Last UPDATE: August 28, 2014 at 7:36 pm

ਹਜਕਾਂ ਨੇ ਭਾਜਪਾ ਨੂੰ ਕੀਤੀ ਬਾਏ-ਬਾਏ

ਚੰਡੀਗੜ੍ਹ : ਕੁਲਦੀਪ ਬਿਸ਼ਨੋਈ ਦੀ ਅਗਵਾਈ ਵਾਲੀ ਹਰਿਆਣਾ ਜਨਹਿੱਤ ਕਾਂਗਰਸ (ਹਜਕਾਂ) ਨੇ ਸੂਬੇ ਵਿਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ 3 ਸਾਲਾਂ ਤੋਂ ਆਪਣੀ ਸਾਥੀ ਭਾਜਪਾ ਨੂੰ ਬਾਏ-ਬਾਏ ਕਹਿ ਕੇ ਵਿਨੋਦ ਸ਼ਰਮਾ ਦੀ ਜਨ ਚੇਤਨਾ ਪਾਰਟੀ (ਜੇਸੀਪੀ) ਨਾਲ ਗਲਵੱਕੜੀ ਪਾ ਲਈ। ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਵਾਰ-ਵਾਰ ਉਸ ਨਾਲ ਧੋਖਾ ਕਰ ਰਹੀ ਸੀ। ਭਾਜਪਾ ਨਾਲੋਂ ਤੋੜ-ਵਿਛੋੜੇ ਦਾ ਐਲਾਨ ਕਰਦਿਆਂ ਹਜਕਾਂ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਸਵਰਗੀ ਭਜਨ ਲਾਲ ਦੇ ਛੋਟੇ ਬੇਟੇ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਜਿਹੜੀ ਪਾਰਟੀ ਆਪਣੇ ਅਹਿਮ ਆਗੂਆਂ ਅਟਲ ਬਿਹਾਰੀ ਵਾਜਪਾਈ ਅਤੇ ਐਲ. ਕੇ. ਅਡਵਾਨੀ ਆਦਿ ਦੀ ਬੇਕਦਰੀ ਕਰਦੀ ਹੈ, ਉਸ ‘ਤੇ ਹੋਰ ਯਕੀਨ ਨਹੀਂ ਕੀਤਾ ਜਾ ਸਕਦਾ। ਅਸੀਂ ਆਪਣੇ ਵਲੋਂ ਸੰਜੀਦਾ ਕੋਸ਼ਿਸ਼ਾਂ ਕੀਤੀਆਂ ਕਿ ਭਾਜਪਾ ਨਾਲ ਸਾਡਾ ਗਠਜੋੜ ਨਾ ਟੁੱਟੇ ਪਰ ਉਹ (ਭਾਜਪਾ) ਗਠਜੋੜ ਦੇ ਸਿਧਾਂਤਾਂ ਤੋਂ ਭਟਕ ਗਈ ਹੈ।

ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਸਾਡੀ ਪਾਰਟੀ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੀ ਜਨ ਚੇਤਨਾ ਪਾਰਟੀ ਨਾਲ ਹੱਥ ਮਿਲਾ ਰਹੀ ਹੈ। ਬਿਸ਼ਨੋਈ ਨੇ ਦੋਸ਼ ਲਗਾਇਆ ਕਿ ਭਾਜਪਾ ਦਾ ਇਰਾਦਾ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰਕੇ ਉਨ੍ਹਾਂ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਹੁਣ ਕੋਈ ਮੋਦੀ ਲਹਿਰ ਨਹੀਂ ਹੈ ਅਤੇ ਲੋਕ ਸਭਾ ਚੋਣਾਂ ਵਿਚ ਹਾਲਾਤ ਬਿਲਕੁਲ ਵੱਖਰੇ ਸਨ ਤੇ ਹੁਣ ਵਿਧਾਨ ਸਭਾ ਚੋਣਾਂ ਵਿਚ ਇਹ ਬਦਲ ਚੁੱਕੇ ਹਨ। ਓਧਰ ਭਾਜਪਾ ਨੇ ਕੁਲਦੀਪ ਬਿਸ਼ਨੋਈ ਵਲੋਂ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਹਜਕਾਂ ਨੇ ਸਾਡੀ ਅਣਦੇਖੀ ਕੀਤੀ ਹੈ। ਅਸੀਂ ਕਿਸੇ ਵੀ ਭਾਈਵਾਲ ਪਾਰਟੀ ਨਾਲ ਧੋਖਾ ਨਹੀਂ ਕਰਦੇ। ਨਵੀਂ ਦਿੱਲੀ ਵਿਖੇ ਭਾਜਪਾ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ

ਅਸੀਂ ਚਾਹੁੰਦੇ ਸੀ ਕਿ ਬਿਸ਼ਨੋਈ ਜ਼ਮੀਨੀ ਹਕੀਕਤਾਂ ਤੋਂ ਵਾਕਿਫ ਹੋਣ ਪਰ ਉਨ੍ਹਾਂ ਕਾਂਗਰਸ ਦੀ ਬੀ-ਟੀਮ ਬਣਦੇ ਹੋਏ ਸਾਡਾ ਸਾਥ ਛੱਡ ਦਿੱਤਾ। ਹਜਕਾਂ ਦੇ 6 ਵਿਧਾਇਕ ਸਨ ਪਰ ਬਿਸ਼ਨੋਈ ਨੂੰ ਛੱਡ ਕੇ ਸਾਰੇ ਹੀ ਕਾਂਗਰਸ ਵਿਚ ਸ਼ਾਮਲ ਹੋ ਗਏ। ਬਿਸ਼ਨੋਈ ਦੀ ਹਾਲਤ ਤਾਂ ਫੌਜ ਤੋਂ ਬਿਨ੍ਹਾਂ ਜਰਨੈਲ ਵਰਗੀ ਹੈ। ਦੱਸਣਯੋਗ ਹੈ ਕਿ ਭਾਜਪਾ ਵੀ ਲੋਕ ਸਭਾ ਚੋਣਾਂ ਵਿਚ ਮਿਲੀ ਸਫਲਤਾ ਤੋਂ ਬਾਅਦ ਲਗਾਤਾਰ ਸੰਕੇਤ ਦੇ ਰਹੀ ਸੀ ਕਿ ਉਹ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ। ਉਸਨੇ ਕੁਲਦੀਪ ਬਿਸ਼ਨੋਈ ਨੂੰ ਫੌਜ ਤੋਂ ਰਹਿਤ ਜਰਨੈਲ ਤਕ ਕਹਿੰਦਿਆਂ ਦੋਸ਼ ਲਗਾਇਆ ਸੀ ਕਿ ਉਸਨੂੰ ਮੁੱਖ ਮੰਤਰੀ ਬਣਨ ਦਾ ਬੁਖਾਰ ਚੜਿ੍ਹਆ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਪਾਰਟੀਆਂ ਵਿਚ ਸੀਟਾਂ ਦੀ ਵੰਡ ਤੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨੂੰ ਲੈ ਕੇ ਸਹਿਮਤੀ ਨਹੀਂ ਸੀ। ਕਿਸੇ ਸਮੇਂ ਭਾਜਪਾ-ਹਜਕਾਂ ਗਠਜੋੜ ਨੂੰ ਨਾ ਟੁੱਟਣਯੋਗ ਮੰਨਿਆ ਜਾਂਦਾ ਸੀ ਪਰ ਲੋਕ ਸਭ ਚੋਣਾਂ ਵਿਚ ਹਜਕਾਂ ਆਪਣੇ ਹਿੱਸੇ ਆਈਆਂ ਦੋਵੇਂ ਸੀਟਾਂ ਹਾਰ ਗਈ ਸੀ ਜਦਕਿ ਭਾਜਪਾ ਨੇ ਆਪਣੇ ਹਿੱਸੇ ਆਈਆਂ 8 ਵਿਚੋਂ 7 ਸੀਟਾਂ ਜਿੱਤ ਲਈਆਂ ਸਨ।

ਕੁਲਦੀਪ ਬਿਸ਼ਨੋਈ ਵਲੋਂ ਭਾਜਪਾ ਨਾਲ ਗਠਜੋੜ ਤੋੜਨ ਦੇ ਐਲਾਨ ਤੋਂ ਥੋੜ੍ਹੀ ਦੇਰ ਬਾਅਦ ਭਾਜਪਾ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕੁਲਦੀਪ ਬਿਸ਼ਨੋਈ ਵਲੋਂ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣ ਦਾ ਮੌਜੂ ਉਡਾਉਂਦਿਆਂ ਕਿਹਾ ਕਿ ਹਜਕਾਂ ਆਗੂ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਮਦਦ ਕਰ ਰਿਹਾ ਹੈ। ਹਰਿਆਣਾ ਦੇ ਲੋਕ ਭਾਜਪਾ ਦੀ ਸਰਕਾਰ ਬਣਾਉਣ ਦਾ ਫੈਸਲਾ ਕਰ ਚੁੱਕੇ ਹਨ। ਭਾਜਪਾ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜੇਗੀ। ਹੁਸੈਨ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਰਿਸ਼ਤਿਆਂ ਵਿਚ ਉਦੋਂ ਹੀ ਕੁੜੱਤਣ ਆ ਗਈ ਸੀ ਜਦ ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਵਿਨੋਦ ਸ਼ਰਮਾ ਨੂੰ ਉਮੀਦਵਾਰ ਵਜੋਂ ਉਤਾਰਨ ਦੇ ਬਿਸ਼ਨੋਈ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਬਿਸ਼ਨੋਈ ਨੂੰ ਤਾਂ 2 ਸੀਟਾਂ ‘ਤੇ ਖੜ੍ਹੇ ਕਰਨ ਲਈ ਉਮੀਦਵਾਰ ਹੀ ਨਹੀਂ ਲੱਭ ਰਹੇ ਸਨ। ਹੁਣ ਵਿਧਾਨ ਸਭਾ ਚੋਣਾਂ ਲੜਨ ਲਈ ਉਹ ਕਿੱਥੋਂ ਉਮੀਦਵਾਰ ਲਿਆਉਣਗੇ।

ਮੁੱਖ ਮੰਤਰੀ ਦੇ ਉਮੀਦਵਾਰ ਬਿਸ਼ਨੋਈ ਹੋਣਗੇ

ਓਧਰ ਜਨ ਚੇਤਨਾ ਪਾਰਟੀ ਦੇ ਮੁਖੀ ਵਿਨੋਦ ਸ਼ਰਮਾ ਨੇ ਸਪਸ਼ਟ ਕੀਤਾ ਕਿ ਨਵੇਂ ਗਠਜੋੜ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਹੀ ਹੋਣਗੇ ਤੇ ਅਤੇ ਜੇਕਰ ਲੋਕਾਂ ਨੇ ਸਾਡੇ ‘ਤੇ ਭਰੋਸਾ ਪ੍ਰਗਟਾਇਆ ਤਾਂ ਸਾਡੀ ਸਰਕਾਰ ਪੂਰੇ 5 ਸਾਲ ਚੱਲੇਗੀ।

Widgetized Section

Go to Admin » appearance » Widgets » and move a widget into Advertise Widget Zone