Last UPDATE: November 29, 2017 at 9:26 pm

8 ਕਰੋੜ ਦੀ ਲਾਗਤ ਨਾਲ ਬਹੁ-ਮੰਤਵੀ ਜਿਮਨੇਜ਼ੀਅਮ ਤੇ ਖੇਡ ਕੰਪਲੈਕਸ ਮਾਰਚ 2019 ਤੱਕ ਹੋਵੇਗਾ ਮੁਕੰਮਲ: ਵਿਜੇਇੰਦਰ ਸਿੰਗਲਾ

* ਵਿਧਾਇਕ ਵੱਲੋਂ ਸੰਗਰੂਰ ‘ਚ ਰਾਜ ਪੱਧਰੀ ਤੇ ਕੌਮੀ ਖੇਡ ਸਮਾਗਮਾਂ ਦੇ ਆਯੋਜਨ ਲਈ ਲਿਆ ਸੁਪਨਾ ਸਾਕਾਰ ਹੋਣਾ ਸ਼ੁਰੂ
* ਵਿਧਾਇਕ ਸੰਗਰੂਰ ਵੱਲੋਂ ਰਾਜ ਪੱਧਰੀ 63ਵੀਂ ਪੰਜਾਬ ਸਕੂਲ ਅਥਲੈਟਿਕਸ ਮੀਟ ਦਾ ਰਸਮੀ ਉਦਘਾਟਨ
* ਪੰਜਾਬ ਦੇ 22 ਜ਼ਿਲ੍ਹਿਆਂ ਦੇ 2000 ਤੋਂ ਵੱਧ ਖਿਡਾਰੀ 25 ਖੇਡ ਵੰਨਗੀਆਂ ‘ਚ ਲੈ ਰਹੇ ਨੇ ਹਿੱਸਾ

ਸੰਗਰੂਰ (punjabnewsline) ਪੰਜਾਬ ਸਰਕਾਰ ਵੱਲੋਂ ਰਾਜ ਦੇ ਖਿਡਾਰੀਆਂ ਨੂੰ ਅੰਤਰ-ਰਾਸ਼ਟਰੀ ਮਿਆਰ ਦੀਆਂ ਅਤਿ-ਆਧੁਨਿਕ ਖੇਡ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਮਿਆਰੀ ਕਦਮ ਪੁੱਟੇ ਜਾ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ‘ਚ ਸਾਡੇ ਹੋਣਹਾਰ ਖਿਡਾਰੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਹੋਰ ਵੀ ਉਚੇਰੀਆਂ ਮੱਲਾਂ ਮਾਰਨ ਦੇ ਸਮਰੱਥ ਬਣ ਸਕਣ। ਇਹ ਪ੍ਰਗਟਾਵਾ ਵਿਧਾਇਕ ਸੰਗਰੂਰ ਸ਼੍ਰੀ ਵਿਜੇਇੰਦਰ ਸਿੰਗਲਾ ਨੇ ਵਾਰ ਹੀਰੋਜ਼ ਸਟੇਡੀਅਮ ਵਿਖੇ ਰਾਜ ਪੱਧਰ ਦੀਆਂ 63ਵੀਂ ਪੰਜਾਬ ਸਕੂਲਜ਼ ਅਥਲੈਟਿਕ ਮੀਟ ਦਾ ਰਸਮੀ ਆਗਾਜ਼ ਕਰਦਿਆਂ ਕੀਤਾ। ਸ਼੍ਰੀ ਸਿੰਗਲਾ ਨੇ ਕਿਹਾ ਕਿ ਸੰਗਰੂਰ ਨੂੰ ਖੇਡਾਂ ਦੇ ਖੇਤਰ ‘ਚ ਮੋਹਰੀ ਬਣਾਉਣ ਦਾ ਸੁਪਨਾ ਲੈ ਕੇ ਉਹ ਸਾਲ 2009 ਤੋਂ ਯਤਨਸ਼ੀਲ ਹਨ ਜਿਸ ਤਹਿਤ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਵਾਰ ਹੀਰੋਜ਼ ਸਟੇਡੀਅਮ ਵਿਖੇ ਸਿੰਥੈਟਿਕ ਟਰੈਕ ਬਣਵਾਇਆ ਗਿਆ ਜੋ ਕਿ ਨਾ ਕੇਵਲ ਸੰਗਰੂਰ ਬਲਕਿ ਰਾਜ ਭਰ ਦੇ ਖਿਡਾਰੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਸ਼੍ਰੀ ਸਿੰਗਲਾ ਨੇ ਖੁਸ਼ੀ ਪ੍ਰਗਟਾਈ ਕਿ 2 ਦਸੰਬਰ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਰਾਜ ਦੇ ਸਾਰੇ 22 ਜ਼ਿਲਿਆਂ ਵਿੱਚੋਂ 2000 ਤੋਂ ਵੱਧ ਖਿਡਾਰੀ ਅਥਲੈਟਿਕਸ ਨਾਲ ਸਬੰਧਤ 25 ਵੱਖ-ਵੱਖ ਖੇਡਾਂ ‘ਚ ਹਿੱਸਾ ਲੈਣਗੇ।
ਵਿਧਾਇਕ ਸ਼੍ਰੀ ਸਿੰਗਲਾ ਨੇ ਕਿਹਾ ਕਿ ਭਾਰਤ ਸਰਕਾਰ ਦੀ ਖੇਲੋ ਇੰਡੀਆ ਯੋਜਨਾ ਤਹਿਤ ਸੰਗਰੂਰ ‘ਚ ਬਹੁਮੰਤਵੀ ਜਿਮਨੇਜ਼ੀਅਮ ਹਾਲ ਤੇ ਖੇਡ ਕੰਪਲੈਕਸ ਸਥਾਪਤ ਕਰਨ ਲਈ ਕਰੀਬ 8 ਕਰੋੜ ਰੁਪਏ ਦੀ ਰਾਸ਼ੀ ਮੰਜ਼ੂਰ ਹੋਈ ਹੈ ਅਤੇ ਇਹ ਜਿਮਨੇਜ਼ੀਅਮ ਹਾਲ ਅਤੇ ਖੇਡ ਕੰਪਲੈਕਸ 31 ਮਾਰਚ 2019 ਤੱਕ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਖਿਡਾਰੀਆਂ ਨੂੰ ਅਹਿਮ ਖੇਡ ਸੁਵਿਧਾਵਾਂ ਹਾਸਲ ਹੋ ਸਕਣਗੀਆਂ। ਸ਼੍ਰੀ ਸਿੰਗਲਾ ਨੇ ਕਿਹਾ ਕਿ ਸੰਗਰੂਰ ‘ਚ ਵੱਖ-ਵੱਖ ਰਾਜ ਪੱਧਰੀ ਤੇ ਕੌਮੀ ਖੇਡ ਸਮਾਰੋਹਾਂ ਦੇ ਆਯੋਜਨ ਦਾ ਜੋ ਬੀਜ ਉਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਬੋਇਆ ਹੋਇਆ ਸੀ ਉਸ ‘ਤੇ ਫ਼ਲ ਲੱਗਣਾ ਸ਼ੁਰੂ ਹੋ ਗਿਆ ਹੈ।
ਵਿਧਾਇਕ ਸ਼੍ਰੀ ਸਿੰਗਲਾ ਨੇ ਕਿਹਾ ਕਿ ਖਿਡਾਰੀਆਂ ਨੂੰ ਵੱਡੀਆਂ ਮੱਲਾਂ ਮਾਰ ਕੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਵਿੱਚ ਤਜਰਬੇਕਾਰ ਕੋਚਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਰੂਰ ‘ਚ ਰਾਜ ਪੱਧਰੀ ਖੇਡ ਸਮਾਗਮ ਕਰਵਾਉਣ ਨਾਲ ਜਿਥੇ ਖਿਡਾਰੀਆਂ ਨੂੰ ਹੱਲਾਸ਼ੇਰੀ ਮਿਲੀ ਹੈ ਉਥੇ ਹੀ ਇਥੇ ਖੇਡ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਮਿਆਰੀ ਮੰਚ ਵੀ ਪ੍ਰਾਪਤ ਹੋਇਆ ਹੈ। ਇਸ ਮੌਕੇ ਉਨ੍ਹਾਂ ਝੰਡਾ ਲਹਿਰਾ ਕੇ ਖੇਡਾਂ ਦਾ ਰਸਮੀ ਆਗਾਜ਼ ਕੀਤਾ ਅਤੇ ਵੱਖ-ਵੱਖ ਜ਼ਿਲਿਆਂ ਦੇ ਖਿਡਾਰੀਆਂ ਤੋਂ ਸਲਾਮੀ ਲਈ।IMG-20171130-WA0002
ਉਦਘਾਟਨੀ ਸਮਾਰੋਹ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਹਰਕਵਲਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਇੰਦੂ ਸੀਮਕ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਯੋਗਰਾਜ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Recent Comments

    Categories