ਕਾਰਖ਼ਾਨੇ ‘ਚ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ

ਲੁਧਿਆਣਾ : ਸ਼ਿਵਪੁਰੀ ਇਲਾਕੇ ‘ਚ ਇਕ ਕੀਰਤਵੀਰ ਹੌਜ਼ਰੀ ਕਾਰਖ਼ਾਨੇ ‘ਚ ਅੱਗ ਲੱਗਣ ਨਾਲ ਤਿੰਨ ਮਜ਼ਦੂਰਾਂ ਦੀ ਸਾਹ ਘੁੱਟੇ ਜਾਣ ਕਾਰਨ ਮੌਤ ਹੋ ਗਈ। ਕਾਰਖ਼ਾਨੇ ਦਾ ਮਾਲਕ ਸਵੇਰੇ ਤਿੰਨਾਂ ਮਜ਼ਦੂਰਾਂ ਨੂੰ ਫੈਕਟਰੀ ਅੰਦਰ ਭੇਜਣ ਪਿੱਛੋਂ ਬਾਹਰੋਂ ਤਾਲਾ ਲਾ ਕੇ ਘਰ ਚਲੇ ਗਿਆ ਸੀ। ਇਲਾਕਾ ਨਿਵਾਸੀਆਂ ਨੇ ਤੁਰੰਤ ਕਾਰਖ਼ਾਨੇ ਦਾ ਤਾਲਾ ਤੋੜਿਆ ਅਤੇ ਇਸ ਦੀ ਸੂਚਨਾ ਪੁਲਸ ਤੇ ਅੱਗ ਬੁਝਾਊ ਅਮਲੇ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਅਮਲੇ ਦੀਆਂ ਛੇ ਗੱਡੀਆਂ ਮੌਕੇ ‘ਤੇ ਪੁੱਜ ਗਈਆਂ। ਦੋ ਘੰਟੇ ਦੀ ਜਦੋ-ਜਹਿਦ ਪਿੱਛੋਂ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਲਾਸ਼ਾਂ ਕਾਰਖ਼ਾਨੇ ਦੀ ਪਹਿਲੀ ਮੰਜ਼ਿਲ ਦੀਆਂ ਪੌੜੀਆਂ ਵਿਚ ਪਈਆਂ ਸਨ। ਪੁਲਸ ਨੇ ਤਿੰਨਾਂ ਮਜ਼ਦੂਰਾਂ ਦੀਆਂ ਲਾਸ਼ਾਂ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ ਹਨ। ਸਮਿਝਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਨਿਕਲੇ ਬਿਜਲੀ ਦੇ ਚੰਗਿਆੜਿਆਂ ਕਾਰਨ ਲੱਗੀ। ਥਾਣਾ

ਸਲੇਮ ਟਾਬਰੀ ਪੁਲਸ ਨੇ ਕਾਰਖ਼ਾਨੇ ਦੇ ਮਾਲਕ ਉਪਕਾਰ ਨਗਰ ਨਿਵਾਸੀ ਸੁਰਿੰਦਰ ਸਿੰਘ ਸੇਠੀ ਖ਼ਿਲਾਫ਼ ਗ਼ੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰਕੇ ਗਿ੍ਰਫ਼ਤਾਰ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ। ਸ਼ਿਵਪੁਰੀ ਸਥਿਤ ਕੀਰਤਵੀਰ ਫੈਕਟਰੀ ਦਾ ਮਾਲਕ ਸੁਰਿੰਦਰ ਸਿੰਘ ਸੋਮਵਾਰ ਸਵੇਰੇ ਸੱਤ ਵਜੇ ਫੈਕਟਰੀ ‘ਚ ‘ਸ਼ਿਫਟ ਚੇਂਜ’ ਕਰਨ ਲਈ ਕਾਰਝਾਨੇ ਪੁੱਜਾ। ਇਸ ਦੌਰਾਨ ਘੁਮਿਆਰ ਮੰਡੀ ਨਿਵਾਸੀ ਸੂਰਜ, ਕਾਲੀ ਸੜਕ ਨਿਵਾਸੀ ਸੁੰਦਰ ਅਤੇ ਸ਼ਿਵਪੁਰੀ ਨਿਵਾਸੀ ਰਾਜੂ ਨੂੰ ਕਾਰਖ਼ਾਨੇ ‘ਚ ਕੰਮ ਕਰਨ ਲਈ ਅੰਦਰ ਭੇਜ ਦਿੱਤਾ ਅਤੇ ਬਾਹਰੋਂ ਤਾਲਾ ਲਾ ਦਿੱਤਾ। ਕਰੀਬ ਅੱਧੇ ਘੰਟੇ ਪਿੱਛੋਂ ਅਚਾਨਕ ਕਾਰਖ਼ਾਨੇ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਇਲਾਕੇ ਵਾਲਿਆਂ ਨੇ ਤੁਰੰਤ ਇਕੱਠੇ ਹੋ ਕੇ ਕਾਰਖ਼ਾਨੇ ਦਾ ਦਰਵਾਜ਼ਾ ਤੋੜਿਆ ਤੇ ਵੇਖਿਆ ਕਿ ਅੰਦਰ ਭਿਅੰਕਰ ਅੱਗ ਲੱਗੀ ਹੋਈ ਸੀ। ਇਸ ਦੌਰਾਨ ਅੱਗ ਬੁਝਾਊ ਅਮਲੇ ਦੀਆਂ ਛੇ ਗੱਡੀਆਂ ਮੌਕੇ ‘ਤੇ ਪੁੱਜੀਆਂ ਤੇ ਦੋ ਘੰਟੇ ਦੀ ਸਖ਼ਤ ਮਿਹਨਤ ਪਿੱਛੋਂ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਇਸ ਦੌਰਾਨ ਤਿੰਨਾਂ ਮਜ਼ਦੂਰਾਂ ਦੀਆਂ ਲਾਸ਼ਾਂ ਪੌੜੀਆਂ ਵਿਚ ਪਈਆਂ ਮਿਲੀਆਂ।

———–

ਬਾਹਰ ਨਿਕਲਣ ਦਾ ਰਾਹ ਨਾ ਮਿਲਣ ਕਾਰਨ ਹੋਈ ਤਿੰਨਾਂ ਦੀ ਮੌਤ

ਕਾਰਖ਼ਾਨੇ ਦੇ ਮਾਲਕ ਸੁਰਿੰਦਰ ਸਿੰਘ ਨੇ ਕਾਰਖ਼ਾਨੇ ਦੀਆਂ ਪੌੜੀਆਂ ਤੇ ਦਰਵਾਜ਼ੇ ‘ਤੇ ਤਾਲਾ ਲਾਇਆ ਹੋਇਆ ਸੀ। ਜਦੋਂ ਕਾਰਖ਼ਾਨੇ ਵਿਚ ਅੱਗ ਲੱਗੀ ਤਾਂ ਤਿੰਨਾਂ ਮਜ਼ਦੂਰਾਂ ਨੇ ਪੌੜੀਆਂ ਵੱਲ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸਿਸ਼ ਕੀਤੀ ਪਰ ਬੂਹੇ ਨੂੰ ਤਾਲਾ ਲੱਗਾ ਹੋਣ ਕਾਰਨ ਉਹ ਕਾਰਖ਼ਾਨੇ ਵਿਚੋਂ ਬਾਹਰ ਨਹੀਂ ਨਿਕਲ ਸਕੇ ਅਤੇ ਝੁਲਸਣ ਤੇ ਸਾਹ ਘੁੱਟੇ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਫੈਕਟਰੀ ਮੁਲਾਜ਼ਮਾਂ ਨੇ ਅੱਗ ਲੱਗਣ ਤੋਂ ਤੁਰੰਤ ਬਾਅਦ ਫੈਕਟਰੀ ਮਾਲਕ ਨੂੰ ਫੋਨ ਕੀਤਾ ਪਰ ਘਰ ਦੂਰ ਹੋਣ ਕਾਰਨ ਉਹ ਤੁਰੰਤ ਮੌਕੇ ‘ਤੇ ਨਾ ਪੁੱਜ ਸਕਿਆ ਤੇ ਜਦੋਂ ਉਹ ਪੁੱਜਾ ਉਦੋਂ ਤਕ ਤਿੰਨਾਂ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ।

Widgetized Section

Go to Admin » appearance » Widgets » and move a widget into Advertise Widget Zone