Last UPDATE: March 11, 2018 at 3:00 am

ਹਵਾਈ ਸਰਵੇਖਣ ਕਾਫੀ ਨਹੀਂ, ਲੁੱਟ ‘ਚ ਸ਼ਾਮਿਲ ਕਾਂਗਰਸੀ ਵਿਧਾਇਕਾਂ ‘ਤੇ ਹੋਵੇ ਕਾਰਵਾਈ : ਮਜੀਠੀਆ। 

ਅਕਾਲੀ ਦਲ ਦੀਆਂ ਪੋਲ ਖ਼ੋਲ ਰੈਲੀਆਂ ਨੂੰ ਮਿਲ ਰਹਾ ਭਰਵਾਂ ਹੁੰਗਾਰਾ ਕਾਂਗਰਸ ਸਰਕਾਰ ਪ੍ਰਤੀ ਲੋਕਾਂ ਦਾ ਮੋਹ ਭੰਗ ਹੋਣ ਦਾ ਪ੍ਰਤੱਖ ਸਬੂਤ।
ਸ੍ਰੀ ਮਨੀਕਰਨ ਸਾਹਿਬ ਯਾਤਰਾ ਦੌਰਾਨ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਵਾਰਸਾਂ ਨੂੰ 5 – 5 ਲਖ ਰੁਪੈ ਸਹਾਇਤਾ ਰਾਸ਼ੀ ਦੇਣ ਦੀ ਪੰਜਾਬ ਸਰਕਾਰ ਤੋਂ ਕੀਤੀ ਮੰਗ।

ਅੰਮ੍ਰਿਤਸਰ ( ਪ੍ਰੋ. ਸਾਰਚੰਦ ਸਿੰਘ   ) ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਪਿਛਲੇ ਦਿਨੀਂ ਸ੍ਰੀ ਮਨੀਕਰਨ ਸਾਹਿਬ ਯਾਤਰਾ ਤੋਂ ਵਾਪਸ ਆਉਂਦੇ ਸਮੇਂ ਹਿਮਾਚਲ ਪ੍ਰਦੇਸ਼ ‘ਚ ਬਲਾਸਪੁਰ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਸ਼ਰਧਾਲੂ  ਨੌਜਵਾਨਾਂ ਦੇ ਵਾਰਸਾਂ ਨੂੰ 5 – 5 ਲਖ ਰੁਪੈ ਸਹਾਇਤਾ ਰਾਸ਼ੀ ਦੇਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ। ਸ: ਮਜੀਠੀਆ ਸੜਕ ਹਾਦਸੇ ਦੇ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨਾਲ  ਕਾਲੇ ਘੰਣੁਪੁਰ ਵਿਖੇ ਉਨ੍ਹਾਂ ਦੇ ਘਰਾਂ ਵਿਚ ਦੁੱਖ ਸਾਂਝਾ ਕਰਨ ਪਹੁੰਚੇ ਹਨ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਬੇਵਕਤੀ ਮੌਤ ਪਰਿਵਾਰਾਂ ਲਈ ਅਸਹਿ ਅਤੇ ਅਕਹਿ ਹੈ। ਦੁਖਦਾਈ ਸਮੇਂ ਵਿਚ ਮੈਂ ਪਰਿਵਾਰ ਦੇ ਨਾਲ ਹਾਂ।ਉਨ੍ਹਾਂ ਕਿਹਾ ਕਿ ਬਚਿਆਂ ‘ਤੇ ਬਹੁਤ ਸਾਰੀਆਂ ਆਸਾਂ ਉਮੀਦਾਂ ਹੁੰਦੀਆਂ ਹਨ। ਇਸ ਲਈ ਸਰਕਾਰ ਵੱਲੋਂ ਪਰਿਵਾਰਾਂ ਨੂੰ ਯੋਗ ਆਰਥਿਕ ਮਦਦ ਦੇਣੀ ਚਾਹੀਦੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਸ਼ੁਰੂ ਕੀਤੀਆਂ ਗਈਆਂ ਪੋਲ ਖ਼ੋਲ ਰੈਲੀਆਂ ਨੂੰ ਮਿਲ ਰਹਾ ਭਰਵਾਂ ਹੁੰਗਾਰਾ ਕਾਂਗਰਸ ਸਰਕਾਰ ਪ੍ਰਤੀ ਲੋਕਾਂ ਦਾ ਮੋਹ ਭੰਗ ਹੋਣ ਦਾ ਪ੍ਰਤੱਖ ਸਬੂਤ ਹੈ। ਜਿਸ ਕਾਰਨ ਕਾਂਗਰਸ ਦੀ ਨੀਂਦ ਹਰਾਮ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹੁਣ ਤਕ ਦੀ ਕਾਰਗੁਜ਼ਾਰੀ ਸਿਫ਼ਰ ਰਹੀ ਹੈ।ਕਾਂਗਰਸ ਵਾਅਦੇ ਅਨੁਸਾਰ ਸਹੂਲਤਾਂ ਦੇਣ ਦੀ ਥਾਂ ਖਜਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਅਕਾਲੀ ਸਰਕਾਰ ਸਮੇਂ ਮਿਲਦੀਆਂ ਸਹੂਲਤਾਂ ਨੂੰ ਵੀ ਖੋਹ ਲੈਣ ਨਾਲ ਲੋਕ ਅਜ ਠਗੇ ਗਏ ਮਹਿਸੂਸ ਕਰ ਰਹੇ ਹਨ।  ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਥਾਂ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਰੁਜ਼ਗਾਰ ਮੇਲਿਆਂ ਦਾ ਸਚ ਸਾਹਮਣੇ ਆਉਣ ਨਾਲ ਇਹ ਵੀ ਸਾਫ਼ ਹੋ ਗਿਆ ਹੈ ਕਿ ਨੌਕਰੀਆਂ ਦੇਣ ਦੀ ਥਾਂ ਨੌਜਵਾਨ ਵਰਗ ਨਾਲ ਸਰਕਾਰ ਵੱਲੋਂ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ।ਆਟਾ ਦਾਲ, ਪੈਨਸ਼ਨਾਂ ਅਤੇ ਸ਼ਗਨ ਸਕੀਮਾਂ ਬੰਦ ਕਰਨ ਨਾਲ ਇਹ ਵੀ ਚਿਟੇ ਦਿਨ ਵਾਂਗ ਸਾਫ਼ ਹੋ ਗਿਆ ਹੈ ਕਿ ਕਾਂਗਰਸ ਗਰੀਬ ਵਰਗ ਦੀ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ ਹਵਾਈ ਸਰਵੇਖਣ ਹੀ ਕਾਫੀ ਨਹੀ ਸਗੋਂ ਰੇਤਾ ਬਜਰੀ ਅਤੇ ਗੁੰਡਾ ਟੈਕਸ ਰਾਹੀਂ ਲੋਕਾਂ ਨੂੰ ਲੁੱਟ ਰਹੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੀ ਲਿਸਟ ਵੀ ਨਸ਼ਰ ਕਰਨੀ ਚਾਹੀਦੀ ਹੈ।ਦੋਸ਼ੀਆਂ ‘ਤੇ ਸ਼ਿਕੰਜਾ ਕਸਦਿਆਂ ਠੋਸ ਕਾਰਵਾਈ ਰਾਹੀਂ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਪਹੁੰਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬੰਦ ਕਰਾਉਣ, ਲੋਕਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਬੰਦ ਕਰਾਉਣ ਅਤੇ ਚੋਣ ਵਾਅਦਿਆਂ ਨੂੰ ਪੂਰਾ ਕਰਾਉਣ ਲਈ ਅਕਾਲੀ ਦਲ ਵੱਲੋਂ 20 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਯਾਦ ਰਹੇ ਕਿ ਮਨੀਕਰਨ ਸਾਹਿਬ ਯਾਤਰਾ ਦੌਰਾਨ ਹਾਦਸੇ ‘ਚ ਮਰਨ ਵਾਲਿਆ ਵਿਚ ਜਸਬੀਰ ਸਿੰਘ ਪੁੱਤਰ ਸਤਨਾਮ ਸਿੰਘ,ਗੁਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕਾਲੇ ਘੰਣੁਪੁਰ ਦੋਵੇਂ ਸਕੇ ਭਰਾ ਤੇ ਮਨਦੀਪ ਸਿੰਘ ਪੁੱਤਰ ਲਾਭ ਸਿੰਘ ਵਾਸੀ ਬੋਪਾਰਾਏ ਕਲਾ ਅਤੇ ਕਵਲਜੀਤ ਸਿੰਘ ਲਵ ਪੁੱਤਰ ਜਸਵੰਤ ਸਿੰਘ ਵਾਸੀ ਰਾਜਾਸਾਂਸੀ ਅਤੇ ਕਵਲਜੀਤ ਸਿੰਘ ਪੁੱਤਰ ਮਨਜੀਤ ਸਿੰਘ ਬਾਬਾ ਫਰੀਦ ਨਗਰ ਪਿੰਡ ਕਾਲੇ ਅਤੇ ਦਵਿੰਦਰ ਸਿੰਘ ਸੋਨੂੰ ਪੁੱਤਰ ਕੁਲਦੀਪ ਪਿੰਡ ਕਾਲੇ,ਬਲਜੀਤ ਸਿੰਘ ਬੱਬੂ ਪੁੱਤਰ ਮੇਲਾ ਸਿੰਘ ਪਿੰਡ ਕਾਲੇ ਵਾਸੀ,ਲਵ ਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਰਾਜ ਐਵਿਨਿਊ ਪਿੰਡ ਘੰਣੁਪੁਰ ਕਾਲੇ ਸ਼ਾਮਿਲ ਸਨ। ਇਸ ਮੌਕੇ ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿਕਾ, ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂ, ਪ੍ਰੋ: ਸਰਚਾਂਦ ਸਿੰਘ ਅਤੇ ਦਿਲਬਾਗ ਸਿੰਘ ਵਡਾਲੀ ਆਦਿ ਹਾਜ਼ਰ ਸਨ।

ਫ਼ੋਟੋ : 11 ਮਜੀਠੀਆ
ਕੈਪਸ਼ਨ : ਸ੍ਰੀ ਮਨੀਕਰਨ ਸਾਹਿਬ ਯਾਤਰਾ ਦੌਰਾਨ ਸੜਕ ਹਾਦਸੇ ਦੇ ਸ਼ਿਕਾਰ ਹੋਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁਖ ਸਾਂਝਾ ਕਰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ ਤੇ ਹੋਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone