Last UPDATE: August 28, 2014 at 7:36 pm

ਮੋਦੀ ਨੇ ਕੀਤਾ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਸ਼ੁਭ ਆਰੰਭ ਇਕ ਦਿਨ ‘ਚ ਖੁੱਲ੍ਹੇ ਡੇਢ ਕਰੋੜ ਖਾਤੇ

ਨਵੀਂ ਦਿੱਲੀ : ਦੇਸ਼ ਵਿਚ ਫੈਲੀ ਵਿੱਤੀ ਛੂਤਛਾਤ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐਮਜੇਡੀਵਾਈ) ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਦੁਨੀਆਂ ਦੀ ਸਭ ਤੋਂ ਵੱਡੀ ਬੈਂਕਿੰਗ ਮੁਹਿੰਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇਸ ਯੋਜਨਾ ਦਾ ਆਗਾਜ਼ ਕਰਦਿਆਂ ਕਿਹਾ ਕਿ ਦੇਸ਼ ਨੂੰ ਗ਼ਰੀਬੀ ਤੋਂ ਮੁਕਤੀ ਦਿਵਾਉਣ ਲਈ ਆਰਥਿਕ ਛੂਤਛੂਾਤ ਮਿਟਾਉਣੀ ਜ਼ਰੂਰੀ ਹੈ। ਗ਼ਰੀਬਾਂ ਨੂੰ ਸਾਹੂਕਾਰਾਂ ਦੇ ਚੁੰਗਲ ‘ਚੋਂ ਬਾਹਰ ਕੱਢਣ ਲਈ ਹਰ ਪਰਿਵਾਰ ‘ਚ ਇਕ ਬੈਂਕ ਖਾਤੇ ਨਾਲ ਉਨ੍ਹਾਂ ਨੂੰ ਬੈਂਕਿੰਗ ਤੰਤਰ ਨਾਲ ਜੋੜਿਆ ਜਾਣਾ ਜ਼ਰੂਰੀ ਹੈ। ਪਹਿਲੇ ਹੀ ਦਿਨ ਡੇਢ ਕਰੋੜ ਲੋਕਾਂ ਦੇ ਬੈਂਕ ਖਾਤੇ ਖੁੱਲ੍ਹੇ। ਹਰ ਖਾਤੇ ਨਾਲ ਖਾਤਾਧਾਰਕ ਦਾ ਇਕ ਲੱਖ ਰੁਪਏ ਦਾ ਦੁਰਘਟਨਾ ਬੀਮਾ ਵੀ ਕੀਤਾ ਗਿਆ ਹੈ। ਇਹ ਵੀ ਆਰਥਿਕ ਜਗਤ ‘ਚ ਇਕ ਰਿਕਾਰਡ ਹੈ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਯੋਜਨਾ ਤਹਿਤ 26 ਜਨਵਰੀ, 2015 ਤੋਂ ਪਹਿਲਾਂ ਬੈਂਕ ਖਾਤਾ ਖੁੱਲ੍ਹਵਾਉਣ ਵਾਲਿਆਂ ਨੂੰ ਇਕ ਲੱਖ ਰੁਪਏ ਦੇ ਦੁਰਘਟਨਾ ਬੀਮੇ ਸਮੇਤ 30,000 ਰੁਪਏ ਦਾ ਜੀਵਨ ਬੀਮਾ ਦੇਣ ਦਾ ਐਲਾਨ ਵੀ ਕੀਤਾ। ਬੈਂਕ ਖਾਤੇ ਜ਼ਰੀਏ ਗ਼ਰੀਬੀ ਮਿਟਾਉਣ ਦਾ ਮੰਤਰ ਦਿੰਦਿਆਂ ਮੋਦੀ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਬੈਂਕ ‘ਚ ਖਾਤਾ ਖੋਲ੍ਹਦਾ ਹੈ ਤਾਂ ਅਰਥਚਾਰੇ ਦੀ ਮੁੱਖ

ਧਾਰਾ ਨਾਲ ਜੁੜਨ ਦਾ ਪਹਿਲਾ ਕਦਮ ਵਧਾਉਂਦਾ ਹੈ। ‘ਜਨ ਧਨ ਯੋਜਨਾ’ ਸ਼ੁਰੂ ਹੋਣ ਦੇ ਨਾਲ ਹੀ ਵੀਰਵਾਰ ਨੂੰ ਡੇਢ ਕਰੋੜ ਲੋਕ ਅਰਥਚਾਰੇ ਦੀ ਮੁੱਖ ਧਾਰਾ ਨਾਲ ਜੁੜਨ ਲਈ ਪਹਿਲਾ ਕਦਮ ਰੱਖ ਰਹੇ ਹਨ।’ ਸਾਲ 1969 ‘ਚ ਬੈਂਕਾਂ ਦਾ ਰਾਸ਼ਟਰੀਕਰਨ ਹੋਇਆ ਸੀ ਪਰ ਆਜ਼ਾਦੀ ਤੋਂ 68 ਸਾਲ ਬਾਅਦ ਵੀ 68 ਫ਼ੀਸਦੀ ਲੋਕਾਂ ਕੋਲ ਵੀ ਬੈਂਕ ਖਾਤਾ ਨਹੀਂ। ਇਸ ਤੋਂ ਲੱਗਦਾ ਹੈ ਕਿ ਜਿਸ ਮਕਸਦ ਨਾਲ ਇਹ ਕੰਮ ਸ਼ੁਰੂ ਹੋਇਆ ਸੀ, ਉਹ ਉਥੇ ਦਾ ਉਥੇ ਹੀ ਰਹਿ ਗਿਆ।

ਪ੍ਰਧਾਨ ਮੰਤਰੀ ਦੇ ਰਾਜਧਾਨੀ ‘ਚ ਇਸ ਯੋਜਨਾ ਦੇ ਆਗਾਜ਼ ਦੇ ਨਾਲ-ਨਾਲ ਪੂਰੇ ਦੇਸ਼ ਵਿਚ 20 ਮੁੱਖ ਮੰਤਰੀਆਂ ਨੇ ਇਕੱਠੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਕਈ ਕੇਂਦਰੀ ਮੰਤਰੀਆਂ ਤੇ ਸੰਸਦ ਮੈਂਬਰਾਂ ਨੇ ਆਪਣੇ-ਆਪਣੇ ਹਲਕਿਆਂ ‘ਚ ਇਹ ਯੋਜਨਾ ਲਾਂਚ ਕੀਤੀ। ਇਸ ਮੌਕੇ ਦੇਸ਼ ਵਿਚ 600 ਸਮਾਗਮ ਕਰਵਾਏ ਗਏ ਅਤੇ 77,852 ਕੈਂਪ ਲਗਾਏ ਗਏ।

ਆਰਥਿਕ ਛੂਤਛਾਤ ਮਿਟਾਉਣ ਦਾ ਸੱਦਾ ਦਿੱਤਾ

ਪ੍ਰਧਾਨ ਮੰਤਰੀ ਨੇ ਗ਼ਰੀਬੀ ਖ਼ਿਲਾਫ਼ ਲੜਾਈ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਸ ਲੜਾਈ ‘ਚ ਅਰਥਚਾਰਾ ਸਭ ਤੋਂ ਅਹਿਮ ਇਕਾਈ ਹੈ। ਅੱਜ ਵੀ ਬਹੁਤ ਸਾਰੇ ਲੋਕ ਬੈਂਕਿੰਗ ਤੰਤਰ ਨਾਲ ਨਹੀਂ ਜੁੜੇ। ਇਸ ਤਰ੍ਹਾਂ ਇਹ ਲੋਕ ਆਰਥਿਕ ਤੰਤਰ ਤੋਂ ਵਾਂਝੇ ਹਨ। ਜੇ ਅਸੀਂ ਗ਼ਰੀਬੀ ਤੋਂ ਮੁਕਤੀ ਪਾਉਣੀ ਹੈ ਤਾਂ ਸਾਨੂੰ ਇਸ ਛੂਤਛਾਤ ਨੂੰ ਖ਼ਤਮ ਕਰਨਾ ਪਵੇਗਾ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਇਹ ਕੰਮ ਕਰੇਗੀ। ਪੀਐਮ ਜੇਡੀਵਾਈ ਅਮੀਰ ਤੇ ਗ਼ਰੀਬ ਵਿਚਾਲੇ ਪਾੜੇ ਨੂੰ ਭਰਨ ਦਾ ਇਕ ਮਿਸ਼ਨ ਹੈ। ਇਥੋਂ ਹੀ ਗ਼ਰੀਬਾਂ ਦੀ ਜ਼ਿੰਦਗੀ ਦਾ ਸੂਰਜ ਚੜ੍ਹੇਗਾ।

ਟੁੱਟੇਗਾ ਸਾਹੂਕਾਰਾਂ ਦਾ ਚੱਕਰ

ਬੈਂਕਾਂ ਤੋਂ ਮਿਲਣ ਵਾਲੇ ਕਰਜ਼ੇ ਦੀ ਤ੍ਰਾਸਦੀ ਨੂੰ ਵੀ ਮੋਦੀ ਨੇ ਸਾਹਮਣੇ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਅਮਰੀ ਵਿਅਕਤੀ ਘੱਟੋ-ਘੱਟ ਵਿਆਜ ‘ਤੇ ਕਰਜ਼ਾ ਲੈ ਸਕਦਾ ਹੈ। ਬੈਂਕ ਉਸ ਦੇ ਦੁਆਰ ‘ਤੇ ਲਾਈਨ ਲਾ ਕੇ ਖੜ੍ਹੇ ਹੁੰਦੇ ਹਨ ਪਰ ਜੋ ਗ਼ਰੀਬ ਹੈ, ਜਿਸ ਨੂੰ ਘੱਟੋ-ਘੱਟ ਵਿਆਜ ‘ਤੇ ਕਰਜ਼ਾ ਮਿਲਣਾ ਚਾਹੀਦਾ ਹੈ, ਉਸ ਨੂੰ ਅਮੀਰ ਨਾਲੋਂ ਪੰਜ ਗੁਣਾ ਵੱਧ ਵਿਆਜ ‘ਤੇ ਕਰਜ਼ਾ ਲੈਣਾ ਪੈਂਦਾ ਹੈ। ਗ਼ਰੀਬਾਂ ਨੂੰ ਸਾਹੂਕਾਰ ਦੇ ਚੱਕਰ ਤੋਂ ਆਜ਼ਾਦੀ ਦਿਵਾਉਣ ਦੀ ਲੋੜ ਹੈ। ਸਾਹੂਕਾਰਾਂ ਦੇ ਚੱਕਰ ‘ਚ ਫਸਣ ‘ਤੇ ਗ਼ਰੀਬ ਆਤਮਹੱਤਿਆ ਲਈ ਮਜਬੂਰ ਹੁੰਦਾ ਹੈ। ਇਹ ਗ਼ਰੀਬਾਂ ਨੂੰ ਸਾਹੂਕਾਰਾਂ ਦੇ ਇਸ ਚੱਕਰ ਤੋਂ ਆਜ਼ਾਦੀ ਦਿਵਾਉਣ ਦਾ ਪੁਰਬ ਹੈ।

ਕੰਪਨੀਆਂ ‘ਤੇ ਲਈ ਚੁਟਕੀ

ਮੋਦੀ ਨੇ ਇਸ਼ਾਰੇ-ਇਸ਼ਾਰੇ ‘ਚ ਬੈਂਕਾਂ ਦਾ ਕਰਜ਼ਾ ਨਾ ਚੁਕਾਉਣ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਅਸਿੱਧੇ ਰੂਪ ‘ਚ ਚਿਤਾਵਨੀ ਦਿੱਤੀ। ਕਿਹਾ ਕਿ ਗ਼ਰੀਬ 99 ਫ਼ੀਸਦੀ ਪੈਸਾ ਚੁਕਾ ਦਿੰਦਾ ਹੈ। ਅੌਰਤਾਂ 100 ਫ਼ੀਸਦੀ ਕਰਜ਼ਾ ਚੁਕਾਉਂਦੀਆਂ ਹਨ ਪਰ ਵੱਡੇ-ਵੱਡ ਲੋਕ ਕੀ ਕਰ ਰਹੇ ਹਨ, ਸਾਨੂੰ ਪਤਾ ਹੈ।

ਸਾਰਿਆਂ ਦਾ ਬੈਂਕ ਖਾਤਾ

26 ਜਨਵਰੀ 2015 ਤੋਂ ਪਹਿਲਾਂ ਬੈਂਕ ਖਾਤਾ ਖੁੱਲ੍ਹਾਉਣ ਵਾਲੇ ਨੂੰ 1,00,000 ਰੁਪਏ ਦੇ ਦੁਰਘਟਨਾ ਬੀਮੇ ਦੇ ਨਾਲ-ਨਾਲ 30,000 ਰੁਪਏ ਦਾ ਜੀਵਨ ਬੀਮਾ ਵੀ

-ਹਰ ਖਾਤਾ ਧਾਰਕ ਨੂੰ ਰੁਪਏ ਡੈਬਿਟ ਕਾਰਡ, ਛੇ ਮਹੀਨੇ ਖਾਤਾ ਚਲਾਉਣ ਤੋਂ ਬਾਅਦ 5,000 ਰੁਪਏ ਦੇ ਓਵਰ ਡਰਾਫਟ ਦੀ ਸਹੂਲਤ

-26 ਜਨਵਰੀ, 2015 ਤਕ 7.5 ਕਰੋੜ ਬੈਂਕ ਖਾਤੇ ਖੋਲ੍ਹਣ ਦਾ ਟੀਚਾ

-600 ਥਾਵਾਂ ‘ਤੇ ਲਾਂਚ ਹੋਈ ਯੋਜਨਾ, 77,000 ਤੋਂ ਵੱਧ ਥਾਵਾਂ ‘ਤੇ ਲੱਗੇ ਕੈਂਪ

-ਪੀਐਮ ਨੇ ਯੋਜਨਾ ਲਾਗੂ ਕਰਨ ਲਈ 7.25 ਲੱਖ ਬੈਂਕ ਅਫਸਰਾਂ ਕੀਤੀਆਂ ਈ-ਮੇਲ

ਰੁਪੇ ਨੂੰ ਮਿਲ ਸਕਦੀ ਹੈ ਕੌਮਾਂਤਰੀ ਮਾਨਤਾ :

ਜਨ ਧਨ ਯੋਜਨਾ ਦੀ ਸਫਲਤਾ ‘ਰੁਪੇ’ ਕਾਰਡ ਨੂੰ ਕੌਮਾਂਤਰੀ ਪੱਧਰ ‘ਤੇ ਮਾਨਤਾ ਦਿਵਾ ਸਕਦੀ ਹੈ। ਵਿੱਤੀ ਰਲੇਵੇਂ ਦੀ ਇਸ ਖਾਹਸ਼ੀ ਯੋਜਨਾ ਤਹਿਤ ਹਰ ਬੈਂਕ ਖਾਤੇ ਨਾਲ ਇਕ ਰੁਪੇ ਡੈਬਿਟ ਕਾਰਡ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ‘ਅਸੀਂ ਆਲਮੀ ਪੱਧਰ ‘ਤੇ ਵੀਜ਼ਾ ਕਾਰਡ ਦੀ ਪ੍ਰਸਿੱਧੀ ਤੋਂ ਵਾਕਫ਼ ਹਾਂ। ਕੀ ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਸਾਡੇ ਰੁਪੇ ਦੀ ਵੀ ਕੌਮਾਂਤਰੀ ਪੱਧਰ ‘ਤੇ ਪਛਾਣ ਬਣੇ। ਅੱਜ ਦੇ ਪ੍ਰੋਗਰਾਮ ਤੋਂ ਬਾਅਦ ਲੱਗਦਾ ਹੈ ਕਿ ਇਹ ਸੰਭਵ ਹੈ।’ ਜਦੋਂ ਸਾਢੇ ਸੱਤ ਕਰੋੜ ਲੋਕ ਰੁਪੇ ਕਾਰਡ ਦਾ ਇਸਤੇਮਾਲ ਕਰਨਗੇ ਤਾਂ ਇਸਦੀ ਤਾਕਤ ਵਧੇਗੀ। ਰੁਪੇ ਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਵਿਕਸਤ ਕੀਤਾ ਹੈ। ਹਾਲਾਂਕਿ ਹਾਲੇ ਇਸਦਾ ਇਸਤੇਮਾਲ ਸੀਮਤ ਹੈ। ਸਿਰਫ ਕੁਝ ਬੈਂਕ- ਪੰਜਾਬ ਨੈਸ਼ਨਲ ਬੈਂਕ, ਆਈਸੀਆਈਸੀਆਈ ਤੇ ਭਾਰਤੀ ਸਟੇਟ ਬੈਂਕ ਇਸਦਾ ਇਸਤੇਮਾਲ ਕਰ ਰਹੇ ਹਨ।

Widgetized Section

Go to Admin » appearance » Widgets » and move a widget into Advertise Widget Zone