Last UPDATE: August 26, 2014 at 6:34 pm

1971 ਤੋਂ ਬਾਅਦ ਪਹਿਲੀ ਵਾਰ ਐਨੀ ਗੋਲਾਬਾਰੀ

ਆਰਐਸਪੁਰਾ (ਜੰਮੂ) : ਬੀਐਸਐਫ ਦੇ ਡਾਇਰੈਕਟਰ ਜਨਰਲ ਡੀਕੇ ਪਾਠਕ ਨੇ ਮੰਗਲਵਾਰ ਨੂੰ ਕਿਹਾ ਕਿ 1971 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਨੇ ਸਰਹੱਦ ‘ਤੇ ਇੰਨੀ ਗੋਲਾਬਾਰੀ ਕੀਤੀ ਹੈ। ਭਾਰੀ ਗੋਲਾਬਾਰੀ ਕਾਰਨ ਅੱਤਵਾਦੀ ਪਾਕਿਸਤਾਨ ਦੀਆਂ ਚੌਕੀਆਂ ਨੇੜੇ ਆ ਚੁੱਕੇ ਹਨ ਅਤੇ ਭਾਰਤੀ ਇਲਾਕੇ ਵਿਚ ਘੁਸਪੈਠ ਦੀ ਤਿਆਰੀ ਵਿਚ ਬੈਠੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਹੱਦ ‘ਤੇ ਕਰੀਬ 25 ਲਾਂਚਿੰਗ ਪੈਡਾਂ ‘ਤੇ ਇਸ ਵੇਲੇ ਅੱਤਵਾਦੀ ਮੌਜੂਦ ਹਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਿਰਦੇਸ਼ ‘ਤ ਸਰਹੱਦ ‘ਤੇ ਗੋਲਾਬਾਰੀ ਤੋਂ ਉਪਜੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਡੀਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਪਿਛਲੇ 45 ਦਿਨਾਂ ਤੋਂ ਭਾਰੀ ਗੋਲਾਬਾਰੀ ਕਰ ਰਿਹਾ ਹੈ। ਬੀਐਸਐਫ ਦੇ ਜਵਾਨ ਉਚਿਤ ਕਾਰਵਾਈ ਕਰਨ ਦੇ ਨਾਲ ਨਾਲ ਪਾਕਿਸਤਾਨ ਦੀ ਕਿਸੇ ਵੀ ਸਾਜ਼ਿਸ਼ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ। ਪਾਕਿਸਤਾਨ ‘ਤੇ ਸ਼ਾਂਤੀ ਦੇ ਯਤਨਾਂ ਨੂੰ ਭੰਗ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ 16 ਵਾਰ ਗੋਲਾਬਾਰੀ ਨੂੰ ਲੈ ਕੇ ਸੈਕਟਰ ਕਮਾਂਡਰ ਪੱਧਰ ‘ਤੇ ਹਾਟਲਾਈਨ ਨਾਲ ਗੱਲਬਾਤ ਦੀ ਕੋਸ਼ਿਸ਼ ਹੋਈ ਪਰ ਹਰ ਵਾਰ

ਪਾਕਿਸਤਾਨ ਨੇ ਇਨਕਾਰ ਕਰ ਦਿੱਤਾ। ਡਾਇਰੈਕਟਰ ਜਨਰਲ ਡੀਕੇ ਪਾਠਕ ਨੇ ਕਿਹਾ ਕਿ ਹਮੇਸ਼ਾਂ ਪਹਿਲਾਂ ਪਾਕਿਸਤਾਨ ਵੱਲੋਂ ਹੀ ਗੋਲੀ ਚਲਾਈ ਗਈ ਜਿਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਬੀਐਸਐਫ ਨੇ ਸਰਹੱਦ ‘ਤੇ ਸ਼ਾਂਤੀ ਕਾਇਮ ਕਰਨ ਲਈ ਹਰ ਸੰਭਵ ਯਤਨ ਕੀਤਾ। ਨਵੀਂ ਸਰਕਾਰ ਬਣਨ ਤੋਂ ਬਾਅਦ ਗੋਲੀਬਾਰੀ ‘ਚ ਤੇਜ਼ੀ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਪਾਠਕ ਨੇ ਕਿਹਾ ਕਿ ਪਿਛਲੇ ਸਾਲ ਅਗਸਤ ਤੇ ਸਤੰਬਰ ਮਹੀਨੇ ‘ਚ ਪਾਕਿਸਤਾਨ ਨੇ ਰਾਮਗੜ੍ਹ ਤੇ ਸਾਂਬਾ ਸੈਕਟਰ 25 ਦਿਨਾਂ ਤਕ ਗੋਲੀਬਾਰੀ ਕੀਤੀ ਸੀ। ਉਦੋਂ ਕੇਂਦਰ ਵਿਚ ਦੂਜੀ ਸਰਕਾਰ ਸੀ। ਪਾਕਿਸਤਾਨ ਵੱਲੋਂ ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਏ ਜਾਣ ‘ਤੇ ਉਨ੍ਹਾਂ ਕਿਹਾ ਕਿ ਬੀਐਸਐਫ ਕਦੇ ਵੀ ਪਾਕਿਸਤਾਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਨਹੀਂ ਕਰਦੀ। ਪਰ ਪਾਕਿਸਤਾਨ ਦੀ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਂਦਾ ਹੈ।

ਪਾਕਿਸਤਾਨ ‘ਚ ਚੱਲ ਰਹੀਆਂ ਅੱਤਵਾਦੀ ਸਰਗਰਮੀਆਂ ‘ਤੇ ਪਾਠਕ ਨੇ ਕਿਹਾ ਕਿ ਭਾਰਤੀ ਸਰਹੱਦ ਪਾਰ ਕਰੀਬ 25-30 ਲਾਂਚਿੰਗ ਪੈਡ ਹਨ। ਇਸ ਦੇ ਨਾਲ ਹੀ ਅੱਤਵਾਦੀਆਂ ਦੇ ਭਾਰਤੀ ਸਰੱਹਦ ਨਾਲ ਲੱਗਦੇ ਜੰਗਲਾਂ ਵਿਚ ਵੀ ਲੁਕੇ ਹੋਣ ਦੀ ਸੰਭਾਵਨਾ ਹੈ। ਉਹ ਸਮੇਂ-ਸਮੇਂ ਆਪਣੀ ਥਾਂ ਬਦਲਦੇ ਰਹਿੰਦੇ ਹਨ। ਪਾਠਕ ਨੇ ਸਰਹੱਦੀ ਚੌਕੀਆਂ ਦਾ ਦੌਰਾ ਕਰ ਕੇ ਪਾਕਿਸਤਾਨੀ ਗੋਲਾਬਾਰੀ ਦਾ ਸਾਹਮਣਾ ਕਰ ਰਹੇ ਜਵਾਨਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਈ ਉੱਚ ਅਧਿਕਾਰੀ ਵੀ ਮੌਜੂਦ ਸਨ।

ਪਾਕਿਸਤਾਨ ਨੂੰ ਆਟੋਮੈਟਿਕ ਮੋਰਟਾਰ ਨਾਲ ਜਵਾਬ ਦੇਵੇਗੀ ਬੀਐਸਐਫ

ਨਵੀਂ ਦਿੱਲੀ, (ਪੀਟੀਆਈ) : ਪਾਕਿਸਤਾਨ ਨਾਲ ਲਗਦੀ ਸਰਹੱਦ ‘ਤੇ ਤਾਇਨਾਤ ਬੀਐਸਐਫ ਜਲਦੀ ਹੀ ਆਪਣੇ ਜੰਗੀ ਭੰਡਾਰ ‘ਚ 700 ਤੋਂ ਜ਼ਿਆਦਾ ਆਟੋਮੈਟਿਕ ਮੋਰਟਾਰ ਫਾਇਰਿੰਗ ਪ੍ਰਣਾਲੀ ਨੂੰ ਸ਼ਾਮਲ ਕਰਕੇ ਆਪਣੀ ਤਾਕਤ ‘ਚ ਵਾਧਾ ਕਰੇਗਾ। ਇਸ ਨਾਲ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਆਪਣੇ ਦੁਸ਼ਮਣਾਂ ‘ਤੇ ਰਾਕਟ ਨਾਲ ਸਟੀਕ ਅਤੇ ਵਿਨਾਸ਼ਕਾਰੀ ਹਮਲੇ ਕਰ ਸਕਣਗੇ। ਹਾਲ ਹੀ ‘ਚ ਸਰਹੱਦ ‘ਤੇ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਅਤੇ ਗੋਲਾਬਾਰੀ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਇਸ ਹਥਿਆਰ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।

ਭਾਰਤ ਦੀਆਂ ਸਰਹੱਦਾਂ ਦੀ ਸੁਰੱਖਿਆ ਕਰਨ ਵਾਲੇ ਇਸ ਨੀਮ ਫ਼ੌਜੀ ਬਲ ਨੇ ਸਭ ਤੋਂ ਪਹਿਲਾਂ ਆਧੁਨਿਕ ਆਟੋਮੈਟਿਕ ਮੋਰਟਾਰ ਫਾਇਰ ਡਾਇਰੈਕਸ਼ਨ ਕੰਟਰੋਲਰ ਖਰੀਦਣ ਦਾ ਫ਼ੈਸਲਾ ਲਿਆ ਹੈ। ਇਹ ਹਥਿਆਰ ਦੁਸ਼ਮਣ ਦੇ ਟਿਕਾਣਿਆਂ ‘ਤੇ ਰਾਕਟ ਨਾਲ ਸਟੀਕ ਹਮਲਾ ਕਰਨ ਦੀ ਮੁਹਾਰਤ ਰੱਖਦਾ ਹੈ। ਨਿਸ਼ਾਨਾ ਸਾਧਣ ਅਤੇ ਰਾਕਟ ਦਾਗਣ ਵਾਲੀ ਪ੍ਰਣਾਲੀ ਨਾਲ ਲੈਸ ਇਹ ਕੰਪਿਊਟਰ ਯੁਕਤ ਹਥਿਆਰ ਦੁਸ਼ਮਣ ‘ਤੇ ਆਸਾਨੀ ਨਾਲ ਭਾਰੂ ਹੋਣ ਦੀ ਸਮਰਥਾ ਰੱਖਦਾ ਹੈ। ਇਸ ਜ਼ਰੀਏ ਇਕ ਮਿੰਟ ਤੋਂ ਵੀ ਘੱਟ ਸਮੇਂ ‘ਚ ਗੋਲਾ ਸੁੱਟਿਆ ਜਾ ਸਕਦਾ ਹੈ, ਜਦਕਿ ਅਜੇ ਜਵਾਨਾਂ ਨੂੰ ਇਕ ਗੋਲਾ ਸੁੱਟਣ ‘ਚ ਪੰਜ ਤੋਂ ਛੇ ਮਿੰਟ ਦਾ ਸਮਾਂ ਲਗਦਾ ਹੈ। ਇਸ ਦੀ ਆਪਣੇ ਟੀਚੇ ਨੂੰ ਵਿੰਨ੍ਹਣ ਦੀ ਸਮਰਥਾ ਵੀ ਵਰਤਮਾਨ ਪ੍ਰਣਾਲੀ ਦੇ ਮੁਕਾਬਲੇ ਚਾਰ ਤੋਂ ਪੰਜ ਗੁਣਾ ਜ਼ਿਆਦਾ ਹੈ। ਤੇਜ਼ੀ ਨਾਲ ਫਾਇਰ ਸਕਣ ਦੀ ਖ਼ੂਬੀ ਵਾਲੇ ਇਸ ਹਥਿਆਰ ਦੀ ਵਰਤੋਂ ਦੁਨੀਆਂ ਦੀਆਂ ਆਧੁਨਿਕ ਫ਼ੌਜਾਂ ਕਰਦੀਆਂ ਹਨ।

ਬੀਐਸਐਫ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਅਜਿਹੇ 769 ਹਥਿਆਰ ਖਰੀਦਣ ਦੀ ਇਜਾਜ਼ਤ ਦੇ ਦਿੱਤੀ ਹੈ, ਜੋ ਭਾਰਤ-ਪਾਕਿ ਸਰਹੱਦ ‘ਚੇ ਬੀਐਸਐਫ ਵੱਖ-ਵੱਖ ਟਿਕਾਣਿਆਂ ‘ਤੇ ਤਾਇਨਾਤ ਕੀਤੇ ਜਾਣਗੇ।

Widgetized Section

Go to Admin » appearance » Widgets » and move a widget into Advertise Widget Zone