Last UPDATE: August 22, 2014 at 8:16 pm

ਡਿਊਟੀ ਦੌਰਾਨ ਦਸਤਾਰ ਬੰਨ੍ਹਣ ‘ਤੇ ਨਹੀਂ ਹੋਵੇਗੀ ਰੋਕ

ਵੈਨਕੂਵਰ : ਨਿਊਯਾਰਕ ‘ਚ ਸਿੱਖਾਂ ‘ਤੇ ਹੋਏ ਨਸਲੀ ਹਮਲਿਆਂ ਤੇ ਸਿੱਖ ਭਾਈਚਾਰੇ ਵੱਲੋਂ ਨਿਊਯਾਰਕ ਪੁਲਸ ਵਿਭਾਗ ਉੱਪਰ ਸਿੱਖਾਂ ਨਾਲ ਨਸਲੀ ਵਿਤਕਰਾ ਕੀਤੇ ਜਾਣ ਦੇ ਗੰਭੀਰ ਦੋਸ਼ ਲਾਏ ਜਾਣ ਤੋਂ ਬਾਅਦ ਅੱਜ ਨਿਊਯਾਰਕ ਦੀ ਸਟੇਟ ਅਸੈਂਬਲੀ ‘ਚ ਨਿਊਯਾਰਕ ਪੁਲਸ ਦਾ ਡਰੈਸ ਕੋਡ ਬਦਲਾਉਣ ਲਈ ਬਿਲ ਪੇਸ਼ ਕਰ ਦਿੱਤਾ ਗਿਆ ਹੈ। ਸੱਤਾਧਾਰੀ ਡੈਮੋਕਰੈਟਿਕ ਪਾਰਟੀ ਦੇ ਕੁਈਨਜ਼ ਹਲਕੇ ਤੋਂ ਵਿਧਾਇਕ ਡੇਵਿਡ ਵਿਪਰਿਨ ਨੇ ਇਹ ਬਿਲ ਪੇਸ਼ ਕਰਦਿਆਂ ਕਿਹਾ ਕਿ ਹਰ ਰੰਗ ਤੇ ਨਸਲ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਅਕੀਦੇ ਤੇ ਪਹਿਰਾਵੇ ਸਣੇ ਪੁਲਸ ਵਿਭਾਗ ਤੇ ਸਰਕਾਰੀ ਨੌਕਰੀ ਦੇ ਹਰ ਖੇਤਰ ‘ਚ ਬਿਨਾ ਕਿਸੇ ਭੇਦਭਾਵ ਤੇ ਰੋਕ ਤੋਂ ਕੰਮ ਕਰਨ ਦੀ ਖੁਲ੍ਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ‘ਚ ਸਿੱਖਾਂ ‘ਤੇ ਨਸਲੀ ਹਮਲੇ ਚਿੰਤਾ ਦਾ ਵਿਸ਼ਾ ਹਨ ਜਦ ਕਿ ਸਿੱਖ ਭਾਈਚਾਰੇ ਵੱਲੋਂ ਉਠਾਏ ਇਤਰਾਜ਼ ਗੰਭੀਰ ਹਨ। ਪਿਛਲੇ ਹਫ਼ਤੇ ਨਿਊਯਾਰਕ ‘ਚ ਸਿੱਖ ਕੋਲੀਸ਼ਨ ਸੰਸਥਾ ਦੇ ਹੈਡਕੁਆਰਟਰ ਵਿਖੇ ਬੁਲਾਏ ਇਕ ਪੱਤਰਕਾਰ ਸੰਮੇਲਨ ‘ਚ ਨਸਲੀ ਹਮਲਿਆਂ ਦੇ ਪੀੜਤਾਂ ਤੇ ਕੋਲੀਸ਼ਨ ਨਿਊਯਾਰਕ ਪੁਲਸ ਵਿਰੁੱਧ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਪੁਲਸ ‘ਤੇ ਨਸਲੀ ਪੱਖਪਾਤ ਦਾ ਇਲਜ਼ਾਮ ਲਗਾਇਆ ਸੀ। ਪੀੜਤ ਸਿੱਖਾਂ ‘ਚੋਂ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋ. ਪ੍ਰਭਜੋਤ ਸਿੰਘ, ਡਾ. ਜਸਪ੍ਰੀਤ ਸਿੰਘ ਬਤਰਾ ਤੇ ਸਿੱਖ ਕੋਲੀਸ਼ਨ ਦੇ ਲਾਅ ਪਾਲਸੀ ਡਾਇਰੈਕਟਰ ਰਾਜਦੀਪਰ ਸਿੰਘ ਨੇ ਕਿਹਾ ਸੀ ਕਿ ਜੇ ਨਿਊਯਾਰਕ ਪੁਲਸ ‘ਚ ਸਿੱਖ ਅਫਸਰਾਂ ਨਫਰੀ ਹੋਵੇ ਤਾਂ ਨਸਲੀ ਹਮਲਿਆਂ ਨੂੰ ਠੱਲ ਪਾਉਣ ਲਈ ਲਾਹੇਵੰਦ ਸਿੱਧ ਹੋ ਸਕਦੀ ਹੈ ਪਰ ਪੁਲਸ ਮਹਿਕਮੇ ਨੇ ਦਸਤਾਰ ਕਾਰਨ ਸਿੱਖਾਂ ਦਾ ਪੁਲਸ ‘ਚ ਦਾਖਲਾ ਰੋਕਿਆ ਹੈ। ਸਿੱਖ ਨੇਤਾਵਾਂ ਨੇ ਸ਼ਹਿਰ ਦੇ ਮੇਅਰ ਨਾਲ ਮੁਲਾਕਾਤ ਕਰ ਕੇ ਨਿਊਯਾਰਕ ਪੁਲਸ ਦੇ ਰਵੱਈਏ ‘ਤੇ ਨਿਰਾਸ਼ਾ ਪ੍ਰਗਟ ਕੀਤੀ ਸੀ ਤੇ ਇੱਥੋਂ ਤਕ ਕਹਿ ਦਿੱਤਾ ਸੀ ਕਿ ਸਿੱਖਾਂ ਨੂੰ ਨਿਊਯਾਰਕ ਪੁਲਸ ਤੋਂ ਇਨਸਾਫ ਦੀ ਉਮੀਦ ਨਹੀਂ।

ਨਿਊਯਾਰਕ ਸਟੇਟ ਅਸੰਬਲੀ ‘ਚ ਇਸ ਸਾਲ ਜਨਵਰੀ ਮਹੀਨੇ ਨਸਲੀ ਤੇ ਰੁਜ਼ਗਾਰ ਬਰਾਬਰਤਾ ਬਿਲ ਏ-864 ਵਿਧਾਇਕ ਡੇਵਿਡ ਵਿਪਰਿਨ ਤੇ ਫਰੈਸ਼ ਮਿਡੋਵਸ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਡੈਮੋਕਰੈਟਿਕ ਪੈਨੇਵਰ ਜੇਮਸ ਸੈਡਰਸ ਵੱਲੋਂ ਤਾਈਦ ਕੀਤੇ ਜਾਣ ਪਿੱਛੋਂ ਅਸੈਂਬਲੀ ਨੇ ਇਕ ਦੇ ਮੁਕਾਬਲੇ 112 ਵੋਟਾਂ ਨਾਲ ਪਾਸ ਕਰ ਦਿੱਤਾ ਸੀ। ਇਸ ਨਾਲ ਹਰ ਧਰਮਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਪਹਿਰਾਵੇ ਅਨੁਸਾਰ ਸਰਕਾਰੀ ਕੰਮ ‘ਤੇ ਕੰਮ ਕਰਨ ਦੀ ਖੁਲ੍ਹ ਮਿਲ ਗਈ ਸੀ ਪਰ ਨਿਊਯਾਰਕ ਪੁਲਸ ਨੇ ਸਿੱਖਾਂ ਲਈ ਪੁਲਸ ‘ਚ ਭਰਤੀ ਹੋਣ ਦਾ ਰਾਹ ਤਾਂ ਖੋਲ੍ਹ ਦਿੱਤਾ ਸੀ ਪਰ ਦਸਤਾਰ ਕਾਰਨ ਉਨ੍ਹਾਂ ਨੂੰ ਕਿਸੇ ਐਕਟਿਵ ਡਿਊਟੀ ਦੀ ਥਾਂ ਟਰੈਫਿਕ ਜਾਂ ਕਲਰਕ ਵਾਲੀਆਂ ਥਾਵਾਂ ‘ਤੇ ਹੀ ਤਾਇਨਾਤ ਕਰਨ ਦੀ ਨੀਤੀ ਬਣਾਈ ਗਈ ਸੀ ਪਰ ਅੱਜ ਪੇਸ਼ ਕੀਤੇ ਬਿਲ ਸਿੱਖਾਂ ਨੂੰ ਉਨ੍ਹਾਂ ਦੀ ਦਸਤਾਰ ਸਣੇ ਹਰ ਡਿਊਟੀ ‘ਤੇ ਤਾਇਨਾਤ ਹੋਣ ਦੀ ਖੁਲ੍ਹ ਦੇਵੇਗਾ।

ਦਸਤਾਰ ਦੇ ਮੁੱਦੇ ਨੂੰ ਲੈ ਕੇ ਨਿਊਯਾਰਕ ਦੇ ਸਿੱਖਾਂ ਦੀ ਸਥਾਨਕ ਪੁਲਸ ਵਿਭਾਗ ਨਾਲ ਪਿਛਲੇ ਇਕ ਦਹਾਕੇ ਤੋਂ ਕਾਨੂੰਨੀ ਜੰਗ ਚੱਲੀ ਆ ਰਹੀ ਹੈ। ਦਸਤਾਰ ਕਾਰਨ ਨੌਕਰੀ ਤੋਂ ਹਟਾਏ ਗਏ ਪੁਲਸ ਦੇ ਸਿੱਖ ਅਫਸਰ ਜਸਜੀਤ ਸਿੰਘ ਤੇ ਅਮਰੀਕ ਸਿੰਘ ਰਾਠੌੜ 2004 ‘ਚ ਮਹਿਕਮੇ ਵਿਰੁੱਧ ਦਸਤਾਰ ਦੀ ਜੰਗ ਜਿੱਤ ਗਏ ਸਨ ਪਰ ਦੋਵਾਂ ਨੂੰ ਨੌਕਰੀ ‘ਤੇ ਬਹਾਲ ਕਰਨ ਪਿੱਛੋਂ ਐਕਟਿਵ ਡਿਊਟੀ ਤੋਂ ਲਾਂਭੇ ਕਰ ਦਿੱਤਾ ਸੀ। ਬਾਅਦ ‘ਚ ਦੋਵੇਂ ਆਪ ਹੀ ਨੌਕਰੀ ਛੱਡ ਗਏ ਸਨ। ਦੋ ਸਾਲ ਪਹਿਲਾਂ ਓਕਕਰੀਕ ਗੁਰਦੁਆਰਾ ਗੋਲੀਕਾਂਡ ਪਿੱਛੋਂ ਨਿਊਯਾਰਕ ਦੀ ਸਿਟੀ ਕੌਂਸਲ ਨੇ ਕਾਨੂੰਨ ਪਾਸ ਕਰ ਕੇ ਸਿੱਖਾਂ ਨੂੰ ਦਸਤਾਰ ਸਣੇ ਸਰਕਾਰੀ ਨੌਕਰੀਆਂ ਉੱਪਰ ਕੰਮ ਕਰਨ ਲਈ ਰਾਹ ਪਧਰਾ ਕਰ ਦਿੱਤਾ ਸੀ ਪਰ ਨਿਊਯਾਰਕ ਪੁਲਸ ਨੇ ਕਾਨੂੰਨੀ ਦਾਅ ਪੇਚਾਂ ਨਾਲ ਪਰਨਾਲਾ ਉੱਥੇ ਦਾ ਉੱਥੇ ਹੀ ਸੀ।

ਸਿੱਖ ਕੋਲੀਸ਼ਨ ਦੀ ਇਕ ਰਿਪੋਰਟ ਮੁਤਾਬਕ ਸਤੰਬਰ 11 ਦੇ ਅੱਤਵਾਦੀ ਹਮਲੇ ਪਿੱਛੋਂ ਨਸਲੀ ਹਮਲਿਆਂ ਦਾ ਸ਼ਿਕਾਰ ਸਿੱਖ ਤੇ ਮੁਸਲਮਾਨ ਹੋਏ ਸਨ। ਨਿਊਯਾਰਕ ਤੇ ਕੈਲੀਫੋਰਨੀਆ ਦੇ ਸਿੱਖਾਂ ਉੱਪਰ ਨਸਲੀ ਹਮਲਿਆਂ ਦਾ ਕੇਂਦਰ ਬਿੰਦੂ ਰਹੇ ਹਨ। ਰਿਪੋਰਟ ਮੁਤਾਬਕ, ਨਿਊਯਾਰਕ ਦੇ ਸਕੂਲਾਂ ‘ਚ ਪੜ੍ਹਦੇ 60 ਫ਼ੀਸਦੀ ਸਕੂਲੀ ਬੱਚੇ ਨਸਲੀ ਹਮਲਿਆਂ ਦਾ ਸ਼ਿਕਾਰ ਹੋਏ, ਜਿਨ੍ਹਾਂ ‘ਚੋਂ 10 ਫ਼ੀਸਦੀ ਹਿੰਸਾ ਦਾ ਸ਼ਿਕਾਰ ਹੋਏ ਜਦਕਿ ਨਿਊਯਾਰਕ ਦੇ 9 ਫ਼ੀਸਦੀ ਸਿੱਖ ਨਸਲੀ ਹਿੰਸਾ ਹੰਢਾ ਚੁੱਕੇ ਹਨ।

ਨਿਊਯਾਰਕ ਸਟੇਟ ਅਸੈਂਬਲੀ ਵੱਲੋਂ ਬਿਲ ਪਾਸ ਕੀਤੇ ਜਾਣ ਤੋਂ ਬਾਅਦ ਪੁਲਸ ਵਿਭਾਗ ‘ਚ ਸਿੱਖ ਅਫਸਰਾਂ ਦੀ ਗਿਣਤੀ ਅਜਿਹੇ ਨਸਲੀ ਹਮਲਿਆਂ ਨੂੰ ਠੱਲ ਪਾਉਣ ‘ਚ ਸਹਾਈ ਹੋਵੇਗੀ, ਅਜਿਹੀ ਸਿੱਖ ਭਾਈਚਾਰੇ ਵੱਲੋਂ ਆਸ ਪ੍ਰਗਟਾਈ ਜਾ ਰਹੀ ਹੈ।

Widgetized Section

Go to Admin » appearance » Widgets » and move a widget into Advertise Widget Zone