੱਭ ਕੇ ਦੂਰ ਕਰਨ ਉਪਰ ਸਹਿਮਤੀ ਬਣਾਈ ਹੈ। ਖਾਸ ਕਰਕੇ ਸ਼ਹਿਰੀ ਆਬਾਦੀ ਵੱਲੋਂ ਆਪਣੇ ਉਪਰ ਟੈਕਸਾਂ ਦੇ ਵਾਧੂ ਬੋਝ ਪੈਣ ਦੇ ਦਿੱਤੇ ਜਾ ਰਹੇ ਪ੍ਰਭਾਵ ਨੂੰ ਦੂਰ ਕਰਨ ਉਪਰ ਵੀ ਦੋਵਾਂ ਨੇ ਸਹਿਮਤੀ ਪ੍ਰਗਟ ਕੀਤੀ। ਪਤਾ ਲੱਗਾ ਹੈ ਕਿ ਕਮਲ ਸ਼ਰਮਾ ਨੇ ਸ੍ਰੀ ਬਾਦਲ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਸਾਂਝੀ ਤਾਲਮੇਲ ਕਮੇਟੀ ਵਿਚ ਸ਼ਾਮਲ ਭਾਜਪਾ ਦੇ ਤਿੰਨ ਮੈਂਬਰਾਂ ਰਾਜਿੰਦਰ ਭੰਡਾਰੀ, ਅਸ਼ਵਨੀ ਸ਼ਰਮਾ ਅਤੇ ਨਰੋਤਮ ਰੱਤੀ ਨਾਲ ਮੀਟਿੰਗ ਕੀਤੀ ਸੀ। ਦੂਸਰੇ ਪਾਸੇ ਪਤਾ ਲੱਗਾ ਹੈ ਕਿ 28 ਅਗਸਤ ਨੂੰ ਤਾਲਮੇਲ ਕਮੇਟੀ ਦੀ ਹੋ ਰਹੀ ਮੀਟਿੰਗ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਤਾਲਮੇਲ ਕਮੇਟੀ ਵਿਚਲੇ ਤਿੰਨ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਕੱਲ੍ਹ ਸਵੇਰੇ ਪਹਿਲਾਂ ਆਪਣੀ ਵੱਖਰੀ ਮੀਟਿੰਗ ਕਰਨਗੇ। ਅਕਾਲੀ-ਭਾਜਪਾ ਸਾਂਝੀ ਤਾਲਮੇਲ ਕਮੇਟੀ ਦੀ 28 ਅਗਸਤ ਨੂੰ ਹੋ ਰਹੀ ਮੀਟਿੰਗ ਵਿੱਚ ਕਈ ਅਹਿਮ ਨੀਤੀ ਫੈਸਲੇ ਲੈਣ ਦੀ ਸੰਭਾਵਨਾ ਹੈ।

Widgetized Section

Go to Admin » appearance » Widgets » and move a widget into Advertise Widget Zone