ਕਾਂਗਰਸ ਤੇ ਅਕਾਲੀ ਰਹੇ 50-50 ਜ਼ਿਮਨੀ ਚੋਣਾਂ ‘ਚ ਦੋਵਾਂ ਪਾਰਟੀਆਂ ਨੇ ਜਿੱਤੀ 1-1 ਸੀਟ
ਚੰਡੀਗੜ੍ਹ : ਪੰਜਾਬ ‘ਚ ਵਿਧਾਨ ਸਭਾ ਦੀਆਂ ਦੋ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਇਕ-ਇਕ ਸੀਟ ਜਿੱਤ ਕੇ ਬਰਾਬਰ ਰਹੇ। ਲੋਕ ਸਭਾ ਚੋਣਾਂ ‘ਚ ਜਾਦੂ ਵਰਗੀ ਕਾਰਗੁਜ਼ਾਰੀ ਵਿਖਾਉਣ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦੋਵਾਂ ਸੀਟਾਂ ਤੋਂ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਨੂੰ ਐਲਾਨੇ ਗਏ ਨਤੀਜਿਆਂ ਮੁਤਾਬਕ ਤਲਵੰਡੀ ਸਾਬੋ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੀਤ ਮਹਿੰਦਰ ਸਿੰਘ ਸਿੱਧੂ ਤੇ ਪਟਿਆਲਾ ਸੀਟ ਤੋਂ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ। ਪਟਿਆਲਾ ਦੀ ਸੀਟ ਕਾਂਗਰਸ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਅੰਮਿ੍ਰਤਸਰ ਤੋਂ ਲੋਕ ਸਭਾ ਸੀਟ ਤੋਂ ਚੁਣੇ ਜਾਣ ਤੋਂ ਬਾਅਦ ਤੇ ਤਲਵੰਡੀ ਸਾਬੋ ਸੀਟ ਕਾਂਗਰਸੀ ਵਿਧਾਇਕ ਜੀਤ ਮਹਿੰਦਰ ਸਿੱਧੂ ਦੇੇ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਜਾਣ ਕਾਰਨ ਖ਼ਾਲੀ ਹੋਈ ਸੀ। ਇਨ੍ਹਾਂ ਚੋਣਾਂ ‘ਚ ਅਕਾਲੀ ਦਲ ਨੇ ਤਲਵੰਡੀ ਸਾਬੋ ਸੀਟ ਕਾਂਗਰਸ ਤੋਂ ਖੋਹੀ ਹੈ। ਚੋਣਾਂ ਤੋਂ ਪਹਿਲਾਂ ਤਲਵੰਡੀ ਸਾਬੋ ਤੇ ਪਟਿਆਲਾ (ਸ਼ਹਿਰੀ) ਸੀਟ ਕਾਂਗਰਸ ਕੋਲ ਹੀ ਸਨ।
ਚੋਣ ਕਮਿਸ਼ਨ ਦਫ਼ਤਰ ਦੇ ਬੁਲਾਰੇ ਨੇ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਪਟਿਆਲਾ ਵਿਧਾਨ ਸਭਾ ਸੀਟ ਤੋਂ ਪਰਨੀਤ ਕੌਰ ਨੂੰ 52,967 ਵੋਟਾਂ ਮਿਲੀਆਂ, ਜਦਕਿ ਅਕਾਲੀ ਦਲ ਦੇ ਉਮੀਦਵਾਰ ਭਗਵਾਨ ਦਾਸ ਜੁਨੇਜਾ ਨੂੰ 29, 685 ਵੋਟਾਂ ਮਿਲੀਆਂ। ਪਰਨੀਤ
nਬਾਕੀ ਸਫ਼ਾ2 ਕਾਲਮ1 ‘ਤੇ
ਕੌਰ 23, 282 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਆਮ ਆਦਮੀ ਪਾਰਟੀ ਦੇ ਹਰਜੀਤ ਸਿੰਘ ਅਦਾਲਤੀਵਾਲਾ ਨੂੰ 5724 ਵੋਟਾਂ ਹਾਸਲ ਹੋਈਆਂ। ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ। ਪਟਿਆਲਾ ਤੋਂ ਕੁੱਲ ਅੱਠ ਉਮੀਦਵਾਰ ਮੈਦਾਨ ‘ਚ ਸਨ। ਇਨ੍ਹਾਂ ‘ਚੋਂ ਨਿਊ ਆਲ ਇੰਡੀਆ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰੀਕ ਸਿੰਘ ਨੂੰ139 ਵੋਟਾਂ, ਹਿੰਦੁਸਤਾਨ ਨਿਰਮਾਣ ਦਲ ਦੇ ਉਮੀਦਵਾਰ ਰਵੀ ਕਾਂਤ ਨੂੰ 101 ਵੋਟਾਂ, ਆਜ਼ਾਦ ਉਮੀਦਵਾਰ ਬਲਬੀਰ ਸਿੰਘ ਨੂੰ 74, ਬਲਵਿੰਦਰ ਸਿੰਘ ਨੂੰ 119, ਰਜਿੰਦਰ ਸਿੰਘ ਪਵਾਰ ਨੂੰ 138 ਵੋਟਾਂ ਪਈਆਂ ਜਦਕਿ 623 ਵੋਟਰਾਂ ਵੱਲੋਂ ਨੋਟਾ ਬਟਨ ਦੀ ਵਰਤੋਂ ਕੀਤੀ ਗਈ।
ਦੂਜੇ ਪਾਸੇ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਬਣੀ ਤਲਵੰਡੀ ਸਾਬੋ ਹਲਕੇ ਦੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਨੇ ਕਾਂਗਰਸ ਦੇ ਆਪਣੇ ਨਜ਼ਦੀਕੀ ਵਿਰੋਧੀ ਹਰਮਿੰਦਰ ਸਿੰਘ ਜੱਸੀ ਨੂੰ 46,642 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸਿੱਧੂ ਨੂੰ 71,747 ਤੇ ਜੱਸੀ ਨੂੰ 25,105 ਵੋਟਾਂ ਮਿਲੀਆਂ। ਆਪ ਦੀ ਉਮੀਦਵਾਰ ਬਲਜਿੰਦਰ ਕੌਰ ਨੂੰ 13,899 ਵੋਟਾਂ ਮਿਲੀਆਂ। ਆਜ਼ਾਦ ਉਮੀਦਵਾਰ ਬਲਕਾਰ ਸਿੰਘ ਨੂੰ 6,305 ਵੋਟਾਂ ਹੀ ਮਿਲੀਆਂ। ਇÎੱਥੇ ਸੱਤ ਉਮੀਦਵਾਰਾਂ ਨੇ ਆਪਣੀ ਕਿਸਮਤ ਆਜ਼ਮਾਈ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਅਜੇ ਕੁਝ ਰਾਊਂਡ ਹੀ ਹੋਏ ਸਨ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਗਿਣਤੀ ਕੇਂਦਰ ਤੋਂ ਚਲੇ ਗਏ ਸਨ ਜਦੋਂ ਕਿ ਕੁਝ ਦੇਰ ਬਾਅਦ ਆਪ ਉਮੀਦਵਾਰ ਵੀ ਗਿਣਤੀ ਕੇਂਦਰ ਤੋਂ ਚਲੇ ਗਏ। ਪੰਜਾਬ ਲੇਬਰ ਪਾਰਟੀ ਦੇ ਉਮੀਦਵਾਰ ਮੱਖਣ ਸਿੰਘ ਪ੍ਰੇਮੀ ਨੂੰ 389, ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਨੂੰ 218 ਤੇ ਭਾਈ ਭਰਪੂਰ ਸਿੰਘ ਨੂੰ 447 ਵੋਟਾਂ ਹੀ ਮਿਲ ਸਕੀਆਂ।
ਤਲਵੰਡੀ ਸਾਬੋ ਜਿੱਤ ਕੇ ਅਕਾਲੀ ਦਲ ਨੂੰ ਮਿਲਿਆ ਪੂਰਨ ਬਹੁਮਤ
ਇਨ੍ਹਾਂ ਚੋਣ ਨਤੀਜਿਆਂ ਨੇ ਸ਼ੋਮਣੀ ਅਕਾਲੀ ਦਲ ਨੂੰ ਪੂਰਨ ਬਹੁਮਤ ਦੇ ਦਿੱਤਾ ਹੈ। 117 ਮੈਂਬਰੀ ਪੰਜਾਬ ਵਿਧਾਨ ਸਭਾ ‘ਚ ਹੁਕਮਰਾਨ ਅਕਾਲੀ ਦਲ ਦੀਆਂ ਸੀਟਾਂ ਦੀ ਗਿਣਤੀ ‘ਚ ਵਾਧਾ ਹੋ ਕੇ 57 ਹੋ ਗਈ ਹੈ, ਜਦਕਿ ਸਰਕਾਰ ‘ਚ ਅਕਾਲੀ ਦਲ ਦੀ ਭਾਈਵਾਲ ਭਾਜਪਾ ਕੋਲ 12 ਸੀਟਾਂ ਹਨ। ਨਤੀਜਿਆਂ ਤੋਂ ਬਾਅਦ ਅਕਾਲੀ ਦਲ ਨੂੰ ਆਪਣੇ ਦਮ ‘ਤੇ ਸਪਸ਼ਟ ਬਹੁਮਤ ਲਈ ਇਕ ਸੀਟ ਦੀ ਲੋੜ ਸੀ। ਜਿਹੜੀ ਤਲਵੰਡੀ ਸਾਬੋ ਦੀ ਜਿੱਤ ਨਾਲ ਪੂਰੀ ਹੋ ਗਈ ਹੈ। ਕਾਂਗਰਸ ਦੀਆਂ ਸੀਟਾਂ 45 ਰਹਿ ਗਈਆਂ ਹਨ ਅਤੇ ਤਿੰਨ ਆਜ਼ਾਦ ਵਿਧਾਇਕ ਹਨ।
ਪਰਨੀਤ ਕੌਰ ਨੇ ਰੱਦ ਕੀਤੀ ਜੇਤੂ ਰੈਲੀ
ਪਟਿਆਲਾ ਤੋਂ ਅਕਾਲੀ ਉਮੀਦਵਾਰ ਜੁਨੇਜਾ ਦੇ ਬੇਟੇ ਦੀ ਮੌਤ ਦੇ ਬਾਅਦ ਪਰਨੀਤ ਕੌਰ ਨੇ ਆਪਣਾ ਜਿੱਤ ਜਲੂਸ ਮੁਲਤਵੀ ਕਰ ਦਿੱਤਾ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਜੁਨੇਜਾ ਦੇ ਪੁੱਤਰ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ।