Last UPDATE: August 26, 2014 at 3:30 am

ਅਕਾਲੀ ਦਲ ਤੇ ਕਾਂਗਰਸ ’ਚ ਮੈਚ ਬਰਾਬਰ

ਤਲਵੰਡੀ ਸਾਬੋ ਤੋਂ ਜ਼ਿਮਨੀ ਚੋਣ ਵੱਡੇ ਫਰਕ ਨਾਲ ਜਿੱਤੇ ਅਕਾਲੀ ਦਲ-ਭਾਜਪਾ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਸਮਰਥਕਾਂ ’ਚ ਖੁਸ਼ ਨਜ਼ਰ ਆਉਂਦੇ ਹੋਏ। 

ਤਲਵੰਡੀ ਸਾਬੋ ਤੋਂ ਜ਼ਿਮਨੀ ਚੋਣ ਵੱਡੇ ਫਰਕ ਨਾਲ ਜਿੱਤੇ ਅਕਾਲੀ ਦਲ-ਭਾਜਪਾ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਸਮਰਥਕਾਂ ’ਚ ਖੁਸ਼ ਨਜ਼ਰ ਆਉਂਦੇ ਹੋਏ। 

ਚੰਡੀਗੜ੍ਹ, 25 ਅਗਸਤ : ਪੰਜਾਬ ਵਿਧਾਨ ਸਭਾ ਦੀਆਂ ਪਟਿਆਲਾ (ਸ਼ਹਿਰੀ) ਤੇ ਤਲਵੰਡੀ ਸਾਬੋ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਰਾਜਸੀ ਵਿਸ਼ਲੇਸ਼ਕਾਂ ਦੀਆਂ ਪੇਸ਼ੀਨਗੋਈਆਂ ਮੁਤਾਬਕ ਹੀ ਰਹੇ। ਪਟਿਆਲਾ ਵਿੱਚ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੇ ਅਕਾਲੀ ਦਲ ਦੇ ਭਗਵਾਨ ਦਾਸ ਜੁਨੇਜਾ ਉਤੇ 23282 ਵੋਟਾਂ ਦੀ ਜਿੱਤ ਪ੍ਰਾਪਤ ਕੀਤੀ ਜਦੋਂਕਿ ਤਲਵੰਡੀ ਸਾਬੋ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਦੇ ਹਰਮਿੰਦਰ ਸਿੰਘ ਜੱਸੀ ਤੋਂ 46 ਹਜ਼ਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਜੇਤੂ ਰਹੇ। ਜਿਥੇ ਸ੍ਰੀਮਤੀ ਪ੍ਰਨੀਤ ਕੌਰ ਦੇ ਇੰਨੇ ਕੁ ਅੰਤਰ ਦੀ ਜਿੱਤ ਦੀ ਉਮੀਦ ਕੀਤੀ ਜਾਂਦੀ ਸੀ, ਉਥੇ ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਦੇ ਅੰਤਰ ਨੂੰ ਬਹੁਤ ਵੱਡਾ ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਟਿਆਲਾ ਸੀਟ ਸੀਨੀਅਰ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਕਾਰਨ ਖਾਲੀ ਹੋਈ ਸੀ ਜਦੋਂਕਿ ਤਲਵੰਡੀ ਸਾਬੋ ਸੀਟ ਜੀਤ ਮਹਿੰਦਰ ਸਿੰਘ ਸਿੱਧੂ ਨੇ ਹੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਜਾਣ ਕਰਕੇ ਖਾਲੀ ਕੀਤੀ ਸੀ। ਦੋਵਾਂ ਹਲਕਿਆਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਕਾਰਗੁਜ਼ਾਰੀ ਬਹੁਤ ਮਾਯੂਸਕੁਨ ਰਹੀ ਅਤੇ ਇਸ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
ਤਲਵੰਡੀ ਸਾਬੋ  (ਜਗਜੀਤ ਸਿੱਧੂ): ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ  ਜ਼ਿਮਨੀ ਚੋਣ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ 29 ਸਾਲ ਬਾਅਦ ਇਸ ਸੀਟ ’ਤੇ ਮੁੜ ਕਾਬਜ਼ ਹੋਇਆ ਹੈ,ਉੱਥੇ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਲਗਾਤਾਰ ਚੌਥੀ ਵਾਰ ਇਸ ਹਲਕੇ ਤੋਂ  ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ ਹੈ। 21 ਅਗਸਤ ਨੂੰ ਹੋਈ ਜ਼ਿਮਨੀ ਚੋਣ ਵਿੱਚ ਕੁੱਲ ਵੋਟ 1,44,316 ਵਿੱਚੋਂ 1,18,690 ਵੋਟਾਂ ਪੋਲਿੰਗ ਹੋਈਆਂ। ਇਨ੍ਹਾਂ ਵਿੱਚੋਂ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ 71747, ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ 25105, ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਜਗਾ ਨੂੰ 13899, ਪੰਜਾਬ ਲੇਬਰ ਪਾਰਟੀ ਦੇ ਮੱਖਣ ਸਿੰਘ ਪ੍ਰੇਮੀ ਨੂੰ 389,ਆਜ਼ਾਦ ਉਮੀਦਵਾਰਾਂ ਵਿੱਚੋਂ ਬਲਕਾਰ ਸਿੱਧੂ ਨੂੰ6305,ਭਾਈ ਭਰਪੂਰ ਸਿੰਘ ਨੂੰ 447 ਅਤੇ ਬਲਵਿੰਦਰ ਸਿੰਘ ਨੂੰ 218 ਵੋਟਾਂ ਮਿਲੀਆਂ। ਕਿਸੇ ਨੂੰ ਵੀ ਵੋਟ ਨਹੀਂ (ਨਾਟੋ) ਬਟਨ ਨੂੰ 580 ਵੋਟਾਂ ਪਈਆਂ। ਜੀਤ ਮਹਿੰਦਰ ਸਿੰਘ ਸਿੱਧੂ ਨੇ ਆਪਣੇ ਨੇੜਲੇ ਵਿਰੋਧੀ ਹਰਮਿੰਦਰ ਸਿੰਘ ਜੱਸੀ ਨੂੰ 46642 ਵੋਟਾਂ ਨਾਲ ਹਰਾਇਆ। ਜੱਸੀ ਨੂੰ ਛੱਡ ਕੇ ਬਾਕੀ ਸਾਰੇ ਹਾਰੇ ਉਮੀਦਵਾਰ ਆਪਣੀਆਂ ਜ਼ਮਾਨਤਾਂ  ਨਹੀਂ ਬਚਾ ਸਕੇ।
ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਜੀਤ ਮੁਹਿੰਦਰ ਸਿੰਘ ਸਿੱਧੂ  ਆਪਣੇ ਸਮਰਥਕਾਂ ਨਾਲ ਗੁਲਾਲ ਖੇਡਦਿਆਂ ਤੇ ਵਧਾਈਆਂ ਕਬੂਲਦਿਆਂ ਇੱਕ ਜਲੂਸ ਦੀ ਸ਼ਕਲ ’ਚ ਖੁੱਲ੍ਹੀ ਗੱਡੀ  ਵਿੱਚ ਸਵਾਰ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਅਤੇ ਨਤਮਸਤਕ ਹੋ ਕੇ ਪ੍ਰਭੂ ਦਾ ਸ਼ੁਕਰਾਨਾ ਕੀਤਾ। ਤਖ਼ਤ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਸਿਰੋਪਾ ਭੇਟ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਾਲੂਕਾ,ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਸਮੇਤ ਵੱਡੀ ਤਾਦਾਦ ਵਿੱਚ ਅਕਾਲੀ-ਭਾਜਪਾ ਵਰਕਰ ਸ਼ਾਮਲ ਸਨ। ਇਸ ਤੋਂ ਬਾਅਦ ਉਨ੍ਹਾਂ ਪ੍ਰਾਚੀਨ ਦੁਰਗਾ ਮੰਦਰ,ਗੁਰਦੁਆਰਾ ਮਸਤੂਆਣਾ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਵਿੱਚ ਮੱਥਾ ਟੇਕਿਆ। ਸ੍ਰੀ ਸਿੱਧੂ ਨੇ ਆਪਣੇ ਜਲੂਸ ਸਮੇਤ ਸਾਰੇ ਸ਼ਹਿਰ ਵਿੱਚ ਜਾ ਕੇ ਲੋਕਾਂ ਦੀਆਂ ਵਧਾਈਆਂ ਕਬੂਲੀਆਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਨਹੀਂ,ਸਗੋਂ ਹਲਕਾ ਤਲਵੰਡੀ ਸਾਬੋ ਦੇ ਵਾਸੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ  ਦੀ  ਲੀਡਰਸ਼ਿਪ ਦੀ ਹੈ।
ਅਕਾਲੀ ਦਲ ਇਸ ਹਲਕੇ ਉਪਰ 29 ਸਾਲ ਬਾਅਦ ਕਾਬਜ਼ ਹੋਇਆ ਹੈ। ਕਿਸੇ ਸਮੇਂ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਅਕਾਲੀਆਂ ਦਾ ਗੜ੍ਹ ਮੰਨੀ ਜਾਂਦੀ ਸੀ। 1985 ਵਿੱਚ ਇੱਥੋਂ ਅਕਾਲੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਜਿੱਤ ਕੇ ਬਰਨਾਲਾ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਬਣੇ।  ਉਸ ਤੋਂ ਬਾਅਦ ਕਦੇ ਵੀ ਅਕਾਲੀ ਉਮੀਦਵਾਰ ਇੱਥੋਂ ਕਾਮਯਾਬ ਨਹੀਂ ਹੋਇਆ ਸੀ। 1992 ਵਿੱਚ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਕਰਕੇ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਜਿੱਤੇ। 1997 ਵਿੱਚ ਅਕਾਲੀ ਦਲ ਵਿੱਚ ਫੁੱਟ ਪੈਣ ਕਰਕੇ ਹਰਮਿੰਦਰ ਸਿੰਘ ਜੱਸੀ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਹਰਾ ਕੇ ਦੂਜੀ ਵਾਰ ਜਿੱਤੇ। 2002 ਵਿੱਚ ਅਕਾਲੀ ਦਲ ਵੱਲੋਂ ਟਿਕਟ ਨਾ ਮਿਲਣ ਕਰਕੇ ਬਾਗੀ ਹੋ ਕੇ ਆਜ਼ਾਦ ਤੌਰ ’ਤੇ ਚੋਣ ਲੜੇ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਅਤੇ ਅਕਾਲੀ ਦਲ ਨੂੰ ਹਰਾ ਕੇ ਜੇਤੂ ਰਹੇ।  2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੀਤ ਮਹਿੰਦਰ ਸਿੰਘ ਸਿੱਧੂ ਇਸ ਹਲਕੇ ਤੋਂ ਲਗਾਤਾਰ ਦੋ ਵਾਰ ਕਾਂਗਰਸ ਦੇ ਉਮੀਦਵਾਰ ਵਜੋਂ ਕਾਮਯਾਬ ਹੋਏ। ਪਿਛਲੇ ਸਾਲ ਦੇ ਅਖ਼ੀਰ ਵਿੱਚ ਜੀਤ ਮਹਿੰਦਰ ਸਿੰਘ ਸਿੱਧੂ  ਕਾਂਗਰਸ ਨੂੰ ਅਲਵਿਦਾ ਕਹਿ ਕੇ  ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਵੱਲੋਂ ਵਿਧਾਇਕੀ ਤੋਂ ਅਸਤੀਫਾ ਦੇਣ ਕਾਰਨ ਇਹ ਸੀਟ ਖਾਲੀ ਹੋ ਗਈ ਸੀ ਜਿਸ ਕਰਕੇ ਇੱਥੇ  ਚੋਣ ਕਰਵਾਉਣ ਦੀ ਲੋੜ ਪਈ। ਜੀਤ ਮਹਿੰਦਰ ਦੇ ਵਿਰੋਧੀਆਂ ਨੇ ਉਨ੍ਹਾਂ ਦੀ ਦਲਬਦਲੀ ਨੂੰ ਮੁੱਖ ਚੋਣ ਮੁੱਦਾ ਬਣਾਇਆ ਸੀ, ਪਰ ਵੋਟਰਾਂ ਨੇ ਅਜਿਹੇ ਪ੍ਰਚਾਰ ਦੀ ਥਾਂ ਆਪਣੇ ਪਰਖੇ ਹੋਏ ਬੰਦੇ ਨੂੰ ਮੁੜ ਨੁਮਾਇੰਦਾ ਚੁਣਨ ਨੂੰ ਤਰਜੀਹ ਦਿੱਤੀ।
ਪਟਿਆਲਾ (ਸਰਬਜੀਤ ਭੰਗੂ): ਪਟਿਆਲਾ (ਸ਼ਹਿਰੀ) ਜ਼ਿਮਨੀ ਚੋਣ  ਵਿੱਚ ਕਾਂਗਰਸ ਨੇ ਇਸ ਸੀਟ ’ਤੇ ਲਗਾਤਾਰ ਚੌਥੀ ਵਾਰ ਕਬਜ਼ਾ ਕਰ ਲਿਆ। ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਅਕਾਲੀ ਦਲ ਦੇ ਭਗਵਾਨ ਦਾਸ ਜੁਨੇਜਾ ਨੂੰ 23282 ਵੋਟਾਂ ਨਾਲ ਹਰਾਇਆ। ਆਮ ਆਦਮੀ ਪਾਰਟੀ ਦੇ ਹਰਜੀਤ ਸਿੰਘ ਅਦਾਲਤੀਵਾਲਾ ਜ਼ਮਾਨਤ ਵੀ ਨਾ ਬਚਾਅ ਸਕੇ। ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਇੱਥੋਂ ਜੇਤੂ ਰਹੇ ਹਨ ਤੇ ਇਹ ਸੀਟ ਉਨ੍ਹਾਂ ਦੇ ਅਸਤੀਫ਼ੇ ਨਾਲ ਹੀ ਖਾਲੀ ਹੋਈ ਸੀ। ਪ੍ਰਨੀਤ ਕੌਰ ਨੂੰ ਇਥੋਂ ਪਹਿਲੀ ਮਹਿਲਾ ਵਿਧਾਇਕ ਬਣਨ ਦਾ ਮਾਣ ਵੀ ਹਾਸਲ ਹੋਇਆ ਹੈ।
ਪਿਛਲੀਆਂ ਅੱਠ ਚੋਣਾਂ ਵਿੱਚੋਂ ਕਾਂਗਰਸ ਦੀ ਇਥੇ ਇਹ ਸੱਤਵੀਂ ਅਤੇ ਹੁਣ ਤੱਕ ਦੀਆਂ ਪੰਦਰਾਂ ਚੋਣਾਂ ਵਿੱਚੋਂ ਦਸਵੀਂ ਜਿੱਤ ਹੈ। ਜ਼ਿਮਨੀ ਚੋਣ ਲਈ ਕੁੱੱਲ ਅੱਠ ਉਮੀਦਵਾਰ ਮੈਦਾਨ ਵਿੱਚ ਸਨ। ਗਿਣਤੀ ਦੌਰਾਨ ਭਾਵੇਂ ਸਾਰੇ ਉਮੀਦਵਾਰ ਹਾਜ਼ਰ ਰਹੇ, ਪਰ ਅਕਾਲੀ ਦਲ ਦੇ ਭਗਵਾਨ ਦਾਸ ਜੁਨੇਜਾ ਦੇ ਸਪੁੱਤਰ ਗੁਰਪਾਲ ਜੁਨੇਜਾ ਦਾ ਕੱਲ੍ਹ ਰਾਤ ਦੇਹਾਂਤ ਹੋ ਜਾਣ ਕਾਰਨ ਉਹ ਗਿਣਤੀ ਕੇਂਦਰ ਵਿੱਚ ਨਾ ਆ ਸਕੇ। ਉਂਜ ਵੀ ਇਸ ਮੌਤ ਕਾਰਨ ਮਾਹੌਲ ਗਮਗੀਨ ਹੀ ਰਿਹਾ। ਜਿੱਤਣ ਤੋਂ ਬਾਅਦ ਕਾਂਗਰਸ ਨੇ ਖੁਸ਼ੀ ਦੇ ਜਸ਼ਨ ਨਾ ਮਨਾਏ। ਨਤੀਜੇ ਦੇ ਐਲਾਨ ਤੋਂ ਤੁਰੰਤ ਪਹਿਲਾਂ ਪ੍ਰਨੀਤ ਕੌਰ ਗਿਣਤੀ ਕੇਂਦਰ ਵਿੱਚੋਂ ਉਠ ਕੇ ਗੁਰਪਾਲ ਜੁਨੇਜਾ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਚਲੇ ਗਏ।
ਇਸ ਜ਼ਿਮਨੀ ਚੋਣ ਲਈ ਇੱੱਥੋਂ ਦੀਆਂ ਕੁੱੱਲ 1,51,461 ਵੋਟਾਂ ਵਿਚੋਂ 89,570 ਵੋਟਾਂ ਪੋਲ ਹੋਈਆਂ ਸਨ। ਪ੍ਰਨੀਤ ਕੌਰ ਨੇ 52967 (59 ਫੀਸਦੀ) ਵੋਟਾਂ ਹਾਸਲ ਕੀਤੀਆਂ। ਭਗਵਾਨ ਦਾਸ ਜੁਨੇਜਾ ਨੂੰ 29685 (33 ਫੀਸਦੀ) ਵੋਟਾਂ ਪਈਆਂ। ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਜੀਤ ਸਿੰਘ ਅਦਾਲਤੀਵਾਲਾ ਨੂੰ ਸਿਰਫ਼ 5624 (ਕਰੀਬ 6 ਫੀਸਦੀ) ਵੋਟਾਂ ਹੀ ਪਈਆਂ ਜਿਸ ਕਰਕੇ ਉਹ ਆਪਣੀ ਜ਼ਮਾਨਤ ਵੀ ਨਾ ਬਚਾਅ ਸਕੇ। ਗਿਣਤੀ ਮੌਕੇ ਸਾਰੇ ਸਾਢੇ 12 ਗੇੜਾਂ ਵਿੱਚੋਂ ਹਰ ਵਾਰ ਕਾਂਗਰਸ ਹੀ ਮੋਹਰੀ ਨਿਕਲਦੀ ਰਹੀ। ਅਕਾਲੀ ਦਲ ਨੂੰ ਕਿਸੇ ਵੀ ਗੇੜ ਵਿੱਚ ਲੀਡ ਨਾ ਮਿਲੀ। ਬਾਕੀ ਉਮੀਦਵਾਰਾਂ ਵਿੱਚੋਂ ਨਿਊ ਆਲ ਇੰਡੀਆ ਕਾਂਗਰਸ ਪਾਰਟੀ ਦੇ ਅਮਰੀਕ ਸਿੰਘ ਨੂੰ 139 ਤੇ ਹਿੰਦੁਸਤਾਨ ਨਿਰਮਾਣ ਦਲ ਦੇ ਰਵੀ ਕਾਂਤ ਨੂੰ 101 ਵੋਟ ਮਿਲੇ। ਆਜ਼ਾਦ ਉਮੀਦਵਾਰਾਂ ਵਿੱਚੋਂ ਬਲਬੀਰ ਸਿੰਘ ਨੂੰ 74,  ਬਲਵਿੰਦਰ ਸਿੰਘ ਨੂੰ 119 ਤੇ ਰਜਿੰਦਰ ਸਿੰਘ ਪਵਾਰ ਨੂੰ 138 ਵੋਟਾਂ ਪਈਆਂ। 623 ਵੋਟਰਾਂ ਨੇ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਾ ਕਰਦਿਆਂ, (ਨੋਟਾ) ਬਟਨ ਦੀ ਵਰਤੋਂ ਕੀਤੀ।

ਜ਼ਿਮਨੀ ਚੋਣਾਂ ਵਿੱਚ ਅਕਾਲੀ ਦਲ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ। ਤਲਵੰਡੀ ਸਾਬੋ ’ਚ ਅਸੀਂ ਰਿਕਾਰਡ ਬਣਾਇਆ। ਅਸੀਂ ਸਹਿਯੋਗ ਲਈ ਵੋਟਰਾਂ ਦੇ ਧੰਨਵਾਦੀ ਹਾਂ।
—ਪ੍ਰਕਾਸ਼ ਸਿੰਘ ਬਾਦਲ

ਪਟਿਆਲਾ ’ਚ ਸਾਡੀ ਜਿੱਤ ਅਗਲੀ ਸਰਕਾਰ ਕਾਂਗਰਸ ਦੀ ਬਣਨ ਵੱਲ ਸਾਡੀ ਪੇਸ਼ਕਦਮੀ ਹੈ। ਤਲਵੰਡੀ ਸਾਬੋ ’ਚ ਅਕਾਲੀ ਨਹੀਂ, ਬੁਰਛਾਗਰਦੀ ਜੇਤੂ ਰਹੀ।
—ਅਮਰਿੰਦਰ ਸਿੰਘ

Widgetized Section

Go to Admin » appearance » Widgets » and move a widget into Advertise Widget Zone