Last UPDATE: August 27, 2014 at 7:48 pm

ਸੜਕ ਹਾਦਸੇ ‘ਚ ਬੀਬੀਏ ਦੇ ਦੋ ਵਿਦਿਆਰਥੀ ਹਲਾਕ

ਦੋ ਸਕੇ ਭਰਾ ਗੰਭੀਰ ਜ਼ਖ਼ਮੀ; ਕੁਰਾਲੀ-ਮੋਰਿੰਡਾ ਟੀ-ਪੁਆਇੰਟ ਨੇੜੇ ਵਾਪਰਿਆ ਹਾਦਸਾ

ਹਾਦਸਾਗ੍ਰਸਤ ਸਵਿਫਟ ਕਾਰ ਜਿਸ 'ਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ।

ਸੰਜੀਵ ਤੇਜਪਾਲ
ਮੋਰਿੰਡਾ, 27 ਅਗਸਤ
ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ‘ਚ ਪੜ੍ਹਦੇ ਦੋ ਵਿਦਿਆਰਥੀਆਂ  ਦੀ ਇੱਥੇ ਇਕ ਸੜਕ ਹਾਦਸੇ  ਵਿੱਚ ਮੌਤ ਹੋ ਗਈ ਅਤੇ ਇਸੇ ਹਾਦਸੇ  ਵਿੱਚ ਦੋ ਸਕੇ ਭਰਾ ਜ਼ਖ਼ਮੀ ਹੋ ਗਏ।
ਕੁਰਾਲੀ ਵਾਸੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀ.ਬੀ.ਏ. ਅਤੇ ਬੀ.ਸੀ.ਏ. ਦੀ ਪੜ੍ਹਾਈ ਕਰਕੇ ਇਹ ਚਾਰੋਂ ਵਿਦਿਆਰਥੀ ਆਪਣੀ ਸਵਿਫ਼ਟ ਕਾਰ (ਪੀ ਬੀ 65 ਯੂ 8715) ਰਾਹੀਂ ਕੁਰਾਲੀ ਤੋਂ ਮੋਰਿੰਡਾ ਪਾਸਿਓਂ ਯੂਨੀਵਰਸਿਟੀ ਘੜੂੰਆਂ ਜਾ ਰਹੇ ਸਨ। ਜਦੋਂ ਇਨ੍ਹਾਂ ਦੀ ਕਾਰ ਕੁਰਾਲੀ-ਮੋਰਿੰਡਾ ਟੀ-ਪੁਆਇੰਟ ਤੋਂ ਚੰਡੀਗੜ੍ਹ ਵੱਲ ਨੂੰ ਥੋੜ੍ਹਾ ਅੱਗੇ ਗਈ ਤਾਂ ਕਿਸੇ ਅਣਪਛਾਤੇ ਵਾਹਨ ਨੇ ਓਵਰਟੇਕ ਕਰਦੇ ਸਮੇਂ ਉਨ੍ਹਾਂ ਦੀ ਕਾਰ ਦੇ ਸਾਈਡ ਗਲਾਸ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਵਿਦਿਆਰਥੀਆਂ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਨਾਲ ਖੜ੍ਹੇ ਸਫੈਦਿਆਂ  ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਦੇ ਅੱਗੇ ਬੈਠੇ ਪ੍ਰਭਜੋਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਵਾਰਡ ਨੰਬਰ 6 ਕੁਰਾਲੀ ਅਤੇ ਨਵਰੀਤ ਸਿੰਘ ਪੁੱਤਰ ਹਰਦੀਸ਼ ਸਿੰਘ ਵਾਸੀ ਵਾਰਡ ਨੰਬਰ 11 ਕੁਰਾਲੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਇਸ ਕਾਰ ਦੇ ਪਿੱਛੇ ਬੈਠੇ ਦੋ ਸਕੇ  ਭਰਾ ਪ੍ਰਦੀਪ ਸਿੰਘ ਅਤੇ ਤਨਵੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਜੇਲ੍ਹ ਕਲੋਨੀ ਰੋਪੜ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਸ਼ਟ ਹੋ ਗਈ।
ਟਰੈਫਿਕ ਪੁਲੀਸ ਬੇਨੇਮੀਆਂ ਤੋਂ ਬੇਖ਼ਬਰ: ਇੱਥੇ ਦੱਸਣਯੋਗ ਹੈਕਿ ਮੋਰਿੰਡਾ-ਖਰੜ-ਸੜਕ ‘ਤੇ ਅਨੇਕਾਂ ਤਕਨੀਕੀ ਕਾਲਜ ਖੋੁਲ੍ਹੇ ਗਏ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਵਿਦਿਆਰਥੀ ਪੜ੍ਹ ਰਹੇ ਹਨ। ਇਸ ਸੜਕ ‘ਤੇ ਕਾਲਜ ਸ਼ੁਰੂ ਹੋਣ ਸਮੇਂ  ਅਤੇ ਬੰਦ ਹੋਣ ਸਮੇਂ ਸੈਂਕੜੇ ਵਿਦਿਆਰਥੀ ਦੋ-ਪਹੀਆ ਅਤੇ ਚਾਰ ਪਹੀਆ ਵਾਹਨਾਂ ‘ਤੇ ਚੱਲਦੇ ਹਨ। ਪਰ ਇਨ੍ਹਾਂ ਵਾਹਨਾਂ ਨੂੰ ਚੈੱਕ ਕਰਨ  ਲਈ ਕੋਈ ਟਰੈਫਿਕ ਕਰਮਚਾਰੀ ਨਜ਼ਰ ਨਹੀਂ ਆਉਂਦਾ, ਜਿਸ ਕਾਰਨ ਟਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਅਤੇ ਸੜਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿੱਚ ਅਨੇਕਾਂ  ਜਾਨਾਂ ਜਾ ਚੁੱਕੀਆਂ ਹਨ। ਰੋਜ਼ਾਨਾ ਵਾਪਰ ਰਹੇ ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਣ ਲਈ  ਨਾ ਤਾਂ ਇਹ ਵਿਦਿਅਕ ਅਦਾਰੇ ਅੱਗੇ ਆ ਰਹੇ ਹਨ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਕੋਈ ਕਦਮ ਚੁੱਕ ਰਿਹਾ ਹੈ।
ਬੇ.ਕੇ.ਯੂ. (ਰਾਜੇਵਾਲ) ਪੰਜਾਬ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਮੇਜਰ ਹਰਜੀਤ ਸਿੰਘ ਕੰਗ, ਕਰਨਲ ਮਲਕੀਅਤ ਸਿੰਘ ਕੰਗ ਆਦਿ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਰੋਜ਼ਾਨਾ ਵਾਪਰ ਰਹੇ ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਪ੍ਰਬੰਧ ਕਰਨ।

Widgetized Section

Go to Admin » appearance » Widgets » and move a widget into Advertise Widget Zone