Last UPDATE: August 23, 2014 at 8:16 pm

ਇਟਲੀ ਦੇ ਕਿਸ਼ਤੀ ਹਾਦਸੇ ‘ਚ ਲਾਪਤਾ ਨੌਜਵਾਨਾਂ ਦੇ ਪਰਿਵਾਰਾਂ ਦੀ ਚਿੰਤਾ ਵਧੀ

ਭੋਗਪੁਰ : ਬੀਤੇ ਦਿਨੀਂ ਵਾਪਰੇ ਕਿਸ਼ਤੀ ਹਾਦਸੇ ‘ਚ ਸੱਤ ਪੰਜਾਬੀਆਂ ਸਮੇਤ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ। ਲਾਪਤਾ ਨੌਜਵਾਨਾਂ ਦੇ ਪਰਿਵਾਰ ਉਨ੍ਹਾਂ ਬਾਰੇ ਕੁਝ ਵੀ ਪਤਾ ਨਾ ਲੱਗ ਸਕਣ ਕਾਰਨ ਬੇਹੱਦ ਪ੍ਰੇਸ਼ਾਨ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਪੁਲਸ ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਸੈਦੋਵਾਲ ਕਲਾਂ ਦਾ ਇਕ ਨੌਜਵਾਨ ਵੀ ਲਾਪਤਾ ਲੋਕਾਂ ‘ਚ ਸ਼ਾਮਲ ਹੈ। ਪੱਤਰਕਾਰ ਜਦ ਘਟਨਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਗੁਰਪਾਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰ ਪੁੱਜੇ ਤਾਂ ਘਰ ‘ਚ ਚਿੰਤਾ ਅਤੇ ਖਾਮੋਸ਼ੀ ਪੱਸਰੀ ਹੋਈ ਸੀ। ਸਾਰਿਆਂ ਦੇ ਚਿਹਰਿਆਂ ‘ਤੇ ਆਪਣੇ ਬੱਚਿਆਂ ਲਈ ਚਿੰਤਾ ਅਤੇ ਮਨਾਂ ‘ਚ ਉਨ੍ਹਾਂ ਦੇ ਸਹੀ-ਸਲਾਮਤ ਹੋਣ ਲਈ ਇਕ ਦੁਆ ਸੀ। ਲਾਪਤਾ ਨੌਜਵਾਨ ਗੁਰਪਾਲ ਦੀ ਮਾਤਾ ਜਸਵਿੰਦਰ ਕੌਰ, ਪਤਨੀ ਸਿਮਰਜੀਤ ਕੌਰ, ਪਿਤਾ ਜਗੀਰ ਸਿੰਘ ਅਤੇ ਇਕ ਹੋਰ ਪਰਿਵਾਰਕ ਮੈਂਬਰ ਨਰਿੰਦਰ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਦਾਬਾਂਵਾਲੀ ਦੇ ਇਕ ਪਰਿਵਾਰ ਨੇ ਉਨ੍ਹਾਂ ਨੂੰ ਗੁਰਪਾਲ ਸਿੰਘ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਦਿੱਤੀ। ਪਰਿਵਾਰ ਨੇ ਦੱਸਿਆ ਕਿ ਗੁਰਪਾਲ ਡੇਢ ਸਾਲ ਪਹਿਲਾਂ ਲੀਬੀਆ ਗਿਆ ਸੀ। 16 ਅਗਸਤ ਨੂੰ ਰਾਤ ਦੋ ਵਜੇ ਉਹ ਇਟਲੀ ਜਾਣ ਲਈ 110 ਨੌਜਵਾਨਾਂ ਨਾਲ ਰਵਾਨਾ ਹੋਇਆ। ਅੱਠ ਘੰਟੇ ਦੇ ਸਫ਼ਰ ਬਾਅਦ ਅਚਾਨਕ ਕਿਸ਼ਤੀ ਡੁੱਬ ਗਈ। ਕੁਝ ਲੋਕਾਂ ਨੂੰ ਜਲ ਸੈਨਾ ਨੇ ਬਚਾਅ ਲਿਆ ਤੇ

ਬਾਕੀਆਂ ਦੀ ਲਗਾਤਾਰ ਭਾਲ ਕੀਤੀ ਜਾਂਦੀ ਰਹੀ। ਹਾਦਸੇ ‘ਚੋਂ ਬਚੇ ਇਕ ਨੌਜਵਾਨ ਦੇ ਹਵਾਲੇ ਨਾਲ ਪਰਿਵਾਰ ਨੇ ਦੱਸਿਆ ਕਿ ਚਾਰ ਪੰਜਾਬੀ ਨੌਜਵਾਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ। ਹਾਦਸੇ ‘ਚੋਂ ਬਚੇ ਨੌਜਵਾਨ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਕਿਸ਼ਤੀ ‘ਚ ਪਏ ਪੈਟਰੋਲ ਅਤੇ ਦੂਸਰੇ ਕੈਮੀਕਲਜ਼ ਕਾਰਨ ਇਸ ਦੀ ਹਾਲਤ ਕਾਫੀ ਖ਼ਰਾਬ ਸੀ। ਮੁਸਾਫਿਰਾਂ ਕੋਲ ਰਸਤੇ ‘ਚ ਪੀਣ ਲਈ ਪਾਣੀ ਵੀ ਨਹੀਂ ਸੀ।

ਇਸੇ ਤਰ੍ਹਾਂ ਬਲਾਕ ਭੋਗਪੁਰ ਦੇ ਪਿੰਡ ਸਨੋਰਾ ਦੇ ਲਾਪਤਾ ਹੋਏ ਨੌਜਵਾਨਾਂ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਰਵਿੰਦਰ ਸਿੰਘ ਉਰਫ ਰਵੀ ਪੁੱਤਰ ਜਗਦੀਸ਼ ਲਾਲ ਬਾਰੇ ਪਤਾ ਲੈਣ ਤੇ ਪੀੜਤ ਪਰਿਵਾਰਾਂ ਨੂੰ ਹੌਸਲਾ ਦੇਣ ਲਈ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿਚ ਬਲਾਕ ਭੋਗਪੁਰ ਦੇ ਅਕਾਲੀ ਨੇਤਾ ਪਿੰਡ ਸਨੌਰਾ ਪੁੱਜੇ। ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਟੀਨੂੰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਮੈਂਬਰ ਪਾਰਲੀਮੈਂਟ ਨਰੇਸ਼ ਗੁਜਰਾਲ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲ ਕਰਕੇ ਇਟਲੀ ਸਰਕਾਰ ਤੇ ਇਟਲੀ ‘ਚ ਭਾਰਤੀ ਦੂਤਘਰ ਨਾਲ ਸੰਪਰਕ ਕਰਕੇ ਲਾਪਤਾ ਭਾਰਤੀ ਨੌਜਵਾਨਾਂ ਦੀ ਭਾਲ ਕਰਵਾਏ ਜਾਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਹਰਵਿੰਦਰਜੀਤ ਸਿੰਘ ਸਿੱਧੂ, ਸੁਖਜੀਤ ਸਿੰਘ ਸੈਣੀ, ਮੰਜੂ ਅਗਰਵਾਲ, ਸੰਜੀਵ ਅਗਰਵਾਲ, ਬਿੱਲਾ ਬੜਚੂਹੀ, ਸੁਰਜੀਤ ਸਿੰਘ ਗਾਖਲ, ਜਗਜੀਤ ਸਿੰਘ ਗੋਲਡੀ, ਜਥੇਦਾਰ ਸਰੂਪ ਸਿੰਘ ਪਤਿਆਲ, ਵਰਿੰਦਰ ਚੋਪੜਾ ਵੀ ਹਾਜ਼ਰ ਸਨ।

Widgetized Section

Go to Admin » appearance » Widgets » and move a widget into Advertise Widget Zone